ਆਖਿਰ ਦੋਸ਼ੀ ਚੜ੍ਹਿਆ ਪੁਲਿਸ ਦੇ ਹੱਥੇ, ਅਦਾਲਤ ਨੇ ਪੁੱਛਗਿੱਛ ਲਈ ਦਿੱਤਾ 2 ਦਿਨ ਦਾ ਪੁਲਿਸ ਰਿਮਾਂਡ
ਵਿਆਹ ਲਈ ਦਬਾਅ ! 13 ਸਤੰਬਰ ਨੂੰ ਪੀੜਤਾ ਦੇ ਪਿਉ ਖਿਲਾਫ ਮੁਖਬਰ ਦੀ ਸੂਚਨਾ ਤੇ ਨਜਾਇਜ ਸ਼ਰਾਬ ਦਾ ਪਰਚਾ , 13 ਦੀ ਸ਼ਾਮ ਨੂੰ ਗੁਰੂਦੁਆਰਾ ਸਿੱਧਸਰ ਸਾਹਿਬ ‘ਚ ਕਰਵਾਏ ਆਨੰਦ ਕਾਰਜ਼ ਤੇ 13 ਨੂੰ ਹੀ ਕਚਿਹਰੀ ‘ਚ ਪੀੜਤਾ ਤੋਂ ਲਿਆ ਹਲਫੀਆ ਬਿਆਨ
ਹਰਿੰਦਰ ਨਿੱਕਾ ਬਰਨਾਲਾ 19 ਸਤੰਬਰ 2020
ਕੁਝ ਪੁਲਿਸ ਕਰਮਚਾਰੀਆਂ, ਸ਼ਰਾਬ ਮਾਫੀਆ ਅਤੇ ਗੁੰਡਾ ਗਠਜੋੜ ਦਾ ਇੱਕ ਘਿਨਾਉਣਾ ਚਿਹਰਾ 13 ਸਤੰਬਰ ਨੂੰ ਉਦੋਂ ਸਾਹਮਣੇ ਆਇਆ ਜਦੋਂ, ਇੱਕ ਪ੍ਰਾਈਵੇਟ ਫਾਇਨਾਂਸ ਬੈਂਕ ਦੀ ਮਹਿਲਾ ਮੁਲਾਜ਼ਮ ਨਾਲ ਗੈਂਗਰੇਪ ਦੇ ਦੋਸ਼ ਵਿੱਚ ਪੁਲਿਸ ਨੂੰ ਲੋੜੀਂਦੇ ਦੋਸ਼ੀ ਸਤਨਾਮ ਸਿੰਘ ਸੱਤੀ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਤਕੜਾ ਗੇਮ ਪਲਾਨ ਤਿਆਰ ਕਰਕੇ ਪੀੜਤਾ ਨੂੰ ਆਨੰਦ ਕਾਰਜ਼ ਕਰਵਾਉਣ ਲਈ ਰਾਜੀ ਕਰ ਲਿਆ । ਪਰੰਤੂ ਇਹ ਸਭ ਹਥਕੰਡੇ ਅਪਣਾ ਲੈਣ ਦੇ ਬਾਵਜੂਦ ਵੀ ਦੋਸ਼ੀ ਪੁਲਿਸ ਦੀ ਗਿਰਫਤਾਰੀ ਤੋਂ ਬਚ ਨਹੀਂ ਸਕਿਆ । ਗੈਂਗਰੇਪ ਕੇਸ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਦੋਸ਼ੀ ਸਤਨਾਮ ਸਿੰਘ ਸੱਤੀ ਨੂੰ ਗਿਰਫਤਾਰ ਕਰ ਲਿਆ। ਜਿਸ ਨੂੰ 18 ਸਤੰਬਰ ਨੂੰ ਮਾਨਯੋਗ ਵਿਜੇ ਸਿੰਘ ਡਡਵਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਫਤੀਸ਼ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਤੋਂ ਅਸ਼ਲੀਲ ਵੀਡੀਉ ਤਿਆਰ ਕਰਨ ਵਾਲਾ ਮੋਬਾਇਲ ਅਤੇ ਪੀੜਤਾ ਨੂੰ ਬਲੈਕਮੇਲ ਕਰਕੇ ਲਿਆ 3 ਲੱਖ ਰੁਪਏ ਬਰਾਮਦ ਕਰਵਾਉਣਾ ਹੈ। ਇਸ ਲਈ ਦੋਸ਼ੀ ਦਾ ਪੁਲਿਸ ਰਿਮਾਂਡ ਬੇਹੱਦ ਜਰੂਰੀ ਹੈ। ਮਾਨਯੋਗ ਅਦਾਲਤ ਨੇ ਤਫਤੀਸ਼ੀ ਅਫਸਰ ਦੀ ਡਿਮਾਂਡ ਤੇ ਪੁੱਛਗਿੱਛ ਲਈ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।
ਕਿਵੇਂ ਸਿਰੇ ਚੜ੍ਹੀਆਂ ਆਨੰਦ ਕਾਰਜ ਦੀਆਂ ਰਸਮਾਂ
ਵਰਨਣਯੋਗ ਹੈ ਕਿ ਗੈਂਗਰੇਪ ਪੀੜਤਾ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਸਤਨਾਮ ਸਿੰਘ ਸੱਤੀ ਅਤੇ ਹੈਪੀ ਕਿਸ਼ਨਗੜ੍ਹ ਦੇ ਖਿਲਾਫ ਥਾਣਾ ਸਿਟੀ ਬਰਨਾਲਾ ਵਿਖੇ ਐਫ.ਆਈ.ਆਰ. ਨੰਬਰ-385 ਅਧੀਨ ਜੁਰਮ 376 ਡੀ, 450, 384, 506 ਆਈ.ਪੀ.ਸੀ. ਦਰਜ ਹੋਈ ਸੀ । ਜਿਸ ਤੋਂ ਬਾਅਦ ਸਤਨਾਮ ਸਿੰਘ ਸੱਤੀ ਦੇ ਪਰਿਵਾਰ ਅਤੇ ਉਸ ਦੇ ਕੁੱਝ ਦੋਸਤਾਂ ਦੁਆਰਾ ਨਾਮਜਦ ਦੋਸ਼ੀ ਸੱਤੀ ਦਾ ਪੀੜਤਾ ਨਾਲ ਵਿਆਹ ਕਰਕੇ ਗੈਂਗਰੇਪ ਦਾ ਕੇਸ ਰੱਦ ਕਰਵਾਉਣ ਦਾ ਫਾਰਮੂਲਾ ਤਿਆਰ ਕੀਤਾ ਗਿਆ। ਪਰੰਤੂ ਸੱਤੀ ਦੇ ਪਰਿਵਾਰ ਦੁਆਰਾ ਪੀੜਤਾ ਨੂੰ ਬਤੌਰ ਨੂੰਹ ਆਪਣੇ ਘਰ ਅਬਾਦ ਕਰਨ ਤੋਂ ਕੋਰਾ ਜੁਆਬ ਦੇਣ ਕਾਰਣ ਮਾਮਲਾ ਕਈ ਦਿਨ ਲਟਕ ਗਿਆ। ਆਖਿਰ 