ਸਿਹਤ ਮੰਤਰੀ ਸਿੱਧੂ ਨੇ ਕੋਰੋਨਾ ਮਹਾਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਤੇ ਮਿਸ਼ਨ ਫਤਿਹ ’ਚ ਜੁਟੇ ਸਾਰੇ ਵਿਭਾਗਾਂ ਦੀ ਭੂਮਿਕਾ ਨੂੰ ਸਰਾਹਿਆ 

Advertisement
Spread information

ਸਿਹਤ ਮੰਤਰੀ ਨੇ ਤਪਾ ਵਿਖੇ 20 ਬਿਸਤਰਿਆਂ ਵਾਲੇ ਜ਼ੱਚਾ-ਬੱਚਾ ਹਸਪਤਾਲ ਦਾ ਰੱਖਿਆ ਨੀਂਹ ਪੱਥਰ

ਮੌਰਚਰੀ ਤੇ ਕੰਟੀਨ ਦਾ ਵੀ ਨੀਂਹ ਪੱਥਰ ਰੱਖਿਆ, ਬਲੱਡ ਸਟੋਰੇਜ ਯੂਨਿਟ, ਡਾਇਲਸਿਸ ਮਸ਼ੀਨ ਦਾ ਕੀਤਾ ਉਦਘਾਟਨ


ਹਰਿੰਦਰ ਨਿੱਕਾ  ਬਰਨਾਲਾ, 31 ਜੁਲਾਈ 2020 
                  ਸਿਹਤ ਵਿਭਾਗ ਅਤੇ ਹੋਰ ਵਿਭਾਗ ਕਰੋਨਾ ਮਹਾਮਾਰੀ ਦੌਰਾਨ ਯੋਧਿਆਂ ਵਾਂਗ ਮੈਦਾਨ ’ਚ ਡਟੇ ਹੋਏ ਹਨ ਤਾਂ ਜੋ ਕਰੋਨਾ ਵਿਰੁੱਧ ਮਿਸ਼ਨ ਫਤਿਹ ਕੀਤਾ ਜਾ ਸਕੇ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਬ-ਡਿਵੀਜ਼ਨਲ ਹਸਪਤਾਲ ਤਪਾ ਮੰਡੀ ਵਿਖੇ ਮਾਈ ਦੌਲਤਾਂ ਜੀ ਨੂੰ ਸਮਰਪਿਤ 20 ਬਿਸਤਰਿਆਂ  ਦੀ ਸਹੂਲਤ ਵਾਲੇ ਜ਼ੱਚਾ—ਬੱਚਾ ਹਸਪਤਾਲ, ਕੰਟੀਨ ਤੇ ਮੌਰਚਰੀ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।

