4 ਔਰਤਾਂ ਸਣੇ 6 ਦੋਸ਼ੀ ਫੜ੍ਹੇ , 1 ਔਰਤ ਸਣੇ 5 ਛੱਡੇ ਵੀ,,
ਡੀਐਸਪੀ ਟਿਵਾਣਾ ਨੇ ਕਿਹਾ,ਪੂਰੇ ਮਾਮਲੇ ਤੇ ਪੈਣੀ ਨਜਰ, ਕਿਸੇ ਦੋਸ਼ੀ ਨੂੰ ਬਚ ਕੇ ਨਹੀਂ ਜਾਣ ਦਿਆਂਗੇ
ਹਰਿੰਦਰ ਨਿੱਕਾ ਬਰਨਾਲਾ 18 ਸਤੰਬਰ 2020
ਸ਼ਹਿਰ ਦੇ ਪੱਤੀ ਰੋਡ ਖੇਤਰ ਦੀ ਪਿਆਰਾ ਕਲੋਨੀ ਅੰਦਰ ਛਿੰਦਰ ਕੌਰ ਦੀ ਕੋਠੀ ,ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੋਂ ਪਰਦੇ ਉਹਲੇ ਹੋਈਆਂ ਗਿਰਫਤਾਰੀਆ ਦਾ ਕੌੜਾ ਸੱਚ ਵੀ ਹੁਣ , ਹੌਲੀ ਹੌਲੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਪਾਰਟੀ ਨੇ ਜਿੱਥੇ ਅੱਡਾ ਚਲਾ ਰਹੀ ਭਿੰਦਰ ਕੌਰ ਤੇ ਧੰਦੇ ਲਈ ਪਹੁੰਚੀਆਂ ਤਿੰਨ ਹੋਰ ਔਰਤਾਂ ਨੂੰ ਦੋ ਗ੍ਰਾਹਕਾਂ ਸਮੇਤ ਗਿਰਫਤਾਰ ਕੀਤਾ ਗਿਆ, ਉੱਥੇ ਹੀ ਚਾਰ ਗ੍ਰਾਹਕਾਂ ਅਤੇ ਇੱਕ ਔਰਤ ਨੂੰ ਛੱਡ ਵੀ ਦਿੱਤਾ ਗਿਆ ਹੈ। ਇਸ ਦੀ ਚਰਚਾ ਪੂਰੇ ਸ਼ਹਿਰ ਵਿੱਚ ਹਰ ਕਿਸੇ ਦੀ ਜੁਬਾਨ ਤੇ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਦੋਸ਼ੀਆਂ ਨੂੰ ਫੜ੍ਹ ਕੇ ਛੱਡਣ ਦਾ ਮਾਮਲਾ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆ ਚੁੱਕਾ ਹੈ। ਗਿਰਫਤਾਰੀਆਂ ਤੇ ਕੁਝ ਫੜ੍ਹੇ ਦੋਸ਼ੀਆਂ ਦੀ ਰਿਹਾਈ ਦਾ ਪਰਦੇ ਪਿੱਛੇ ਖੇਡੀ ਗਈ ਖੇਡ ਵੀ ਹੁਣ ਜੱਗ ਜਾਹਿਰ ਹੋ ਗਈ ਹੈ। ਪੁਲਿਸ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਅੱਡੇ ਤੋਂ ਫੜ੍ਹ ਕੇ ਛੱਡੇ ਦੋਸ਼ੀਆਂ ਦੀਆਂ ਖੁਫੀਆ ਰਿਪੋਰਟਾਂ ਹਾਸਿਲ ਕਰਕੇ ਉਨ੍ਹਾਂ ਦੀ ਪੈੜ ਲੱਭਣੀ ਵੀ ਸ਼ੁਰੂ ਕਰ ਦਿੱਤੀ ਹੈ। ਪੜਤਾਲ ਕਰਨ ਤੋਂ ਬਾਅਦ ਫੜ੍ਹ ਕੇ ਛੱਡੇ ਦੋਸ਼ੀਆ ਦੀ ਸੂਚੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਹੁਣ ਤੱਕ ਛੱਡੇ ਦੋਸ਼ੀਆਂ ਦੇ ਪੰਜ ਨਾਮ ਵੀ ਸਾਹਮਣੇ ਆ ਗਏ ਹਨ। ਜਿਨ੍ਹਾਂ ਵਿੱਚ ਚਾਰ ਪੁਰਸ਼ ਸ਼ਿੰਦਾ, ਕਾਲਾ, ਚੰਨੀ ਤੇ ਦੀਪਾ ਅਤੇ ਇੱਕ ਔਰਤ ਪੂਜਾ ਸ਼ਾਮਿਲ ਹੈ।
ਦੋਸ਼ੀਆਂ ਦੀ ਢਾਲ ਬਣ ਰਹੇ ਕਾਂਗਰਸੀ ਤੇ ਅਕਾਲੀ ਲੀਡਰ
ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਭਾਂਵੇ ਰਵਾਇਤੀ ਵਿਰੋਧੀਆਂ ਦੇ ਤੌਰ ਤੇ ਵਿਚਰ ਰਹੇ ਹਨ। ਪਰੰਤੂ ਦੇਹ ਵਪਾਰ ਦੇ ਅੱਡੇ ਤੋਂ ਫੜ੍ਹੇ ਕੁਝ ਦੋਸ਼ੀਆਂ ਨੂੰ ਬਚਾਉਣ ਲਈ ਸ਼ਹਿਰ ਦੇ ਦੋ ਲੀਡਰ ਉਨਾਂ ਦੀ ਢਾਲ ਬਣ ਰਹੇ ਹਨ। ਇੱਨ੍ਹਾਂ ਵਿੱਚ ਇੱਕ ਅਕਾਲੀ ਅਤੇ ਦੂਜਾ ਕਾਂਗਰਸੀ ਹੈ। ਅਕਾਲੀ ਆਗੂ ਇੱਕ ਦੋਸ਼ੀ ਨੂੰ ਬਚਾਉਣ ਲਈ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਤੱਕ ਆਪਣਾ ਰਸੂਖ ਵਰਤ ਰਿਹਾ ਹੈ। ਜਦੋਂ ਕਿ ਕਾਂਗਰਸੀ ਆਗੂ ਪੁਲਿਸ ਵਾਲਿਆਂ ਨਾਲ ਸੌਦਾ ਕਰਕੇ ਮਾਮਲੇ ਨੂੰ ਰਫਾ ਦਫਾ ਕਰਵਾਉਣ ਲਈ ਪੂਰਾ ਜੋਰ ਲਾ ਰਹੀ ਹੈ। ਇਸੇ ਕਾਂਗਰਸੀ ਆਗੂ ਨੇ ਅੱਡੇ ਤੋਂ ਫੜ੍ਹੀ ਔਰਤ ਪੂਜਾ ਨੂੰ ਛੁਡਾ ਵੀ ਦਿੱਤਾ ਹੈ। ਜਦੋਂ ਕਿ ਪੁਲਿਸ ਦੁਆਰਾ ਛੱਡੇ ਬਾਕੀ 4 ਪੁਰਸ਼ਾਂ ਨੇ ਆਪਣੇ ਬਚਾਅ ਲਈ ਚੰਨੀ ਰਾਹੀਂ ਗੱਲਬਾਤ ਸਿਰੇ ਚੜ੍ਹਾਈ ਦੱਸੀ ਜਾ ਰਹੀ ਹੈ। ਜਿਸ ਦੀ ਇੱਕ ਪੁਲਿਸ ਇੰਸਪੈਕਟਰ ਨਾਲ ਕਾਫੀ ਨਜਦੀਕੀ ਵੀ ਹੈ।
ਫਿਲਹਾਲ ਸਿਰੇ ਨਹੀਂ ਚੜ੍ਹ ਸਕੀ 9 ਲੱਖ ‘ਚ ਸੌਦੇ ਦੀ ਪੇਸ਼ਕਸ਼ !
