ਗੁਰਦੁਆਰਾ ਅਰਦਾਸਪੁਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦੇ ਮਾਮਲੇ ‘ਤੇ ਅਮਰਿੰਦਰ ਤੇ ਪ੍ਰਨੀਤ ਕੌਰ ਦਾ ਚੁੱਪ ਰਹਿਣਾ ਮੰਦਭਾਗਾ : ਭਾਈ ਲੌਂਗੋਵਾਲ

Advertisement
Spread information

ਜ਼ਿਲ੍ਹਾ ਪੁਲਿਸ ਨੂੰ ਸਰੂਪ ਬਰਾਮਦ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਜਾਂ ਫਿਰ ਸੰਗਤ ਦੇ ਰੋਹ ਭਰਪੂਰ ਸੰਘਰਸ਼ ਲਈ ਤਿਆਰ ਰਹਿਣ ਦੀ ਦਿੱਤੀ ਚੇਤਾਵਨੀ


ਰਾਜੇਸ਼ ਗੌਤਮ  ਪਟਿਆਲਾ 8 ਅਗਸਤ 2020 

                   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਟਿਆਲਾ ਦੀ ਐਮ ਪੀ ਪ੍ਰਨੀਤ ਕੌਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਮੁੱਖ ਮੰਤਰੀ ਦੀ ਮੋਤੀ ਮਹਿਲ ਦੇ ਨੇੜਲੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਬਾਰੇ ਚੁੱਪੀ ਧਾਰੀ ਬੈਠੇ ਹਨ ਅਤੇ ਉਹਨਾਂ ਨੇ ਸਰੂਪ ਚੋਰੀ ਹੋਣ ‘ਤੇ ਭੜਕੀ ਸਿੱਖ ਸੰਗਤ ਦਾ ਖਿਆਲ ਵੀ ਨਹੀਂ ਰੱਖਿਆ। 
                    ਇਥੇ ਐਸ ਐਸ ਪੀ ਪਟਿਆਲਾ ਦੇ ਦਫਤਰ ਮੂਹਰੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਵਿਚੋਂ ਇਤਿਹਾਸ ਸਰੂਪ ਚੋਰੀ ਹੋਏ ਨੂੰ 17 ਦਿਨ ਬੀਤ ਚੁੱਕੇ ਹਨ ਪਰ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਤੇ ਪਟਿਆਲਾ ਦੀ ਐਮ ਪੀ ਪ੍ਰਨੀਤ ਕੌਰ ਨੇ ਇਸ ਘਿਨੌਣੇ ਅਪਰਾਧੀ ਦੀ ਨਿਖੇਧੀ ਲਈ ਇਕ ਸ਼ਬਦ ਵੀ ਨਹੀਂ ਬੋਲਿਆ।
                     ਜ਼ਿਲ੍ਹਾ ਪੁਲਿਸ ਨੂੰ ਸਰੂਪ ਤੁਰੰਤ ਬਰਾਮਦ ਕਰਨ ਅਤੇ ਇਸ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਚੇਤਾਵਨੀ ਦਿੰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਸ਼੍ਰੋਮਣੀ ਕਮੇਟੀ ਜ਼ੋਰਦਾਰ ਢੰਗ ਨਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ਤਾਂ ਕਿ ਕੇਸ ਵਿਚ ਨਿਆਂ ਹਾਸਲ ਕੀਤਾ ਜਾ ਸਕੇ।
                  ਭਾਈ ਲੌਂਗੋਵਾਲ ਨੇ ਕਿਹਾ ਕਿ ਸਰੂਪ ਚੋਰੀ ਹੋਣ ਦੀ ਕਾਰਵਾਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਦੀਆਂ ਕਾਰਵਾਈਆਂ ਦਾ ਇਕ ਹਿੱਸਾ ਹੈ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆਂ ਵੀ ਕਾਂਗਰਸ  ਪਾਰਟੀ ਦੇ ਹੱਥਾਂ ਵਿਚ ਖੇਡ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਜਥੇਬੰਦੀਆਂ ਦੀ ਵਰਤੋਂ ਹੀ ਕਾਂਗਰਸ ਨੇ ਬੇਅਦਬੀ ਕੇਸਾਂ ਮਗਰੋਂ ਸਿੱਖ ਭਾਈਚਾਰੇ ਦਾ ਧਿਆਨ ਵੰਡਣ ਵਾਸਤੇ ਕੀਤੀ ਸੀ ਤੇ ਹੁਣ ਇਹ  ਕਲਿਆਣ ਪਿੰਡ ਤੋਂ ਸਰੂਪ ਚੋਰੀ ਹੋਣ ‘ਤੇ ਚੁੱਪੀ ਧਾਰ ਕੇ ਫਿਰ ਤੋਂ ਕਾਂਗਰਸ ਦੇ ਹੱਥਾਂ ਵਿਚ ਖੇਡ ਰਹੀਆਂ ਹਨ।
                  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ  ਸ਼੍ਰੋਮਣੀ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਮਹਿਤਾ, ਗੁਰਬਖਸ਼ ਸਿੰਘ ਖਾਲਸਾ, ਹਰਿੰਦਰ ਸਿੰਘ ਧਾਮੀ ਅਤੇ ਕੁਲਦੀਪ ਕੌਰ ਟੌਹੜਾ ਦੀ ਸ਼ਮੂਲੀਅਤ ਵਾਲੇ ਵਫਦ ਦੀ ਅਗਵਾਈ ਕਰਦਿਆਂ ਐਸ ਐਸ ਪੀ  ਦਫਤਰ ਨੂੰ ਮੰਗ ਪੱਤਰ ਵੀ ਦਿੱਤਾ ਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਫੜਿਆ ਜਾਵੇ। ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨੂੰ  ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਸ ਘਨੌਣੇ ਅਪਰਾਧ ਨੂੰ ਆਮ ਵਾਂਗ ਲੈਣ ਅਤੇ ਦੋਸ਼ੀਆਂ ਨੂੰ ਕਾਬੂ ਨਾ ਕਰਨ ਕਾਰਨ ਹੀ ਸ਼੍ਰੋਮਣੀ ਕਮੇਟੀ ਧਰਨਾ ਦੇਣ ਲਈ ਮਜਬੂਰ ਹੋਈ ਹੈ ।
                 ਇਸ ਤੋਂ ਪਹਿਲਾਂ ਧਰਨੇ ਵਾਲੀ ਥਾਂ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਜ਼ਿਲ੍ਹਾ ਪੁਲਿਸ ਤੇ  ਪ੍ਰਸ਼ਾਸਨ ਅਤੇ ਇਲਾਕੇ ਦੇ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਰੋਹ ਪ੍ਰਗਟ ਕੀਤਾ ਕਿ ਉਹਨਾਂ ਨੇ ਨਾ ਤਾਂ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਨਾ ਹੀ ਉਹ ਸੰਗਤ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਗੁਰਦੁਆਰਾ ਅਰਦਾਸਪੁਰਾ ਸਾਹਿਬ ਗਏ ਹਨ। ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਸਿੱਟਾ ਨਾ ਕੱਢਿਆ ਤਾਂ ਫਿਰ ਸ਼੍ਰੋਮਣੀ ਕਮੇਟੀ ਅਗਲੇਰੀ ਕਾਰਵਾਈ ਦਾ 18 ਅਗਸਤ ਨੂੰ ਐਲਾਨ ਕਰੇਗੀ। ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ, ਮੈਂਬਰਾਂ ਤੇ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਨੇ ਕੇਸ ਵਿਚ ਨਿਆਂ ਹਾਸਲ ਕਰਨ ਦੇ ਸ਼੍ਰੋਮਣੀ ਕਮੇਟੀ ਦੇ ਯਤਨਾਂ ਦੀ ਹਮਾਇਤ ਕੀਤੀ।  

Advertisement
Advertisement
Advertisement
Advertisement
Advertisement
Advertisement
error: Content is protected !!