                         ਉਨ੍ਹਾਂ ਹਸਪਤਾਲ ਵਿਚ ਨਵੇਂ ਬਲੱਡ ਸਟੋਰੇਜ ਯੂਨਿਟ ਅਤੇ ਡਾਇਲਸਿਸ ਮਸ਼ੀਨ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਐਸਐਸਪੀ ਸ੍ਰੀ ਸੰਦੀਪ ਗੋਇਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬਰ ਸਿੰਘ ਵੀ ਹਾਜ਼ਰ ਸਨ।  ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਬ ਡਵੀਜ਼ਨਲ ਹਸਪਤਾਲ ਤਪਾ ਹੁਣ 70 ਬੈੱਡਾਂ ਦੀ ਸਹੂਲਤ ਵਾਲਾ ਇਕ ਸਮਰੱਥ ਹਸਪਤਾਲ ਬਣ ਗਿਆ ਹੈ, ਜਿੱਥੇ ਹੁਣ ਹਰ ਤਰ੍ਹਾਂ ਦਾ ਇਲਾਜ ਹੋ ਸਕੇਗਾ। ਉਨ੍ਹਾਂ ਕਿਹਾ ਕਿ 5 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ 22 ਹਜ਼ਾਰ ਸਕੁਏਅਰ ਫੁੱਟ ਖੇਤਰ ਵਿਚ ਹਸਪਤਾਲ ’ਚ ਇਹ ਨਵੀਆਂ ਇਮਾਰਤਾਂ ਬਣਨ ਨਾਲ ਤਪਾ ਵਾਸੀਆਂ ਦੀ ਲੰਮਚਿਰੀ ਮੰਗ ਪੂਰੀ ਹੋ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਕਾਇਦਾ ਨੋਟੀਫਾਈ ਕਰਨ ਤੋਂ ਬਾਅਦ ਸੂਬੇ ਵਿਚ ਬਣਨ ਵਾਲੇ ਸਾਰੇ ਹੀ ਜ਼ੱਚਾ—ਬੱਚਾ ਹਸਪਤਾਲਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਦਰਸ਼ਨ ਕਰਨ ਵਾਲੀ ਮਾਈ ਦੌਲਤਾਂ ਜੀ ਦੇ ਨਾਮ ਉਪਰ ਹੋਵੇਗਾ। 
                      ਉਨ੍ਹਾਂ ਕਿਹਾ ਕਿ ਜਿੱਥੇ ਇਹ ਮਾਈ ਦੌਲਤਾਂ ਜੀ ਨੂੰ ਸ਼ਰਧਾਂਜਲੀ ਹੈ, ਉਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਦੇ ਕੰਮ ਨੂੰ ਵੀ ਸਲੂਟ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਪ੍ਰਕੋਪ ਦੌਰਾਨ ਕੰਮ ਕਰ ਰਹੇ ਡਾਕਟਰ, ਪੈਰਾਮੈਡੀਕਲ, ਆਸ਼ਾ ਵਰਕਰਾਂ ਤੇ ਹੋਰ ਵਿਭਾਗਾਂ ਦੇ ਸਟਾਫ  ਨੂੰ ਸਹਿਯੋਗ ਦੇਣ ਦੀ ਜ਼ਰੂਰਤ ਹੈ, ਜੋ ਹਰ ਵਿਅਕਤੀ ਨੂੰ ਦੇਣਾ ਚਾਹੀਦਾ ਹੈ।
                     ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਨੇ ਜ਼ਿਲ੍ਹਾ ਬਰਨਾਲਾ ਵਿਚ 9865 ਲਾਭਪਾਤਰੀਆਂ ਨੂੰ ਲੌਕਡਾਊਨ ਦੌਰਾਨ ਤਿੰਨ—ਤਿੰਨ ਹਜ਼ਾਰ ਦੀ ਰਾਸ਼ੀ ਦੋ ਵਾਰ ਵਿੱਤੀ ਸਹਾਇਤਾ ਵਜੋਂ ਦਿੱਤੀ ਹੈ। ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ—ਵੱਖ ਸਕੀਮਾਂ ਵਿਚ 2542 ਲਾਭਪਾਤਰੀਆਂ ਨੂੰ 4 ਕਰੋੜ 27 ਲੱਖ ਰੁਪਏ ਵੀ ਜ਼ਿਲ੍ਹੇ ਵਿਚ ਆਏ ਹਨ। ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਜੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਸੀਨੀਅਰ ਮੈਡੀਕਲ ਅਫ਼ਸਰ ਤਪਾ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਸ੍ਰ. ਸਿੱਧੂ ਨੇ ਤਪਾ ਦੇ ਹਸਪਤਾਲ ਦੀ ਹਰ ਲੋੜ ਪਹਿਲ ਦੇ ਆਧਾਰ ਉਤੇ ਪੂਰੀ ਕੀਤੀ ਹੈ ਅਤੇ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਹਸਪਤਾਲ ਦਾ ਸਟਾਫ ਪੂਰੀ ਸ਼ਿੱਦਤ ਨਾਲ ਆਪਣੀ ਹਰ ਡਿਊਟੀ ਨਿਭਾਉਂਦਾ ਰਹੇਗਾ।
                    ਇਸ ਮੌਕੇ ਸ੍ਰੀ ਹਰਕੇਸ਼ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਖਰੜ, ਅਮਰਜੀਤ ਸਿੰਘ ਧਾਲੀਵਾਲ ਸੂਬਾ ਸਕੱਤਰ, ਨਗਰ ਕੌਂਸਲ ਤਪਾ ਦੇ ਪ੍ਰਧਾਨ ਸ੍ਰੀ ਆਸ਼ੂ, ਆਰ.ਕੇ. ਰਤਨ ਵਾਈਸ ਪ੍ਰੈਜ਼ੀਡੈਂਟ ਆਈ.ਓ.ਐਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸ.ਈ. ਕਰਨਵੀਰ ਸਿੰਘ ਚਹਿਲ, ਐਕਸੀਅਨ ਕੰਵਲਜੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪਵਨ ਕੁਮਾਰ ਤੇ ਸਬ ਡਵੀਜ਼ਨਲ ਹਸਪਤਾਲ ਤਪਾ ਦਾ ਸਟਾਫ ਮੌਜੂਦ ਸੀ।

Advertisement
Advertisement
Advertisement
Advertisement
Advertisement
error: Content is protected !!