ਚਿਹਰੇ ਦੀ ਸੁੰਦਰਤਾ ਦੇ ਦੁਸ਼ਮਣ – ਕਿੱਲ , ਪਿੰਪਲ ਅਤੇ ਛਾਹੀਆਂ

Advertisement
Spread information

ਕੁਦਰਤ ਵੱਲੋਂ ਬਖ਼ਸ਼ੀ ਹੋਈ ਸੁੰਦਰਤਾ, ਕਰੂਪਤਾ ਦਾ ਸ਼ਿਕਾਰ ਕਿਵੇਂ ਹੋ ਜਾਂਦੀ ਹੈ ? 


-ਡਾ. ਅਮਨਦੀਪ ਸਿੰਘ ਟੱਲੇਵਾਲੀਆ

            ਸੁੰਦਰਤਾ, ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਵਰਦਾਨ ਹੈ। ਸੁੰਦਰ ਚਿਹਰੇ ਹਰੇਕ ਦੇ ਹਿੱਸੇ ਨਹੀਂ ਆਉਂਦੇ। ਅਗਰ ਸੋਹਣੀ ਸੂਰਤ ਨਾਲ ਸੀਰਤ ਦਾ ਸੁਮੇਲ ਹੋ ਜਾਵੇ ਤਾਂ ਸੋਨੇ ‘ਤੇ ਸੁਹਾਗਾ ਬਣ ਜਾਂਦਾ ਹੈ। ਰੰਗ ਤਾਂ ਦੋ ਹੀ ਹੁੰਦੇ ਹਨ, ਇਕ ਗੋਰਾ, ਦੂਜਾ ਕਾਲਾ। ਅਗਰ ਰੰਗ ਸਾਂਵਲਾ ਵੀ ਹੋਵੇ ਤਾਂ ਵੀ ਸੋਹਣਾ ਲੱਗਦਾ ਹੈ ਪਰ ਡੱਬ-ਖੜੱਬਾ ਚਿਹਰਾ ਤਾਂ ਬਹੁਤ ਭੱਦਾ ਲਗਦਾ। ਕੁਦਰਤ ਵੱਲੋਂ ਬਖ਼ਸ਼ੀ ਹੋਈ ਸੁੰਦਰਤਾ, ਕਰੂਪਤਾ ਦਾ ਸ਼ਿਕਾਰ ਕਿਵੇਂ ਹੋ ਜਾਂਦੀ ਹੈ? ਇਸਦੇ ਬਹੁਤ ਸਾਰੇ ਕਾਰਨ ਹਨ।
ਕਿੱਲ, ਪਿੰਪਲ , ਛਾਹੀਆਂ ਇਕੱਲੇ ਲੜਕੀਆਂ ਦੇ ਹੀ ਨਹੀਂ, ਬਲਕਿ ਲੜਕਿਆਂ ਦੇ ਚਿਹਰੇ ਦੀ ਰੌਣਕ ਵੀ ਖੋਹ ਲੈਂਦੇ ਹਨ। ਇਹ ਕਿਉਂ ਹੁੰਦੀਆਂ ਹਨ। ਇਹ ਸਾਰਿਆਂ ਦੇ ਕਿਉਂ ਨਹੀਂ ਹੁੰਦੀਆਂ ਜਾਂ ਕਈ ਮੁੰਡੇ-ਕੁੜੀਆਂ ਦੀ ਸੋਚ ਹੀ ਅਜਿਹੀ ਬਣ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਅਭਾਗਾ ਸਮਝਣ ਲੱਗ ਜਾਂਦੇ ਹਨ ਕਿ ਇਹ ਮੇਰੇ ਨਾਲ ਹੀ ਹੋਣਾ ਸੀ? ਬਾਕੀ ਸਭ ਦੇ ਚਿਹਰੇ ਸਾਫ਼ ਹਨ। ਇਥੋਂ ਤੱਕ ਕਿ ਅਜਿਹੇ ਮੁੰਡੇ-ਕੁੜੀਆਂ ਆਪਣੀ ਸੁੰਦਰਤਾ ਨੂੰ ਲੈ ਕੇ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਤਾਹੀਓਂ ਤਾਂ ਬਾਜ਼ਾਰ ਵਿਚ ਨਿੱਤ ਨਵੀਆਂ ਕਰੀਮਾਂ, ਸਾਬਣਾਂ ਵਾਲੀਆਂ ਕੰਪਨੀਆਂ ਆਪਣੇ ਪੈਰ ਪਾਸਾਰ ਰਹੀਆਂ ਹਨ ਅਤੇ ਅਣਭੋਲ ਲੋਕਾਂ ਦੀ ਲੁੱਟ ਕਰ ਰਹੀਆਂ ਹਨ। ਕਈ ਵਿਚਾਰੇ ਆਪਣੇ ਚਿਹਰੇ ਨੂੰ ਸਾਫ਼ ਰੱਖਣ ਲਈ ਬਹੁਤ ਸਾਰੇ ਦੇਸੀ ਵੈਦਾਂ, ਨੀਮ-ਹਕੀਮਾਂ ਦੀ ਭੇਟ ਵੀ ਚੜ੍ਹ ਜਾਂਦੇ ਹਨ।
 ਕਿੱਲ ,ਪਿੰਪਲ (ਫੁਨਸੀਆਂ)ਜਾਂ ਛਾਹੀਆਂ ਕਿਸੇ ਕਿਸਮ ਦਾ ਚਮੜੀ ਦਾ ਰੋਗ ਨਹੀਂ, ਜੋ ਚਿਹਰੇ ਉਪਰ ਮੱਲ੍ਹਮਾਂ ਜਾਂ ਕਰੀਮਾਂ ਲਾਉਣ ਨਾਲ ਠੀਕ ਹੋ ਜਾਵੇਗਾ, ਸਗੋਂ ਕਿੱਲ ਜਾਂ ਪਿੰਪਲ ਤਾਂ ਸਰੀਰ ਵਿਚਲੀ ਹਾਰਮੋਨਜ਼ ਦੀ ਅਸੰਤੁਲਤਾ ਦਾ ਪ੍ਰਤੀਕ ਹਨ ਅਤੇ ਛਾਹੀਆਂ ਵੀ ਕੁਝ ਹੱਦ ਤੱਕ ਹਾਰਮੋਨਜ਼ ਅਤੇ ਵਧੇਰੇ ਕਰਕੇ ਕਿਸੇ ਤੱਤ ਦੀ ਘਾਟ ਦਰਸਾਉਂਦੀਆਂ ਹਨ। ਛਾਹੀਆਂ ਸਾਡੇ ਚਿਹਰੇ ‘ਤੇ ਹੀ ਕਿਉਂ ਪੈਂਦੀਆਂ ਹਨ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ‘ਤੇ ਬਹੁਤ ਘੱਟ ਪੈਂਦੀਆਂ ਹਨ। ਚਿਹਰੇ ਤੋਂ ਮਨੁੱਖੀ ਮਨ ਦੀ ਅੰਤਰੀਵ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਅਗਰ ਕੋਈ ਮਨੁੱਖ ਚਿੰਤਾ ਦੇ ਦੌਰ ‘ਚੋਂ ਗੁਜ਼ਰ ਰਿਹਾ ਹੋਵੇ ਤਾਂ ਉਸਦੇ ਚਿਹਰੇ ‘ਤੇ ਝੁਰੜੀਆਂ ਅਤੇ ਛਾਹੀਆਂ ਪੈਣੀਆਂ ਸੁਭਾਵਿਕ ਹਨ, ਜੋ ਕਿਸੇ ਤਰ੍ਹਾਂ ਦੀ ਕਰੀਮ, ਮੱਲ੍ਹਮ ਜਾਂ ਮੈਡੀਕੇਟਡ ਸਾਬਣ ਨਾਲ ਨਹੀਂ ਹਟਦੀਆਂ। ਗਰਭ ਦੌਰਾਨ ਜਾਂ ਦੁੱਧ ਚੁੰਘਾਉਣ ਸਮੇਂ ਬਹੁਤ ਸਾਰੀਆਂ ਔਰਤਾਂ ਦੇ ਚਿਹਰੇ ‘ਤੇ ਛਾਹੀਆਂ ਪੈ ਜਾਂਦੀਆਂ ਹਨ, ਜੋ ਸਮੇਂ ਨਾਲ ਜਾਂ ਕੁਝ ਤੱਤਾਂ ਦੀ ਘਾਟ ਨੂੰ ਪੂਰਿਆਂ ਕਰਨ ਤੋਂ ਪਿੱਛੋਂ ਚਲੀਆਂ ਜਾਂਦੀਆਂ ਹਨ। ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਆਇਰਨ ਜਾਂ ਕੈਲਸ਼ੀਅਮ ਦੀ ਕਮੀ ਕਾਰਨ ਛਾਹੀਆਂ ਪੈ ਜਾਂਦੀਆਂ ਹਨ ਅਤੇ ਕੁਝ ਹੱਦ ਤੱਕ ਕੈਲਸ਼ੀਅਮ ਅਤੇ ਆਇਰਨ ਦੀ ਵਰਤੋਂ ਕਰਨ ਨਾਲ ਠੀਕ ਵੀ ਹੋ ਜਾਂਦੀਆਂ ਹਨ।
ਇਸੇ ਤਰ੍ਹਾਂ ਕਿੱਲ ਅਤੇ ਪਿੰਪਲ ਵੀ ਕੁੜੀਆਂ ਅਤੇ ਮੁੰਡਿਆਂ ਦੋਨਾਂ ਵਿਚ ਖ਼ਾਸ ਕਰਕੇ ਜਵਾਨੀ (19-25) ਦੀ ਉਮਰ ਵਿਚ ਨਿਕਲਦੇ ਹਨ, ਜਿਸ ਨੂੰ ਸਾਡੇ ਲੋਕ ਆਮ ਭਾਸ਼ਾ ਵਿਚ ਜਵਾਨੀ ਫੁੱਟਣੀ ਜਾਂ ਸਰੀਰ ਵਿਚ ਵਧੇਰੇ ਗਰਮਾਇਸ਼ ਹੋਣ ਦਾ ਸੰਕੇਤ ਦਿੰਦੇ ਹਨ ਪਰ ਜਿਥੋਂ ਤੱਕ ਸਾਇਕਾਲੋਜਿਸਟਾਂ ਦਾ ਮੰਨਣਾ ਹੈ ਕਿ ਵਧੇਰੇ ਕਰਕੇ ਕਿੱਲ ਉਨ੍ਹਾਂ ਜਵਾਨ ਕੁੜੀਆਂ ਅਤੇ ਮੁੰਡਿਆਂ ਵਿਚ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਕਾਮੁਕਤਾ ਜ਼ਿਆਦਾ ਹੋਵੇ। ਕੁੜੀਆਂ ਵਿਚ ਜਦ ਮਾਹਵਾਰੀ ਆਉਣ ਦੇ ਇਕ-ਦੋ ਦਿਨ ਰਹਿੰਦੇ ਹੋਣ ਤਾਂ ਚਿਹਰਾ ਕਿੱਲਾਂ ਨਾਲ ਭਰ ਜਾਂਦਾ ਹੈ ਪਰ ਜੇਕਰ ਮਾਹਵਾਰੀ ਖੁੱਲ੍ਹ ਕੇ ਆ ਜਾਵੇ ਤਾਂ ਚਿਹਰਾ ਆਪਣੇ ਆਪ ਠੀਕ ਹੋ ਜਾਂਦਾ ਹੈ। ਅਗਰ ਕਿਸੇ ਵਜ੍ਹਾ ਕਰਕੇ ਮਾਹਵਾਰੀ ਵਿਚ ਰੁਕਾਵਟ ਪੈ ਜਾਵੇ ਤਾਂ ਕਿੱਲ ਜਿਉਂ ਦੇ ਤਿਉਂ ਰਹਿੰਦੇ ਹਨ। ਮੁੰਡਿਆਂ ਵਿਚ ਵੀ ਇਹ ਸਥਿਤੀ ਆਮ ਵੇਖਣ ਨੂੰ ਮਿਲਦੀ ਹੈ। ਜਿਹੜੇ ਨੌਜਵਾਨ ਮੁੰਡੇ ਹੱਥਰਸੀ ਜ਼ਿਆਦਾ ਕਰਦੇ ਹਨ, ਉਨ੍ਹਾਂ ਵਿਚ ਇਸ ਰੋਗ ਦੇ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਬਹੁਤੀਆਂ ਤੇਜ਼ ਦਵਾਈਆਂ, ਐਂਟੀਬਾਇਟਿਕ ਜਾਂ ਦਰਦ ਨਿਵਾਰਕ ਗੋਲੀਆਂ ਖਾਣ ਨਾਲ ਵੀ ਚਿਹਰੇ ‘ਤੇ ਕਿੱਲ ਨਿਕਲ ਆਉਂਦੇ ਹਨ।