13 ਸਤੰਬਰ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਨਾਟਕੀ ਅੰਦਾਜ ਵਿੱਚ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਗਈਆਂ।
ਵਿਆਹ ਤੋਂ ਪਹਿਲਾਂ ਪੀੜਤਾ ਦੇ ਪਿਉ ਨੂੰ ਕੀਤਾ ਗਿਰਫਤਾਰ
ਇੱਕ ਪਾਸੇ 13 ਸਤੰਬਰ ਨੂੰ ਪੀੜਤਾ ਦੇ ਪਿਉ ਨੂੰ ਥਾਣਾ ਸਿਟੀ 2 ਦੀ ਪੁਲਿਸ ਨੇ ਘਰੋਂ ਚੁੱਕ ਲਿਆ। ਸੱਤੀ ਦੀ ਜਮਾਨਤ ਲਈ 13 ਸਤੰਬਰ ਨੂੰ ਹੀ ਪੀੜਤਾ ਨੂੰ ਕਚਿਹਰੀ ਵਿੱਚ ਲਿਜਾ ਕੇ 50 ਰੁਪਏ ਦਾ ਇੱਕ ਅਸ਼ਟਾਮ ਸੀਰੀਅਲ ਨੰਬਰ 1433 ਅਸ਼ਟਾਮ ਨੰਬਰ 114307 ਖਰੀਦ ਕਰਵਾ ਕੇ ਆਪਣੇ ਹੱਕ ਵਿੱਚ ਤਿਆਰ ਕਰਵਾ ਲਿਆ ਗਿਆ । ਉੱਧਰ 13 ਸਤੰਬਰ ਦੀ ਸ਼ਾਮ ਨੂੰ ਹੀ ਕਰੀਬ 5 ਵਜੇ ਦੋਸ਼ੀ ਸੱਤੀ ਅਤੇ ਪੀੜਤਾ ਦੇ ਆਨੰਦ ਕਾਰਜ ਦੀਆਂ ਰਸਮਾਂ ਚੁੱਪ-ਚਾਪ ਗੁਰੂਦੁਆਰਾ ਸਿੱਧਸਰ ਸਾਹਿਬ ,ਰੰਗੀਆਂ ਵਾਲੇ ਕੋਠੇ, ਸੇਖਾ ਰੋਡ ਬਰਨਾਲਾ ਵਿਖੇ ਪੂਰੀਆਂ ਕਰ ਦਿੱਤੀਆਂ ਗਈਆਂ। ਗੁਰੂ ਘਰ ਦੇ ਭਾਈ ਜੀ ਨੇ ਵੀ ਪੀੜਤਾ ਅਤੇ ਦੋਸ਼ੀ ਦੇ ਮਾਪਿਆਂ ਦੀ ਗੈਰਹਾਜਰੀ ਵਿੱਚ ਹੀ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਕਰਨ ਵਿੱਚ ਕੋਈ ਝਿਜਕ ਨਹੀਂ ਦਿਖਾਈ। ਆਨੰਦ ਕਾਰਜ ਹੋਣ ਤੋਂ ਬਾਅਦ ਹੀ ਪੁਲਿਸ ਨੇ ਪੀੜਤਾ ਦੇ ਪਿਉ ਨੂੰ ਰਿਹਾ ਕੀਤਾ ।
ਪੁਲਿਸ ਨੇ ਪੀੜਤਾ ਦੇ ਪਿਉ ਨੂੰ ਰਿਹਾ ਕਰਨ ਲਈ ਲਏ 18 ਹਜ਼ਾਰ ਰੁਪੱਏ !
