ਡੀਸੀ ਕੋਲ ਜਾਉ, ਸਿੱਖਿਆ ਮਾਫੀਏ ਅੱਗੇ ਬੇਵੱਸ ਸਾਫ ਦਿੱਸਦਾ-ਸਿਮਰਜੀਤ ਬੈਂਸ
ਲੋਕ ਇਨਸਾਫ ਪਾਰਟੀ, ਐਮ.ਟੀ.ਐਸ. ਸਕੂਲ ਪ੍ਰਬੰਧਕਾਂ ਖਿਲਾਫ ਸੰਘਰਸ਼ ਕਰ ਰਹੇ ਪੇਰੈਂਟਸ ਦੇ ਨਾਲ
ਹਰਿੰਦਰ ਨਿੱਕਾ ਬਰਨਾਲਾ 15 ਸਤੰਬਰ 2020
ਮਦਰ ਟੀਚਰ ਸਕੂਲ ਬਰਨਾਲਾ- ਹੰਡਿਆਇਆ ਦੇ ਪ੍ਰਬੰਧਕਾਂ ਵੱਲੋਂ ਫੀਸਾਂ ਤੋਂ ਇਲਾਵਾ ਸ਼ੁਰੂ ਕੀਤੀ ਡਿਵੈਲਪਮੈਂਟ ਫੰਡ ਉਗਰਾਹੀ ਤੋਂ ਅੱਕੇ ਪੇਰੈਂਟਸ ਦਾ ਸਕੂਲ ਪ੍ਰਬੰਧਕਾਂ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ। ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਤੇਜ਼ ਤਰਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਮਦਰ ਟੀਚਰ ਸਕੂਲ ਦੇ ਖਿਲਾਫ ਸੰਘਰਸ਼ ਦੇ ਰਾਹ ਪਏ ਮਾਪਿਆਂ ਦੇ ਨਾਲ ਚੱਟਾਨ ਦੀ ਤਰਾਂ ਖੜ੍ਹਨ ਦਾ ਐਲਾਨ ਕੀਤਾ ਹੈ। ਬੈਂਸ ਨੇ ਕਿਹਾ ਕਿ ਇਹ ਸਿਰਫ ਬਰਨਾਲਾ ਦੇ ਇੱਕ ਸਕੂਲ ਦਾ ਹੀ ਮੁੱਦਾ ਨਹੀਂ। ਬਲਿਕ ਪੂਰੇ ਪੰਜਾਬ ਅੰਦਰ ਪ੍ਰਾਈਵੇਟ ਸਕੂਲ ਮਾਫੀਆ ਫੈਲਿਆ ਹੋਇਆ ਹੈ। ਲੋਕ ਇਨਸਾਫ ਪਾਰਟੀ ਪੂਰੀ ਤਰਾਂ ਪ੍ਰਾਈਵੇਟ ਸਕੂਲ ਮਾਫੀਆ ਵੱਲੋਂ ਪੇਰੈਂਟਸ ਦੀਆਂ ਜੇਬਾਂ ਤੇ ਮਾਰੇ ਜਾ ਰਹੇ ਡਾਕੇ ਦੇ ਖਿਲਾਫ ਹੈ ਅਤੇ ਪ੍ਰਾਈਵੇਟ ਸਕੂਲ ਮਾਫੀਏ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਦਾ ਹਰ ਤਰਾਂ ਨਾਲ ਸਾਥ ਦੇਣ ਲਈ ਵਚਣਬੱਧ ਵੀ ਹੈ।
ਪ੍ਰਾਈਵੇਟ ਸਕੂਲ ਮਾਫੀਆ ਨੂੰ ਸੱਤਾ ਧਾਰੀਆਂ ਦੀ ਪੂਰੀ ਸ਼ਹਿ
