ਸੀਵਰੇਜ ਦੀ ਸਾਫ਼ ਸਫ਼ਾਈ ਤੇ ਖਰਚੇ ਸਾਢੇ 11 ਲੱਖ ਰੁਪਏ-ਜਾਂਚ ਦਾ ਵਿਸ਼ਾ
ਮਨਪ੍ਰੀਤ ਜਲਪੋਤ ਤਪਾ ਮੰਡੀ, 8 ਅਗਸਤ 2020
ਲੋਕਾਂ ਵੱਲੋਂ ਟੈਕਸ ਦੇ ਰੂਪ ’ਚ ਸਰਕਾਰ ਨੂੰ ਦਿੱਤਾ ਪੈਸਾ ਲੋਕਾਂ ਦੀ ਅਮਾਨਤ ਹੁੰਦੀ ਹੈ । ਜਿਸ ਨੂੰ ਸਰਕਾਰ ਨੇ ਵਿਕਾਸ ਕਾਰਜ਼ਾਂ ਵਿੱਚ ਖ਼ਰਚ ਕਰਨਾ ਹੁੰਦਾਂ ਹੈ। ਪਰ ਜੇਕਰ ਵਿਕਾਸ ਕਾਰਜ ਅੰਨ੍ਹੇ ਵਾਹ ਲੋਕਾਂ ਦਾ ਪੈਸਾ ਹਜ਼ਮ ਕਰ ਜਾਵੇ ਤਾਂ ਲੋਕਾਂ ਨੂੰ ਤਕਲੀਫ਼ ਤਾਂ ਹੋਣੀ ਜਾਇਜ਼ ਗੱਲ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਪਾ ਮੰਡੀ ਦਾ ਜਿਥੋਂ ਨਗਰ ਕੌਂਸਲ ਨੇ ਸੀਵਰੇਜ ਸਫ਼ਾਈ ਕਰਵਾਉਣ ਤੇ 11 ਲੱਖ ਤੋਂ ਉਪਰ ਰੁਪਏ ਖਰਚ ਕੀਤੇ ਪਰ ਫਿਰ ਵੀ ਕਿਸੇ ਕੰਮ ਨਾ ਆਏ ਅਤੇ ਸ਼ਹਿਰ ਦਾ ਉਹੀ ਹਾਲ। ਇਕ ਵਾਰ ਮੀਂਹ ਪੈ ਜਾਵੇ ਤਾਂ ਸ਼ਹਿਰ ਡੁੱਬਣ ਕਿਨਾਰੇ ਹੋ ਜਾਂਦਾ ਹੈ।
ਇਹ ਖੁਲਾਸਾ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਗੋਇਲ ਨੇ ਕੀਤਾ ਹੈ। ਸ਼੍ਰੀ ਗੋਇਲ ਵੱਲੋਂ ਨਗਰ ਕੌਂਸਲ ਤਪਾ ਤੋਂ ਆਰਟੀਆਈ ਐਕਟ ਅਧੀਨ ਪ੍ਰਾਪਤ ਕੀਤੀ ਜਾਣਕਾਰੀ ਤੋਂ ਪਤਾ ਕੀਤਾ ਕਿ ਬੀਤੇ ਮਹੀਨੇ ਨਗਰ ਕੌਂਸਲ ਵੱਲੋਂ ਸੁਪਰ ਸ਼ੰਕਸ਼ਨ ਮਸੀਨਾਂ ਮੰਗਵਾਈਆਂ ਗਈਆਂ ਸਨ ਜਿਨ੍ਹਾਂ ਵੱਲੋਂ ਸ਼ਹਿਰ ਦੇ ਜਰੂਰੀ ਮੇਨਹੌਲਾਂ ਦੀ ਸਾਫ਼ ਸਫ਼ਾਈ ਕੀਤੀ ਗਈ। ਪਰ ਹੈਰਾਨੀ ਉਦੋ ਹੋਈ ਜਦੋ ਇਨ੍ਹਾਂ ਮਸ਼ੀਨਾਂ ਦੀ ਫਰਮ ਨੇ ਸਿਰਫ਼ 869 ਮੀਟਰ ਸੀਵਰੇਜ ਸਾਫ਼ ਕਰਨ ਦਾ 11 ਲੱਖ 50 ਹਜ਼ਾਰ ਰੁਪਏ ਦਾ ਬਿਲ ਬਣਾ ਦਿੱਤਾ। ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਗੋਇਲ ਨੇ ਕਿਹਾ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਦਿੱਤੇ ਟੈਕਸ ਨੂੰ ਇਸ ਤਰ੍ਹਾਂ ਨਾਜਾਇਜ ਖਰਚਿਆਂ ’ਚ ਉਡਾਉਣਾ ਲੋਕਾਂ ਨਾਲ ਧੌਖਾ ਹੈ ਕਿਉਂਕਿ ਇਹ ਪੂਰੇ ਪੰਜਾਬ ਅੰਦਰ ਦੋ ਮਸ਼ੀਨਾਂ ਹੀ ਹਨ ।
