ਏ.ਡੀ.ਸੀ. ਆਦਿਤਯ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਤੋਂ ਮਿਲ ਰਹੇ ਸਹਿਯੋਗ ਨੂੰ ਸਰਾਹਿਆ
ਸਿਹਤ ਵਿਭਾਗ ਦੀ 104 ਨੰਬਰ ਦੀ ਮੁਫਤ ਸੇਵਾ ਦਾ ਲਾਭ ਉਠਾਉਣ ਦਾ ਸੱਦਾ
ਵਧੀਕ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਫੇਸਬੁੱਕ ’ਤੇ ਹੋਏ ਲਾਈਵ
ਹਰਿੰਦਰ ਨਿੱਕਾ ਬਰਨਾਲਾ, 17 ਸਤੰਬਰ 2020
ਕਰੋਨਾ ਮਹਾਮਾਰੀ ਦੇ ਵਿਆਪਕ ਸੰਕਟ ਦੌਰਾਨ ਜ਼ਿਲ੍ਹਾ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਦਿੱਤੇ ਜਾ ਰਹੇ ਸਹਿਯੋਗ ਸਦਕਾ ਜ਼ਿਲ੍ਹੇ ਵਿਚ ਕਰੋਨਾ ਕੇਸਾਂ ਦੀ ਦਰ ਪਹਿਲਾਂ ਨਾਲੋਂ ਘਟ ਰਹੀ ਹੈ ਅਤੇ ਟੈਸਟਿੰਗ ਦਰ ਵਧ ਰਹੀ ਹੈ, ਜੋ ਬੇਹੱਦ ਤਸੱਲੀਯੋਗ ਹੈ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਹਫਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਬਰਨਾਲਾ ਦੇ ਬਾਸ਼ਿੰਦਿਆਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਅਸੀਂ ਛੇਤੀ ਹੀ ਕਰੋਨਾ ਵਿਰੁੱਧ ਮਿਸ਼ਨ ਫਤਿਹ ਕਰ ਲਵਾਂਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਹ ਬਿਲਕੁਲ ਗਲਤ ਧਾਰਨਾ ਹੈ ਕਿ ਹਰ ਕਰੋਨਾ ਪਾਜ਼ੇਟਿਵ ਮਰੀਜ਼ ਨੂੰ ਸਰਕਾਰੀ ਫੈਸਿਲਟੀ ਵਿਚ ਦਾਖਲ ਕੀਤਾ ਜਾਂਦਾ ਹੈ। ਜੇਕਰ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੈ ਜਾਂ ਬਹੁਤ ਘੱਟ ਲੱਛਣ ਹਨ ਤਾਂ ਉਸ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਂਦੇ ਸਮੇਂ ਵਿਚ ਵੱਖ ਵੱਖ ਜਨਤਕ ਥਾਵਾਂ ’ਤੇ ਕਰੋਨਾ ਟੈਸਟਿੰਗ ਕੈਂਪ ਲਾਏ ਜਾਣਗੇ ਤਾਂ ਜੋ ਕਰੋਨਾ ਟੈਸਟ ਕਰਾਉਣ ਲਈ ਹਸਪਤਾਲ ਨਾ ਜਾਣਾ ਪਵੇ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ 17 ਸਤੰਬਰ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਚ ਹੁਣ ਤੱਕ 1126 ਵਿਅਕਤੀ ਕਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਹੁਣ ਤੱਕ 25,779 ਵਿਅਕਤੀਆਂ ਦੀ ਸੈਂਪÇਲੰਗ ਹੋ ਚੁੱਕੀ ਹੈ। ਹੁਣ ਤੱਕ 34 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿਚ ਇਸ ਵੇਲੇ ਐਕਟਿਵ ਕੇਸ 399 ਹਨ। ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ 39 ਕੇਸ ਨਵੇਂ ਆਏ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦੀ ਮੈਡੀਕਲ ਹੈਲਪਲਾਈਨ ਵੱਲੋਂ ਅਜਿਹੇ ਮਰੀਜ਼ਾਂ ਨੂੰ ਰੋਜ਼ਾਨਾ ਕਾਲ ਕੀਤੀ ਜਾਂਦਾ ਹੈ ਅਤੇ ਸਿਹਤ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਮਰੀਜ਼ ਇਹ ਕਾਲ ਕੱਟਣ ਦੀ ਬਜਾਏ ਸਿਹਤ ਟੀਮ ਦੇ ਰਾਬਤੇ ’ਚ ਰਹਿਣ ਤਾਂ ਜੋ ਉਹ ਮੁਫਤ ਸਿਹਤ ਸੇਵਾ ਦਾ ਲਾਹਾ ਲੈ ਸਕਣ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਜੇਕਰ ਖੰਘ, ਜੁਕਾਮ, ਬੁਖਾਰ ਜਿਹੇ ਲੱਛਣ ਜਾਪਦੇ ਹਨ ਤਾਂ ਤੁਰੰਤ ਟੈਸਟ ਕਰਵਾਇਆ ਜਾਵੇ, ਇਸ ’ਚ ਕਿਸੇ ਕਿਸਮ ਦੀ ਦੇਰੀ ਨਾ ਕੀਤਾ ਜਾਵੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਧਨੌਲਾ ਵਿਚ ਜੇਕਰ ਪ੍ਰਿੰਟਡ ਰਿਪੋਰਟਾਂ ਲੈਣ ਦੀ ਦਿੱਕਤ ਆ ਰਹੀ ਹੈ ਤਾਂ ਇਹ ਸਮੱਸਿਆ ਭਲਕੇ ਦਰੁਸਤ ਕਰ ਦਿੱਤੀ ਜਾਵੇਗੀ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਇਹਤਿਆਤਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਤਾਂ ਜੋ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਜਾ ਸਕੇ।