ਹਰਿੰਦਰ ਨਿੱਕਾ ਬਰਨਾਲਾ 15 ਸਤੰਬਰ 2020
ਜਿਲ੍ਹੇ ਦੇ 2 ਵੱਖ ਵੱਖ ਥਾਣਾ ਖੇਤਰਾਂ ‘ਚ ਹੋਏ 2 ਸੜ੍ਹਕ ਹਾਦਸਿਆਂ ਨਾਲ 1 ਜਣੇ ਦੀ ਮੌਤ ਹੋ ਗਈ। ਜਦੋਂ ਕਿ ਇੱਕ ਲੜਕੀ ਸਣੇ 4 ਜਣੇ ਜਖਮੀ ਵੀ ਹੋ ਗਏ। ਪੁਲਿਸ ਨੇ ਦੋਵਾਂ ਦੁਰਘਟਨਾਵਾਂ ਦੇ ਸਬੰਧ ਵਿੱਚ ਨਾਮਜਦ ਦੋਸ਼ੀ ਡਰਾਇਵਰਾਂ ਦੇ ਖਿਲਾਫ ਕੇਸ ਦਰਜ਼ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਬੱਸ ਅੱਡਾ ਪੰਧੇਰ ਵਿਖੇ ਹੋਏ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪੰਧੇਰ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਜਗਰੂਪ ਸਿੰਘ ਰਾਜਗਿਰੀ ਦਾ ਕੰਮ ਕਰਦੇ ਹਨ, ਪੰਧੇਰ ਵਿਖੇ ਹੀ ਸ਼ਾਮ ਨੂੰ ਕੰਮ ਨਿਬੇੜ ਕੇ ਆਪਣੇ ਮੋਟਰਸਾਈਕਲ ਤੇ ਬੱਸ ਅੱਡਾ ਪੰਧੇਰ ਪਹੁੰਚ ਕੇ ਟੂਟੀਆਂ ਦਾ ਸਮਾਨ ਲੈਣ ਲਈ ਉੱਤਰੇ। ਅਚਾਣਕ ਹੀ ਬੜੀ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਜਾ ਰਹੇ ਮੋਟਰਸਾਈਕਲ ਨੰਬਰ ਪੀਬੀ 10 ਡੀਐਮ 2904 ਮਾਰਕਾ ਸਪਲੈਂਡਰ ਦੇ ਚਾਲਕ ਸੁਖਚੈਨ ਸਿੰਘ ਵਾਸੀ ਭੱਠਲਾਂ ਨੇ ਸਾਡੇ ਮੋਟਰ ਸਾਈਕਲ ਨੂੰ ਜੋਰਦਾਰ ਟੱਕਰ ਮਾਰ ਦਿੱਤੀ।
ਹਾਦਸੇ ਨਾਲ ਜਗਰੂਪ ਸਿੰਘ ਦੇ ਸਿਰ ‘ਚ ਕਾਫੀ ਗਹਿਰੀ ਸੱਟ ਲੱਗੀ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ। ਜਿਆਦਾ ਗੰਭੀਰ ਹਾਲਤ ਦੇ ਚਲਦਿਆਂ ਜਗਰੂਪ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਪਰੰਤੂ ਭਵਾਨੀਗੜ੍ਹ ਕੋਲ ਹੀ ਜਖਮਾਂ ਦੀ ਤਾਬ ਨਾ ਝੱਲਦਿਆਂ ਜਗਰੂਪ ਸਿੰਘ ਨੇ ਦਮ ਤੋੜ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬਲਕਾਰ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਨਾਮਜਦ ਦੋਸ਼ੀ ਮੋਟਰ ਸਾਈਕਲ ਚਾਲਕ ਸੁਖਚੈਨ ਸਿੰਘ ਦੇ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰ ਦਿੱਤਾ। ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।
ਸਵਿਫਟ ਕਾਰ ਨੇ ਮਾਰੀ ਮੋਟਰ ਸਾਈਕਲ ਨੂੰ ਟੱਕਰ
ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਭੈਣੀ ਮਹਿਰਾਜ ਵਿਖੇ ਕਾਰ ਚਾਲਕ ਦੁਆਰਾ ਮੋਟਰ ਸਾਈਕਲ ਨੂੰ ਮਾਰੀ ਟੱਕਰ ਦੇ ਸਬੰਧ ‘ਚ ਜਾਦਕਾਰੀ ਦਿੰਦਿਆਂ ਗੁਰਜੰਟ ਸਿੰਘ ਪੁੱਤਰ ਜਿਊਣ ਸਿੰਘ ਨਿਵਾਸੀ ਬਾਲੀਆਂ, ਜਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਅਮਨਦੀਪ ਕੌਰ ਨੂੰ ਛੱਡਣ ਲਈ ਆਪਣੇ ਬੇਟੇ ਕ੍ਰਿਸ਼ਨ ਸਿੰਘ ਸਮੇਤ ਮੋਟਰ ਸਾਈਕਲ ਤੇ ਪਿੰਡ ਕੁੰਨਰਾਂ ਵੱਲ ਜਾ ਰਿਹਾ ਸੀ। ਜਦੋਂ ਉਹ ਭੈਣੀ ਮਹਿਰਾਜ ਰੋਡ ਤੋਂ ਮੁੱਖ ਸੜ੍ਹਕ ਕਰਾਸ ਕਰਣ ਲੱਗਿਆ ਤਾਂ ਬਹੁਤ ਹੀ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਜਾ ਰਹੇ ਸਵਿਫਟ ਕਾਰ ਦੇ ਡਰਾਇਵਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਨਾਲ ਮੁਦਈ, ਉਸਦਾ ਬੇਟਾ ਅਤੇ ਬੇਟੀ ਗੰਭੀਰ ਤੌਰ ਦੇ ਜਖਮੀ ਹੋ ਗਏ। ਰਾਹਗੀਰਾਂ ਨੇ ਸਾਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਿਲ ਕਰਵਾਇਆ। ਪਰੰਤੂ ਡਾਕਟਰਾਂ ਨੇ ਮੁਦਈ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਜਦੋਂ ਕਿ ਅਮਨਦੀਪ ਕੌਰ ਅਤੇ ਕ੍ਰਿਸ਼ਨ ਸਿੰਘ ਦਾ ਇਲਾਜ ਸੰਗਰੂਰ ਹਸਪਤਾਲ ਵਿਖੇ ਹੀ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਕਾਰ ਨੰਬਰ- ਸੀ.ਐਚ. 01-ਬੀ.ਡੀ-5195 ਦੇ ਚਾਲਕ ਦੀ ਪਹਿਚਾਣ ਜਤਿਨ ਸਿੰਗਲਾ ਵਾਸੀ ਬਰਨਾਲਾ ਦੇ ਰੂਪ ਵਿੱਚ ਹੋਈ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੋਸ਼ੀ ਜਤਿਨ ਸਿੰਗਲਾ ਦੇ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।