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲੌਕਡਾਊਨ ਦੇ ਦੌਰਾਨ ਆਪਣੇ ਆਫੀਸ਼ਲ ਪੇਜ਼ ਰਾਹੀ ਪ੍ਰਾਈਵੇਟ ਸਕੂਲਾਂ ਨੂੰ ਬੱਚਿਆਂ ਤੋਂ ਫੀਸਾਂ ਨਾ ਵਸੂਲਣ ਦਾ ਬਿਆਨ ਦਿੱਤਾ ਸੀ। ਪਰ ਪ੍ਰਾਈਵੇਟ ਸਕੂਲ ਮਾਫੀਆ ਦੇ ਦਬਾਅ ਸਦਕਾ ਚੰਦ ਘੰਟਿਆਂ ਬਾਅਦ ਹੀ ਸਿੰਗਲਾ ਨੂੰ ਆਪਣੀ ਸਟੇਟਮੈਂਟ ਡਿਲੀਟ ਕਰਨੀ ਪਈ। ਉਨਾਂ ਕਿਹਾ ਕਿ ਸਿੱਖਿਆ ਮਾਫੀਆਂ ਇੱਨ੍ਹਾ ਤਾਕਤਵਰ ਹੈ ਕਿ ਉਹ ਵੋਟਾਂ ਦੇ ਸਮੇਂ ਸਾਰੀਆਂ ਵੱਡੀਆਂ ਰਾਜਸੀ ਪਾਰਟੀਆਂ ਨੂੰ ਕਰੋੜਾਂ ਰੁਪਏ ਦਾ ਫੰਡ ਦਿੰਦੇ ਹਨ। ਫਿਰ ਰਾਜਸੀ ਪਾਰਟੀਆਂ ਨੂੰ ਦਿੱਤੇ ਫੰਡ ਨੂੰ ਕਈ ਗੁਣਾ ਵੱਧ ਕੇ ਲੋਕਾਂ ਦੀਆਂ ਜੇਬਾਂ ਵਿੱਚੋਂ ਕੱਢਦੇ ਹਨ। ਉਨਾਂ ਕਿਹਾ ਕਿ ਪਹਿਲਾਂ ਅਕਾਲੀ ਭਾਜਪਾ ਤੇ ਹੁਣ ਕਾਂਗਰਸ ਸਰਕਾਰ ਨੇ ਸਿੱਖਿਆ ਮਾਫੀਏ ਦੇ ਰਹਿਮ ਤੇ ਪੇਰੈਂਟਸ ਨੂੰ ਛੱਡਿਆ ਹੋਇਆ ਹੈ। ਕੋਈ ਸਰਕਾਰ ਲੋਕਾਂ ਦੀ ਲੁੱਟ ਨੂੰ ਰੋਕਣ ਲਈ ਤਿਆਰ ਨਹੀਂ ਹੈ।
ਚੰਗੀ ਨੀਤੀ ਵਾਲੀ ਇਮਾਨਦਾਰ ਸਰਕਾਰ ਬਣ ਗਈ ਤਾਂ,,,
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਚੰਗੀ ਨੀਯਤ ਤੇ ਲੋਕ ਹਿੱਤ ਨੀਤੀ ਵਾਲੀ ਕੋਈ ਇਮਾਨਦਾਰ ਸਰਕਾਰ ਬਣ ਗਈ ਤਾਂ ਮੈਂ ਦਾਵਾ ਕਰਦਾ ਹਾਂ ਕਿ ਸਿੱਖਿਆ ਅਤੇ ਪ੍ਰਾਈਵੇਟ ਸਕੂਲ ਮਾਫੀਆ ਤੁਰੰਤ ਹੀ ਤੱਕਲੇ ਵਾਂਗੂ ਸਿੱਧਾ ਹੋ ਜਾਊ। ਉਨਾਂ ਕਿਹਾ ਕਿ ਤੁਸੀਂ ਜਿਲ੍ਹੇ ਦੇ ਡੀਸੀ ਕੋਲ ਸਕੂਲ ਮਾਫੀਏ ਦੀ ਸ਼ਕਾਇਤ ਲੈ ਕੇ ਚਲੇ ਜਾਊ, ਡੀਸੀ ਵੀ ਮਾਫੀਏ ਮੂਹਰੇ ਸਪੱਸ਼ਟ ਬੇਵੱਸ ਦਿਖਾਈ ਦੇਵੇਗਾ। ਕਿਉਂਕਿ ਸਕੂਲ ਮਾਫੀਏ ਨੂੰ ਸੱਤਾ ਧਾਰੀ ਧਿਰ ਦੀ ਸ਼ਹਿ ਹੈ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਾਈਵੇਟ ਸਕੂਲਾਂ ਦੀ ਲੁੱਟ ਨੂੰ ਰੋਕਣ ਲਈ ਸੰਘਰਸ਼ ਦੇ ਮੈਦਾਨ ‘ਚ ਆਉਣ।