ਫਾਜ਼ਿਲਕਾ ਜ਼ਿਲੇ ਵਿਚ 7 ਥਾਂਵਾਂ ਤੇ ਸੈਂਪਲ ਲੈਣ ਦੀ ਸੁਵਿਧਾ, ਸਰਕਾਰੀ ਹਸਪਤਾਲਾਂ ਵਿਚ ਕਰੋਨਾ ਟੈਸਟ ਬਿਲਕੁਲ ਮੁਫ਼ਤ
ਬੀ.ਟੀ.ਐਨ.ਐਸ. ਫਾਜ਼ਿਲਕਾ, 18 ਅਗਸਤ2020
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਹੈ ਕਿ ਮਾਮੂਲੀ ਜਿੰਨਾਂ ਵੀ ਸ਼ੱਕ ਹੋਣ ਤੇ ਵਿਅਕਤੀ ਬਿਨਾ ਕਿਸੇ ਦੇਰੀ ਦੇ ਆਪਣੇ ਨੇੜਲੇ ਸਰਕਾਰੀ ਹਸਪਤਾਲ ਤੋਂ ਕਰੋਨਾ ਦਾ ਟੈਸਟ ਕਰਾਏ। ਉਨਾਂ ਇਹ ਜਾਣਕਾਰੀ ਸਿਹਤ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ 7 ਹਸਪਤਾਲਾਂ ਵਿਚ ਕਰੋਨਾ ਦਾ ਟੈਸਟ ਹੋ ਰਿਹਾ ਹੈ। ਇਹ ਟੈਸਟ ਬਿਲਕੁਲ ਮੁਫ਼ਤ ਹੈ। ਇਸ ਟੈਸਟ ਲਈ ਕਿਸੇ ਪਰਚੀ ਦੀ ਜਰੂਰਤ ਨਹੀਂ ਹੈ। ਉਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਫਾਜ਼ਿਲਕਾ, ਸਿਵਲ ਹਸਪਤਾਲ ਅਬੋਹਰ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰ ਜਲਾਲਾਬਾਦ, ਸੀਤੋ ਗੁੰਨੋ, ਖੂਈਖੇੜਾ, ਜੰਡਵਾਲਾ ਭੀਮੇਸ਼ਾਹ ਅਤੇ ਡੱਬਵਾਲਾ ਕਲਾਂ ਵਿਖੇ ਇਹ ਟੈਸਟ ਹਰ ਰੋਜ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੁੰਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਾਨੂੰਗੋ ਨੂੰ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਕਿ ਲੋਕ ਰੋਜਮਰਾਂ ਦੇ ਜੀਵਨ ਵਿਚ ਵਿਚਰਦੇ ਸਮੇਂ ਮਾਸਕ ਜਰੂਰ ਪਾਉਣ, ਵਾਰ ਵਾਰ ਹੱਥ ਧੋਂਦੇ ਰਹਿਣ ਅਤੇ ਸਮਾਜਿਕ ਨਿਯਮ ਦਾ ਪਾਲਣ ਕਰਨ। ਉਨਾਂ ਨੇ ਪਿੰਡਾਂ ਦੇ ਧਾਰਮਿਕ ਸਥਾਨਾਂ ਤੋਂ ਇਸ ਸਬੰਧੀ ਅਨਾਊਂਸਮੈਂਟ ਕਰਵਾਉਣ ਲਈ ਵੀ ਕਿਹਾ। ਇਸੇ ਤਰਾਂ ਉਨਾਂ ਨੇ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ: ਐਨਕੇ ਅਗਰਵਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ਵਿਚ 36 ਨਵੇਂ ਕੇਸ਼ ਸਾਹਮਣੇ ਆਏ ਹਨ ਅਤੇ ਇਸ ਸਮੇਂ ਜ਼ਿਲੇ ਵਿਚ 159 ਐਕਟਿਵ ਕੇਸ ਹਨ। ਉਨਾਂ ਨੇ ਲੋਕਾਂ ਨੂੰ ਜਰੂਰੀ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ। ਉਨਾਂ ਨੇ ਕਿਹਾ ਕਿ ਜੇਕਰ ਆਰੰਭਕ ਸਟੇਜ ਤੇ ਹੀ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ ਬਿਮਾਰੀ ਤੇ ਸਹਿਜੇ ਹੀ ਫਤਿਹ ਹਾਸਲ ਕੀਤੀ ਜਾ ਸਕਦੀ ਹੈ।
ਬੈਠਕ ਵਿਚ ਸਹਾਇਕ ਕਮਿਸ਼ਨਰ ਜਨਰਲ ਸ: ਕੰਵਲਜੀਤ ਸਿੰਘ, ਜ਼ਿਲਾ ਭਲਾਈ ਅਫ਼ਸਰ ਕਮ ਕੋਵਿਡ ਮਰੀਜ ਟੈ੍ਰਕਿੰਗ ਅਫ਼ਸਰ ਬਰਿੰਦਰ ਸਿੰਘ, ਡਾ: ਚੰਦਰ ਮੋਹਨ ਕਟਾਰੀਆ, ਡਾ: ਅਨਿਤਾ ਕਟਾਰੀਆ, ਤਹਿਸੀਲ ਭਲਾਈ ਅਫ਼ਸਰ ਅਸ਼ੋਕ ਕੁਮਾਰ ਆਦਿ ਵੀ ਹਾਜਰ ਸਨ।