https://youtu.be/4O980Pf1ncAਅੱਡੇ ਤੋਂ 2 ਗ੍ਰਾਹਕਾਂ ਸਣੇ ਫੜ੍ਹੀਆਂ ਧੰਦੇ ‘ਚ ਲੱਗੀਆਂ 4 ਔਰਤਾਂ
ਫੜ੍ਹੇ ਦੋਸ਼ੀਆਂ ‘ਚ ਇੱਕ ਮੁਲਾਜਮ ਵੀ ਸ਼ਾਮਿਲ, ਕੇਸ ਦਰਜ਼, ਤਫਤੀਸ਼ ਜਾਰੀ
ਹਰਿੰਦਰ ਨਿੱਕਾ ਬਰਨਾਲਾ 17 ਸਤੰਬਰ 2020
ਸ਼ਹਿਰ ਦੇ ਪੱਤੀ ਰੋਡ ਤੇ ਪੈਂਦੀ ਪਿਆਰਾ ਕਲੋਨੀ ਅੰਦਰ ਇੱਕ ਕੋਠੀ ‘ਚ ਕਾਫੀ ਅਰਸੇ ਤੋਂ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪਾ ਮਾਰ ਕੇ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਪਾਰਟੀ ਨੇ ਰੰਗਰਲੀਆਂ ਮਨਾ ਰਹੇ 2 ਗ੍ਰਾਹਕਾਂ ਸਣੇ 4 ਔਰਤਾਂ ਨੂੰ ਕਾਬੂ ਕੀਤਾ ਹੈ। ਅੱਡੇ ਤੋਂ ਗਿਰਫਤਾਰ 6 ਨਾਮਜ਼ਦ ਦੋਸ਼ੀਆਂ ਖਿਲਾਫ ਪੁਲਿਸ ਨੇ ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮੁਹੱਲਾ ਵਾਸੀਆਂ ਅਨੁਸਾਰ ਅੱਡਾ ਚਲਾ ਰਹੀ ਔਰਤ ਭਿੰਦਰ ਕੌਰ ਆਪਣੀ ਕੋਠੀ ਵਿੱਚ ਬਾਹਰੋਂ ਔਰਤਾਂ ਅਤੇ ਲੜਕੀਆਂ ਨੂੰ ਬੁਲਾ ਕੇ ਗ੍ਰਾਹਕਾਂ ਅੱਗੇ ਪਰੋਸਦੀ ਸੀ। ਘਟਨਾ ਸਬੰਧੀ ਇਤਲਾਹ ਮਿਲਦਿਆਂ ਹੀ ਏ.ਐਸ.ਆਈ. ਦਰਸ਼ਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਪੱਤੀ ਰੋਡ ਤੇ ਸਥਿਤ ਪਿਆਰਾ ਕਲੋਨੀ ‘ਚ ਭਿੰਦਰ ਕੌਰ ਬਰਨਾਲਾ ਦੀ ਕੋਠੀ ਤੇ ਛਾਪਾ ਮਾਰਿਆ ।
ਛਾਪਾਮਾਰੀ ਦੌਰਾਨ ਪੁਲਿਸ ਪਾਰਟੀ ਨੇ ਮੌਕੇ ਤੋਂ ਹੀ ਅੱਡਾ ਚਲਾ ਰਹੀ ਭਿੰਦਰ ਕੌਰ ਅਤੇ ਉੱਥੇ ਧੰਦਾ ਕਰਨ ਲਈ ਪਹੁੰਚੀਆਂ ਔਰਤਾਂ ਮਨਦੀਪ ਕੌਰ ਚੁਹਾਨਕੇ, ਕਮਲਜੀਤ ਕੌਰ ਬਰਨਾਲਾ ਅਤੇ ਸਿਮਰਜੀਤ ਕੌਰ ਹੰਡਿਆਇਆ ਨੂੰ 2 ਗ੍ਰਾਹਕਾਂ ਅਵਤਾਰ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਚਮਕੌਰ ਸਿੰਘ ਭੋਤਨਾ ਨੂੰ ਗਿਰਫਤਾਰ ਕਰ ਲਿਆ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ. ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੇਹ ਵਪਾਰ ਦੇ ਅੱਡੇ ਬਾਰੇ ਸੂਚਨਾ ਮਿਲਣ ਤੇ ਤੁਰੰਤ ਹੀ ਛਾਪਾ ਮਾਰ ਕੇ ਅੱਡਾ ਚਲਾ ਰਹੀ ਔਰਤ ਤੇ ਉੱਥੇ ਪਹੁੰਚੀਆਂ 3 ਹੋਰ ਔਰਤਾਂ ਨੂੰ 2 ਗ੍ਰਾਹਕਾਂ ਸਣੇ ਕਾਬੂ ਕਰ ਕੀਤਾ ਗਿਆ ਹੈ । ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੇ ਆਧਾਰ ਦੇ ਅੱਡੇ ਬਾਰੇ ਹੋਰ ਜਾਣਕਾਰੀ ਲੈ ਕੇ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ।
ਅੱਡੇ ਤੋਂ ਕਾਬੂ ਬੰਦਿਆਂ ‘ਚ ਇੱਕ ਸਰਕਾਰੀ ਮੁਲਾਜਮ ਵੀ ਸ਼ਾਮਿਲ
ਭਰੋਸੋਯੋਗ ਸੂਤਰਾਂ ਅਨੁਸਾਰ ਦੇਹ ਵਪਾਰ ਦੇ ਜੁਰਮ ‘ਚ ਗਿਰਫਤਾਰ ਇੱਕ ਦੋਸ਼ੀ ਸਰਕਾਰੀ ਮੁਲਾਜਮ ਵੀ ਦੱਸਿਆ ਜਾ ਰਿਹਾ ਹੈ। ਪਰੰਤੂ ਪੁਲਿਸ ਅਧਿਕਾਰੀ ਹਾਲੇ ਤਫਤੀਸ਼ ਜਾਰੀ ਹੋਣ ਦੀ ਗੱਲ ਕਹਿ ਕੇ ਨਾਮਜਦ ਦੋਸ਼ੀ ਸਰਕਾਰੀ ਮੁਲਾਜਮ ਦੀ ਪਹਿਚਾਣ ਦੱਸਣ ਤੋਂ ਟਾਲਾ ਵੱਟ ਰਹੇ ਹਨ। ਪਤਾ ਇਹ ਵੀ ਲੱਗਿਆ ਹੈ ਕਿ ਇੱਕ ਦਲਾਲ ਨੇ ਸਿਰਫ 1 ਔਰਤ ਤੇ 1 ਪੁਰਸ਼ ਖਿਲਾਫ ਕੇਸ ਦਰਜ਼ ਕਰਕੇ ਬਾਕੀਆਂ ਨੂੰ ਛੱਡਣ ਦੇ ਨਾਮ ਤੇ ਕਰੀਬ 50 ਹਜ਼ਾਰ ‘ਚ ਪੁਲਿਸ ਨਾਲ ਸੌਦਾ ਕਰਵਾਉਣ ਦਾ ਵੀ ਯਤਨ ਕੀਤਾ। ਪਰੰਤੂ ਇਹ ਭਿਣਕ ਮੀਡੀਆ ਦੇ ਕੰਨੀ ਪੈ ਜਾਣ ਤੋਂ ਬਾਅਦ ਦਲਾਲ ਨੇ ਆਪਣੇ ਪੈਰ ਪਿੱਛੇ ਮੋੜਨਾ ਹੀ ਬੇਹਤਰ ਸਮਝਿਆ। ਅਪੁਸ਼ਟ ਜਾਣਕਾਰੀ ਇਹ ਵੀ ਹੈ ਕਿ ਪੁਲਿਸ ਨੇ ਇੱਕ ਪ੍ਰੋਪਰਟੀ ਡੀਲਰ, ਇੱਕ ਹਰੇ ਦੀ ਟਾਲ ਵਾਲੇ ਅਤੇ ਇੱਕ ਹੋਰ ਔਰਤ ਨੂੰ ਵੀ ਹਿਰਾਸਤ ਚ, ਲਿਆ ਸੀ। ਪਰੰਤੂ ਬਾਅਦ ‘ਚ ਇਹ ਤਿੰਨੋਂ ਜਣਿਆਂ ਨੂੰ ਕਿਉਂ ਛੱਡ ਦਿੱਤਾ ਗਿਆ , ਇਸ ਸਬੰਧੀ ਤਰਾਂ ਤਰਾਂ ਦੀ ਚਰਚਾ ਚੱਲ ਰਹੀ ਹੈ ! ਉੱਧਰ ਐਸ.ਐਚ.ਉ. ਨੇ ਕਿਹਾ ਕਿ ਦੋਸ਼ੀਆਂ ਨਾਲ ਕਿਸੇ ਵੀ ਤਰਾਂ ਦੀ ਰਿਆਇਤ ਨਹੀਂ ਕੀਤੀ ਜਾਵੇਗੀ । ਉਨਾਂ ਕਿਹਾ ਕਿ ਤਫਤੀਸ਼ ਜਾਰੀ ਹੈ, ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।