ਜਿਕਰਯੋਗ ਹੈ ਕਿ ਪੀੜਤਾ ਦੇ ਪਿਉ ਖਿਲਾਫ ਮੁਖਬਰ ਦੀ ਸੂਚਨਾ ਦੇ ਅਧਾਰ ਤੇ 13 ਸਤੰਬਰ ਨੂੰ ਹੀ ਹਰਿਆਣਾ ਸ਼ਰਾਬ ਦੀਆਂ 12 ਬੋਤਲਾਂ ਦਾ ਕੇਸ ਦਰਜ਼ ਕੀਤਾ ਗਿਆ। ਪੀੜਤ ਪਰਿਵਾਰ ਅਨੁਸਾਰ ਪੁਲਿਸ ਨੇ ਪੀੜਤਾ ਦੇ ਪਿਉ ਨੂੰ ਥਾਣੇ ਤੋਂ ਛੱਡਣ ਦੇ ਨਾਮ ਤੇ 8 ਹਜ਼ਾਰ ਰੁਪਏ ਅਤੇ ਉਸ ਦੇ ਭਰਾ ਖਿਲਾਫ ਡਰੱਗ ਦਾ ਕੇਸ ਦਰਜ਼ ਨਾ ਕਰਨ ਦੇ ਨਾਮ ਤੇ 10 ਹਜ਼ਾਰ ਰੁਪਏ ਵੀ ਲੈ ਲਏ, ਯਾਨੀ ਕੁੱਲ 18 ਹਜ਼ਾਰ ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲਏ ਗਏ । 15 ਸਤੰਬਰ ਨੂੰ ਮੀਡੀਆ ਵਿੱਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਪੀੜਤਾ ਦੇ ਪਿਉ ਖਿਲਾਫ ਪੁਲਿਸ ਨੇ 12 ਬੋਤਲਾਂ ਹਰਿਆਣਾ ਸ਼ਰਾਬ ਦਾ ਨਜਾਇਜ ਕੇਸ ਵੀ ਦਰਜ਼ ਕਰ ਦਿੱਤਾ ਹੈ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਇਸ ਘਟਨਾਕ੍ਰਮ ਸਬੰਧੀ ਪੁੱਛਣ ਤੇ ਕਿਹਾ ਕਿ ਹਾਲੇ ਤੱਕ ਉਨਾਂ ਕੋਲ ਪੀੜਤਾ ਦੀ ਕੋਈ ਸ਼ਕਾਇਤ ਨਹੀਂ ਆਈ। ਸ਼ਕਾਇਤ ਮਿਲਣ ਤੋਂ ਬਾਅਦ ਪੜਤਾਲ ਉਪਰੰਤ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਹਰਿਆਣਾ ਸ਼ਰਾਬ ਬਰਾਮਦ ਹੋਣ ਤੇ ਕਿਸੇ ਵੀ ਦੋਸ਼ੀ ਨੂੰ ਜਮਾਨਤ ਤੇ ਥਾਣੇ ‘ਚੋਂ ਰਿਹਾ ਨਹੀਂ ਕੀਤਾ ਜਾ ਸਕਦਾ। ਅਜਿਹਾ ਕਿਉਂ ਹੋਇਆ, ਉਹ ਮਾਮਲੇ ਦੀ ਪੜਤਾਲ ਕਰਨਗੇ।
-ਕਦੋਂ ਕੀ ਹੋਇਆ,,,,
ਪੀੜਤਾ ਵੱਲੋਂ ਗੈਂਗਰੇਪ ਸਬੰਧੀ ਦਰਜ਼ ਕਰਵਾਈ ਰਿਪੋਰਟ ਅਨੁਸਾਰ 17 ਜੁਲਾਈ 2020 ਦੀ ਰਾਤ ਉਹ ਆਪਣੇ ਪਿਤਾ ਸਮੇਤ ਘਰ ‘ਚ ਇਕੱਲੀ ਹੀ ਸੀ। ਅੱਧੀ ਰਾਤ ਕਰੀਬ 12 ਕੁ ਵਜੇ ਦਾ ਵਖਤ ਹੋਵੇਗਾ, ਤਾਂ ਸੇਖਾ ਰੋਡ ਦੀ ਗਲੀ ਨੰਬਰ-12 ਦੇ ਰਹਿਣ ਵਾਲੇ ਸਤਨਾਮ ਸਿੰਘ ਸੱਤੀ ਨੇ ਉਸ ਨੂੰ ਫੋਨ ਕੀਤਾ ਕਿ ਉਹ ਗੇਟ ਖੋਲ੍ਹ ਦੇਵੇ, ਨਹੀਂ ਉਹ ਕੰਧ ਟੱਪ ਕੇ ਘਰ ਅੰਦਰ ਦਾਖਿਲ ਹੋ ਜਾਣਗੇ। ਪੀੜਤਾ ਅਨੁਸਾਰ ਉਸ ਦਾ ਪਿਤਾ ਘਰ ਦੇ ਦੂਸਰੇ ਕਮਰੇ ਚ, ਪਿਆ ਸੀ। ਜਦੋਂ ਉਸ ਨੇ ਗੇਟ ਖੋਲ੍ਹਿਆ ਤਾਂ ਸਤਨਾਮ ਸਿੰਘ ਸੱਤੀ ਅਤੇ ਹੈਪੀ ਸਿੰਘ ਕਿਸ਼ਨਗੜ ਘਰ ਅੰਦਰ ਦਾਖਿਲ ਹੋ ਗਏ। ਦੋਵਾਂ ਨੇ ਉਸ ਨੂੰ ਜਬਰਦਸਤੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ । ਦੋਸ਼ੀਆਂ ਨੇ ਰੌਲਾ ਪਾਉਣ ਤੋਂ ਰੋਕਣ ਲਈ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਦੋਵਾਂ ਦੋਸ਼ੀਆਂ ਨੇ ਉਸਦੀਆਂ ਅਸ਼ਲੀਲ ਹਾਲਤ ‘ਚ ਫੋਟੋਆਂ ਵੀ ਖਿੱਚ ਲਈਆਂ । ਡਰ ਕਾਰਣ ਉਹ ਉਸ ਸਮੇਂ ਚੁੱਪ ਹੀ ਰਹੀ। ਬਾਅਦ ਵਿੱਚ ਦੋਵਾਂ ਨਾਮਜਦ ਦੋਸ਼ੀਆਂ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਕਰਨ ਦਾ ਭੈਅ ਦਿਖਾ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਦੋਸ਼ੀਆਂ ਨੇ ਉਸ ਨੂੰ ਬਲੈਕਮੇਲ ਕਰਕੇ ਹੁਣ ਤੱਕ ਕਰੀਬ 3 ਲੱਖ ਰੁਪਏ ਵੀ ਲੈ ਲਏ ਹਨ ।
ਐਸ.ਐਸ.ਪੀ. ਨੂੰ ਦਿੱਤੀ ਦੁਰਖਾਸਤ ਨਿਚਲੇ ਕਰਮਚਾਰੀਆਂ ਨੇ ਕਰ ਦਿੱਤੀ ਸੀ ਖੁਰਦ-ਬੁਰਦ
ਪੀੜਤਾ ਨੇ ਦੱਸਿਆ ਕਿ 21 ਅਗਸਤ ਨੂੰ ਉਸ ਨੇ ਐਸ. ਐਸ.ਪੀ. ਦਫਤਰ ਚ, ਪੇਸ਼ ਹੋ ਕੇ ਇੱਕ ਦੁਰਖਾਸਤ ਸਤਨਾਮ ਸਿੰਘ ਸੱਤੀ, ਹੈਪੀ ਕਿਸ਼ਨਗੜ੍ਹ ਅਤੇ ਪੁਲਿਸ ਕਰਮਚਾਰੀ ਗੁਰਵਿੰਦਰ ਕੌਰ ਦੇ ਖਿਲਾਫ ਕਾਨੂੰਨੀ ਕਾਰਵਾਈ ਲਈ ਦਿੱਤੀ ਸੀ। ਪਰੰਤੂ ਨਿਚਲੇ ਕਰਮਚਾਰੀਆਂ ਨੇ ਇਹ ਦੁਰਖਾਸਤ ਹੀ ਖੁਰਦ ਬੁਰਦ ਕਰ ਦਿੱਤੀ ਸੀ। ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਧਿਕਾਰੀਆਂ ਦੇ ਦਰਾਂ ਤੇ ਭਟਕਦੀ ਪੀੜਤਾ ਦਾ ਮਾਮਲਾ ‘’ ਬਰਨਾਲਾ ਟੂਡੇ ’’ ਨੇ ਪ੍ਰਮੁੱਖਤਾ ਨਾਲ ਨਸ਼ਰ ਕਰਕੇ ਅਧਿਕਾਰੀਆਂ ਤੱਕ ਪੀੜਤਾ ਦੀ ਅਵਾਜ ਪਹੁੰਚਾਈ। ਜਿਸ ਤੋਂ ਬਾਅਦ ਹੀ ਪੁਲਿਸ ਨੇ ਦੁਰਖਾਸਤ ਨੂੰ ਦਰਕਿਨਾਰ ਕਰਦੇ ਹੋਏ ਨਵਾਂ ਬਿਆਨ ਲਿਖ ਕੇ ਪੀੜਤਾ ਦੀ ਦੁਰਖਾਸਤ ‘ਚ ਸ਼ਾਮਿਲ ਤਿੰਨ ਦੋਸ਼ੀਆਂ ਵਿੱਚੋਂ 2 ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਸੀ। ਇੱਕ ਨਾਮਜ਼ਦ ਦੋਸ਼ੀ ਹੈਪੀ ਕਿਸ਼ਨਗੜ ਨੂੰ ਪੁਲਿਸ ਨੇ ਕੇਸ ਦਰਜ਼ ਕਰਨ ਸਮੇਂ ਗਿਰਫਤਾਰ ਕਰ ਲਿਆ ਸੀ। ਜਿਹੜਾ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਬੰਦ ਹੈ।
ਸ਼ਰਾਬ ਸਮਗਲਰ ਹਨ, ਦੋਵੇਂ ਨਾਮਜ਼ਦ ਦੋਸ਼ੀ
ਵਰਨਣਯੋਗ ਹੈ ਕਿ ਪੁਲਿਸ ਰਿਕਾਰਡ ਅਨੁਸਾਰ ਗੈਂਗਰੇਪ ਦੇ ਕੇਸ ‘ਚ ਨਾਮਜ਼ਦ ਦੋਸ਼ੀ ਸਤਨਾਮ ਸਿੰਘ ਸੱਤੀ ਅਤੇ ਹੈਪੀ ਕਿਸ਼ਨਗੜ ਸ਼ਰਾਬ ਸਮਗਲਿੰਗ ਦਾ ਨਜਾਇਜ ਧੰਦਾ ਕਰਦੇ ਹਨ। ਦੋਵਾਂ ਦੋਸ਼ੀਆਂ ਖਿਲਾਫ ਚਾਲੂ ਸਾਲ ਦੌਰਾਨ ਵੀ ਥਾਣਾ ਤਪਾ ਵਿਖੇ ਆਬਕਾਰੀ ਐਕਟ ਦੇ ਤਹਿਤ ਐਫ.ਆਈ.ਆਰ. ਨੰਬਰ-70 ਦਰਜ਼ ਹੋਈ ਹੈ। ਮੁਖਬਰ ਦੀ ਸੂਚਨਾ ਦੇ ਅਧਾਰ ਤੇ ਦਰਜ਼ ਇਸ ਐਫਆਈਆਰ ‘ਚ ਕਿਹਾ ਗਿਆ ਹੈ ਕਿ ਦੋਵੇਂ ਵਿਅਕਤੀਆਂ ਨੇ ਸ਼ਰਾਬ ਸਮਗਲਿੰਗ ਲਈ ਇੱਕ ਗਿਰੋਹ ਬਣਾਇਆ ਹੋਇਆ ਹੈ। ਜਿਹੜੇ ਬਾਹਰੀ ਠੇਕਿਆਂ ਤੋਂ ਸਸਤੇ ਭਾਅ ਤੇ ਸ਼ਰਾਬ ਲਿਆ ਕੇ ਇਲਾਕੇ ਅੰਦਰ ਨਜਾਇਜ਼ ਸ਼ਰਾਬ ਦੀ ਸਪਲਾਈ ਕਰਦੇ ਹਨ। ਇਸ ਕੇਸ ‘ਚ ਦੋਵੇਂ ਨਾਮਜਦ ਦੋਸ਼ੀਆਂ ਨੂੰ ਅਦਾਲਤ ਤੋਂ ਜਮਾਨਤ ਮਿਲੀ ਹੋਈ ਹੈ।