ਕੋਵਿਡ ਤੋਂ ਬਚਾਅ ਤੇ ਜੁਰਮ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਲਾਜ਼ਮੀ-ਐਸ.ਐਸ.ਪੀ. ਦੁੱਗਲ
ਰਾਜੇਸ਼ ਗੌਤਮ ਪਟਿਆਲਾ, 31 ਜੁਲਾਈ:2020
ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਨਵੇਂ ਐਸ.ਐਸ.ਪੀ. ਵਜੋਂ ਤਾਇਨਾਤ ਕੀਤੇ ਗਏ 2007 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਅੱਜ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਕੋਵਿਡ-19 ਤੋਂ ਬਚਾਅ ਅਤੇ ਜੁਰਮ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਲਾਜਮੀ ਹੈ।
ਇਸ ਦੌਰਾਨ ਸ੍ਰੀ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਨੂੰ ਫੈਲਣ ਤੋਂ ਰੋਕਣ ਸਮੇਤ ਜੁਰਮ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਬਹੁਤ ਸ਼ਿੱਦਤ ਨਾਲ ਕੰਮ ਕਰ ਰਹੀ ਹੈ, ਜਿਸ ਨੂੰ ਹੋਰ ਵੀ ਜ਼ੋਰ-ਸ਼ੋਰ ਨਾਲ ਜਾਰੀ ਰੱਖਿਆ ਜਾਵੇਗਾ।
ਐਸ.ਐਸ.ਪੀ. ਨੇ ਕੋਵਿਡ ਮਹਾਂਮਾਰੀ ਦੌਰਾਨ ਪਟਿਆਲਾ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਅਤੇ ਜੁਰਮ ਦੀ ਰੋਕਥਾਮ ਲਈ ਪਟਿਆਲਾ ਜ਼ਿਲ੍ਹੇ ਦੇ ਨਾਗਰਿਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਐਸ.ਐਸ.ਪੀ. ਸ੍ਰੀ ਦੁੱਗਲ ਵੱਲੋਂ ਅਹੁਦਾ ਸੰਭਾਲਣ ਮੌਕੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸ੍ਰੀ ਪਲਵਿੰਦਰ ਸਿੰਘ ਚੀਮਾ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਨਵੇਂ ਐਸ.ਐਸ.ਪੀ. ਦਾ ਸਵਾਗਤ ਕੀਤਾ।
ਇਸ ਦੌਰਾਨ ਸ੍ਰੀ ਦੁੱਗਲ ਨੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਪੂਰੇ ਕੰਮ ਕਾਜ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਪੁਲਿਸ ਦੀ ਟੁਕੜੀ ਨੇ ਐਸ.ਐਸ.ਪੀ. ਸ੍ਰੀ ਦੁੱਗਲ ਨੂੰ ਗਾਰਡ ਆਫ਼ ਆਨਰ ਦਿੱਤਾ।