ਬਰਨਾਲਾ ਸ਼ਹਿਰ ਦੇ 88 ਮਰੀਜ਼ਾਂ ਸਮੇਤ ਕੁੱਲ 143 ਕੇਸ ਐਕਟਿਵ
ਹਰਿੰਦਰ ਨਿੱਕਾ ਬਰਨਾਲਾ 31 ਜੁਲਾਈ 2020
ਜਿਲ੍ਹੇ ਦੇ 35 ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਅੱਜ ਪੌਜੇਟਿਵ ਆ ਜਾਣ ਨਾਲ ਪੌਜੇਟਿਵ ਮਰੀਜ਼ਾਂ ਦਾ ਅੰਕੜਾ 147 ਤੱਕ ਪਹੁੰਚ ਗਿਆ ਹੈ। ਇਨ੍ਹਾਂ ਪੌਜੇਟਿਵ ਕੇਸਾਂ ਚ, ਜਿਲ੍ਹਾ ਜੇਲ੍ਹ ਦੇ 8 ਬੰਦੀ, ਤਪਾ ਦੇ ਡੀਐਸਪੀ ਰਵਿੰਦਰ ਸਿੰਘ, ਏਐਸਆਈ ਜਸਵੀਰ ਸਿੰਘ ਤੇ ਰਣਜੀਤ ਸਿੰਘ, ਲੱਖੀ ਕਲੋਨੀ ਨਿਵਾਸੀ ਡਾਕਟਰ ਹੇਮ ਰਾਜ ਸਹਿਤ ਕੁੱਲ 35 ਵਿਅਕਤੀ ਸ਼ਾਮਿਲ ਹਨ। ਹਾਲਤ ਇਹ ਹੈ ਕਿ ਹਰ ਦਿਨ ਹੋਰ ਵੱਧ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਪੌਜੇਟਿਵ ਮਰੀਜ਼ਾਂ ਦੀ ਸੰਖਿਆ ਵੱਧ ਜਾਣ ਨਾਲ ਲੋਕਾਂ ਦੇ ਸਾਹ ਸੂਤੇ ਜਾ ਰਹੇ ਹਨ। ਲੋਕਾਂ ਚ, ਹਰ ਦਿਨ ਆਉਂਦੀ ਰਿਪੋਰਟ ਪਹਿਲਾਂ ਤੋਂ ਵੱਧ ਘਬਰਾਹਟ ਵੀ ਪੈਦਾ ਕਰ ਰਹੀ ਹੈ। ਫਿਰ ਵੀ ਲੋਕ ਮੈਂ ਨਾ ਮਾਨੂੰ ਵਾਲੀ ਹਾਲਤ ਵਾਂਗ ਡਾਰਾਂ ਬੰਨ ਬੰਨ ਕੇ ਬਿਨਾਂ ਕੰਮ ਤੋਂ ਵੀ ਘਰਾਂ ਤੋਂ ਬਾਹਰ ਨਿੱਕਲਣ ਤੋਂ ਗੁਰੇਜ਼ ਨਹੀਂ ਕਰ ਰਹੇ। ਜਦੋਂ ਕਿ ਹਰ ਵਿਅਕਤੀ ਨੂੰ ਪਤਾ ਲੱਗ ਚੁੱਕਾ ਹੈ ਕਿ ਕੋਰੋਨਾ ਹੁਣ ਬਾਹਰ ਨਹੀ, ਸਾਡੇ ਚੌਗਿਰਦੇ ਚ, ਹੀ ਦਾਖਿਲ ਹੋ ਚੁੱਕਿਆ ਹੈ।
-ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਅੰਦਰ ਜਿਲ੍ਹੇ ਵਿੱਚੋਂ ਸਭ ਤੋਂ ਜਿਆਦਾ 88 ਕੇਸ ਐਕਟਿਵ ਹਨ। ਜਦੋਂ ਕਿ ਬਲਾਕ ਤਪਾ ਦੇ 26 , ਬਲਾਕ ਧਨੌਲਾ ਦੇ 16 , ਬਲਾਕ ਮਹਿਲ ਕਲਾਂ ਦੇ 13 ਯਾਨੀ ਕੁੱਲ 143 ਕੇਸ ਐਕਟਿਵ ਹਨ। ਜਦੋਂ ਕਿ 78 ਕੋਰੋਨਾ ਪੌਜੇਟਿਵ ਕੇਸ ਰਾਜੀ ਖੁਸ਼ੀ ਹੋ ਕੇ ਘਰੀਂ ਵੀ ਪਰਤ ਚੁੱਕੇ ਹਨ। ਅੱਜ ਪੌਜੇਟਿਵ ਆਏ ਕੇਸਾਂ ਚ, ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ 24 , ਧਨੌਲਾ ਦਾ 1, ਤਪਾ ਦੇ 8 , ਮਹਿਲ ਕਲਾਂ ਦੇ 2 ਕੇਸ ਸ਼ਾਮਿਲ ਹਨ। ਇੱਨਾਂ ਕੇਸਾਂ ਚ, 8 ਜੇਲ੍ਹ ਬੰਦੀ ਵੀ ਹਨ।