ਪਰ ਬਰਨਾਲਾ ਜਿਲ੍ਹੇ ਅੰਦਰ ਤਿੰਨ ਫਰਮਾਂ ਵੱਲੋਂ ਟੈਂਡਰ ਪਾਇਆ ਗਿਆ ਜਿਨ੍ਹਾਂ ਕੋਲ ਸੁਪਰ ਸ਼ੰਕਸ਼ਨ ਮਸ਼ੀਨਾਂ ਹੀ ਨਹੀ ਹਨ। ਜੇਕਰ ਨਗਰ ਕੌਂਸਲ ਚਾਹੁੰਦੀ ਤਾਂ ਇਹ ਸਫ਼ਾਈ ਹੋਰ ਮਸ਼ੀਨਾਂ ਨਾਲ ਵੀ ਕਰਵਾਈ ਜਾ ਸਕਦੀ ਸੀ ਜਾਂ ਕੰਪਨੀ ਨਾਲ ਸਿੱਧੇ ਤੌਰ ਤੇ ਰਾਬਤਾ ਕਾਇਮ ਕਰਕੇ ਇਹ ਕੰਮ ਘੱਟ ਰੇਟ ਵਿੱਚ ਕਰਵਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਲੱਖਾਂ ਰੁਪਏ ਦੇ ਘੁਟਾਲੇ ਹੋਣ ਦੀ ਸ਼ੰਕਾ ਹੈ ਜਿਸਦਾ ਭੇਦ ਉਹ ਮਾਣਯੋਗ ਹਾਈਕੋਰਟ ਵਿੱਚ ਰਿੱਟ ਪਾਕੇ ਖੋਲਣਗੇ। ਇਸ ਸਬੰਧੀ ਨਗਰ ਕੌਂਸਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮਸ਼ੀਨਾਂ ਦੇ ਰੇਟ ਕਾਫ਼ੀ ਜਿਆਦਾ ਹਨ ਪਰ ਇਹ ਸੀਵਰੇਜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦੀਆਂ ਹਨ। ਜਿੱਥੋ ਸਫ਼ਾਈ ਕਰਮਚਾਰੀ ਵੀ ਸਫ਼ਾਈ ਕਰਨ ’ਚ ਅਸਮਰੱਥ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਸੀਵਰੇਜ ਲਾਈਨਾਂ ਨੂੰ ਹੀ ਸਾਫ਼ ਕਰਵਾਇਆ ਗਿਆ ਹੈ । ਜਿੱਥੇ ਕਾਫ਼ੀ ਗ਼ਾਰ ਫਸੀ ਹੋਈ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋ ਕਿਸੇ ਫਰਮ ਕੋਲ ਇਹ ਮਸ਼ੀਨਾਂ ਹੀ ਨਹੀ ਸਨ ਤਾਂ ਉਨ੍ਹਾਂ ਨੇ ਟੈਂਡਰ ਕਿਓ ਪਾਇਆ ? ਇਸ ਨਾਲ ਲੋਕਾਂ ਦੇ ਪੈਸੇ ਨੂੰ ਖ਼ਰਾਬ ਕੀਤਾ ਗਿਆ ਹੈ ਜੋ ਕਿ ਜਾਂਚ ਦਾ ਵਿਸ਼ਾ ਹੈ।