ਪਾਰਲੀਮੈਂਟ ’ਚ ਆਰਡੀਨੈਂਸਾਂ ਨੂੰ ਲੈ ਕੇ ਸਿਰਫ਼ ਬਹਿਸ ਹੋ ਰਹੀ ਹੈ ਨਾ ਕਿ ਵੋਟਿੰਗ-ਚੀਮਾ
ਮਹਿਲ ਕਲਾਂ 16 ਸਤੰਬਰ (ਗੁਰਸੇਵਕ ਸਹੋਤਾ/ਡਾ ਮਿੱਠੂ ਮੁਹੰਮਦ)
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰ ਵੱਲੋਂ ਪਾਸ ਕੀਤੇ ਜਾ ਰਹੇ ਆਰਡੀਨੈਂਸਾਂ ਨੂੰ ਲੈ ਕੇ ਦੋਹਰੀ ਨੀਤੀ ਅਪਣਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਨਾਲ ਗੁੰਮਰਾਹ ਕਰਕੇ ਆਰਡੀਨੈਂਸਾਂ ਦੇ ਖ਼ਿਲਾਫ਼ ਹੋਣ ਦਾ ਦਾਅਵਾ ਕਰ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚੀਮਾ ਨੇ ਕਿਹਾ ਕਿ ਦੇਸ ਦੀ ਪਾਰਲੀਮੈਂਟ ’ਚ ਆਰਡੀਨੈਂਸਾਂ ਨੂੰ ਲੈ ਕੇ ਸਿਰਫ਼ ਬਹਿਸ ਹੋ ਰਹੀ ਹੈ ਨਾ ਕਿ ਵੋਟਿੰਗ, ਪਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੋਟਿੰਗ ਹੋਣ ਦਾ ਝੂਠ ਬੋਲ ਰਿਹਾ ਹੈ। ਵੱਡਾ ਝੂਠ ਉਹ ਆਰਡੀਨੈਂਸਾਂ ਦੇ ਵਿਰੋਧ ’ਚ ਵੋਟ ਕਰਨ ਦਾ ਬੋਲ ਰਿਹਾ ਹੈ ਜਿਸ ਤੋਂ ਪੰਜਾਬ ਵਾਸੀ ਜਾਣੂ ਹਨ। ਉਨ੍ਹਾਂ ਕਿਹਾ ਕਿ ਕੇਂਦਰ ’ਚ ਵਜ਼ਾਰਤ ਦਾ ਆਨੰਦ ਮਾਣ ਰਿਹਾ ਬਾਦਲ ਪਰਿਵਾਰ ਜੇਕਰ ਸੱਚਮੁੱਚ ਕਿਸਾਨਾਂ ਦੇ ਹਿਤੈਸ਼ੀ ਹੈ ਤਾਂ ਕੇਂਦਰ ’ਚ ਵਜੀਰ ਬੀਬਾ ਹਰਸਿਮਰਤ ਕੌਰ ਦਾ ਅਸਤੀਫ਼ਾ ਤੁਰੰਤ ਮੋਦੀ ਸਰਕਾਰ ਨੂੰ ਭੇਜਣ। ਬਾਦਲ ਪਰਿਵਾਰ ਪੰਜਾਬ ’ਚ ਹੁੰਦਿਆਂ ਆਰਡੀਨੈਂਸਾਂ ਦੇ ਵਿਰੁੱਧ ਬੋਲਦਾ ਹੈ ਜਦਕਿ ਇਹ ਬਿੱਲ ਭਾਜਪਾ ਵੱਲੋਂ ਸਹਿਯੋਗੀ ਪਾਰਟੀਆਂ ਦੇ ਨਾਲ ਮਿਲ ਕੇ ਲਿਆਂਦਾ ਗਿਆ ਹੈ। ਪਾਰਟੀ ਪ੍ਰਧਾਨ ਤੇ ਸੰਸਦ ਭਗਵੰਤ ਮਾਨ ਪਾਰਲੀਮੈਂਟ ’ਚ ਕਿਸਾਨ ਵਿਰੋਧੀ ਬਿੱਲਾਂ ’ਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਆਰਡੀਨੈਂਸ ਪਾਸ ਨਹੀ ਕਰਨ ਦੇਵੇਗੀ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਵੱਖ ਵੱਖ ਮੁੱਦਿਆਂ ’ਤੇ ਘੇਰਨ ਲਈ ਆਮ ਆਦਮੀ ਪਾਰਟੀ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਬਿ੍ਰੰਦ ਸਿੰਘ ਖਾਲਸਾ ਹਾਜਰ ਸਨ।