ਭਰੋਸੇਯੋਗ ਸੂਤਰਾਂ ਅਨੁਸਾਰ ਅੱਡੇ ਤੋਂ ਫੜ੍ਹੀ ਇੱਕ ਔਰਤ ਨਾਲ ਕਾਂਗਰਸੀ ਆਗੂ ਨੇ ਥਾਣੇ ਅੰਦਰ ਇੱਕ ਪੁਲਿਸ ਅਧਿਕਾਰੀ ਦੀ ਹਾਜ਼ਰੀ ਵਿੱਚ 9 ਲੱਖ ਰੁਪਏ ਵਿੱਚ ਸਾਰਾ ਕੇਸ ਨਿਬੇੜਨ ਦੀ ਪੇਸ਼ਕਸ਼ ਕੀਤੀ। ਪਰੰਤੂ ਫੜ੍ਹੀ ਹੋਈ ਔਰਤ ਨੇ ਇੱਨ੍ਹੇ ਰੁਪਏ ਨਾ ਹੋਣ ਦਾ ਵਾਸਤਾ ਪਾਇਆ। ਕਾਂਗਰਸੀ ਆਗੂ ਨੇ ਵੀ ਪੂਰਾ ਹਿਸਾਬ ਕਿਤਾਬ ਪਹਿਲਾਂ ਹੀ ਲਾਇਆ ਹੋਇਆ ਸੀ। ਉਸ ਨੇ ਝੱਟ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਤੇਰੇ ਕੋਲ ਕਰੀਬ 6 ਲੱਖ ਰੁਪਏ ਤਾਂ ਆਉਣਾ ਹੀ ਹੈ। ਬਾਕੀ ਸਿਰਫ 3 ਲੱਖ ਦਾ ਜੁਗਾੜ ਤੁਸੀਂ ਸਾਰੇ ਦੋਸ਼ੀ ਮਿਲ ਕੇ ਅਸਾਨੀ ਨਾਲ ਕਰ ਸਕਦੇ ਹੋ। ਪਰ ਸੌਦਾ ਜਿਆਦਾ ਮਹਿੰਗਾ ਹੋਣ ਕਾਰਣ ਗੱਲ ਸਿਰੇ ਨਹੀਂ ਚੜ੍ਹ ਸਕੀ। ਆਖਿਰ ਸੌਦੇ ਦਾ ਪੂਰਾ ਸੱਚ ਕੀ ਹੈ, ਇਹ ਤਾਂ ਹਾਲੇ ਸਮੇਂ ਦੇ ਗਰਭ ‘ਚ ਪਲ ਰਿਹਾ ਸਵਾਲ ਹੈ।
ਪੂਰੇ ਮਾਮਲੇ ਤੇ ਪੈਣੀ ਨਜ਼ਰ, ਸਭ ਫੜ੍ਹੇ ਜਾਣਗੇ,,
ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਨੇ ਕੁਝ ਦੋਸ਼ੀਆਂ ਨੂੰ ਫੜ੍ਹ ਕੇ ਛੱਡੇ ਜਾਣ ਦੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਪੂਰੇ ਘਟਨਾਕ੍ਰਮ ਅਤੇ ਮਾਮਲੇ ਤੇ ਪੈਣੀ ਨਜ਼ਰ ਰੱਖੀ ਹੋਈ ਹੈ। ਸ਼ਹਿਰ ‘ਚ ਚੱਲ ਰਹੀਆਂ ਚਰਚਾਵਾਂ ਦੀ ਖੁਫੀਆਂ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ। ਜੇਕਰ ਕਰ ਚੁੰਝ ਚਰਚਾ ਵਿੱਚ ਸਚਾਈ ਸਾਹਮਣੇ ਆਈ ਤਾਂ ਸਭ ਫੜ੍ਹੇ ਜਾਣਗੇ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਫਲੈਸ਼ਬੈਕ- ਦੋ ਦਿਨ ਪਹਿਲਾਂ ਛਾਪਾਮਾਰੀ ਦੌਰਾਨ ਪੁਲਿਸ ਪਾਰਟੀ ਨੇ ਪਿਆਰਾ ਕਲੋਨੀ ਦੀ ਇੱਕ ਕੋਠੀ ਵਿੱਚੋਂ ਅੱਡਾ ਚਾ ਰਹੀ ਛਿੰਦਰ ਕੌਰ ਅਤੇ ਉੱਥੇ ਧੰਦਾ ਕਰਦੀਆਂ ਔਰਤਾਂ ਮਨਦੀਪ ਕੌਰ ਚੁਹਾਨਕੇ, ਕਮਲਜੀਤ ਕੌਰ ਬਰਨਾਲਾ ਅਤੇ ਸਿਮਰਜੀਤ ਕੌਰ ਹੰਡਿਆਇਆ ਨੂੰ 2 ਗ੍ਰਾਹਕਾਂ ਅਵਤਾਰ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਚਮਕੌਰ ਸਿੰਘ ਭੋਤਨਾ ਸਮੇਤ ਗਿਰਫਤਾਰ ਕੀਤਾ ਗਿਆ ਸੀ।