ਉਹ ਮੁੰਡੇ-ਕੁੜੀਆਂ, ਜਿਨ੍ਹਾਂ ਦੀ ਜੱਦ ਵਿਚ ਇਹ ਤਕਲੀਫ਼ ਹੋਵੇ, ਉਨ੍ਹਾਂ ਵਿਚ ਕਿੱਲ ਜਾਂ ਪਿੰਪਲ ਨਿਕਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਚਮੜੀ ਮਾਹਿਰਾਂ ਅਨੁਸਾਰ ਸਾਡੇ ਚਿਹਰੇ ‘ਤੇ ਜੋ ਪਸੀਨੇ ਵਾਲੀਆਂ ਗ੍ਰੰਥੀਆਂ ਹੁੰਦੀਆਂ ਹਨ, ਉਹ ਬੰਦ ਹੋ ਜਾਂਦੀਆਂ ਹਨ ਅਤੇ ਕਿੱਲ ਫੁੱਟਣੇ ਸ਼ੁਰੂ ਹੋ ਜਾਂਦੇ ਹਨ ਜਾਂ ਉਹ ਮੁੰਡੇ-ਕੁੜੀਆਂ, ਜਿਨ੍ਹਾਂ ਦੇ ਚਿਹਰੇ ‘ਤੇ ਚੀਕਣਾਪਣ ਜ਼ਿਆਦਾ ਹੁੰਦਾ ਹੈ, ਜ਼ਿਆਦਾ ਘੱਟੇ-ਮਿੱਟੀ ਅਤੇ ਪ੍ਰਦੂਸ਼ਣ ਕਰਕੇ ਚਿਹਰੇ ਉੱਤੇ ਕਿੱਲ ਨਿਕਲਣ ਦੀ ਸੰਭਾਵਨਾ ਵਧ ਜਾਂਦੀ ਹੈ। ਫਿਰ ਕਰੀਮਾਂ ਲਾਉਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਚਿਹਰੇ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਕਰੀਮਾਂ ਥੱਪ-ਥਪਾ ਕੇ ਬਚਿਆ-ਖੁਚਿਆ ਚਿਹਰਾ ਵੀ ਬਦਸੂਰਤ ਕਰ ਲਿਆ ਜਾਂਦਾ ਹੈ। ਅਗਰ ਬਹੁਤ ਲੰਮੇ ਸਮੇਂ ਪਿੱਛੋਂ ਵੀ ਇਹ ਕਿੱਲ ਜਾਂ ਪਿੰਪਲ ਠੀਕ ਹੋਣ ਦਾ ਨਾਂਅ ਨਹੀਂ ਲੈਂਦੇ ਤਾਂ ਨੌਜਵਾਨ ਮੁੰਡੇ-ਕੁੜੀਆਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬਹੁਤ ਸਾਰੀਆਂ ਕੁੜੀਆਂ ਸਿਰਫ਼ ਚਿਹਰੇ ਦੀ ਬਦਸੂਰਤੀ ਕਰਕੇ ਵਿਆਹ-ਸ਼ਾਦੀਆਂ, ਪਾਰਟੀਆਂ ‘ਤੇ ਜਾਣ ਤੋਂ ਕੰਨੀਂ ਕਤਰਾ ਜਾਂਦੀਆਂ ਹਨ ਕਿ ਜੇਕਰ ਕਿਸੇ ਨੇ ਪੁੱਛ ਲਿਆ ਤਾਂ ਕੀ ਜਵਾਬ ਦੇਵਾਂਗੀਆਂ। ਇੱਥੋਂ ਤੱਕ ਕਿ ਕਈਆਂ ਨੇ ਤਾਂ ਆਤਮ-ਹੱਤਿਆ ਕਰਨ ਦਾ ਵੀ ਮਨ ਬਣਾ ਲਿਆ ਹੁੰਦਾ ਹੈ।
ਪੰਜਾਬ ਦੇ ਮੁੰਡੇ-ਕੁੜੀਆਂ, ਜਿਨ੍ਹਾਂ ਦੇ ਰੂਪ ਦੀ ਧਾਂਕ ਪੂਰੇ ਸੰਸਾਰ ਵਿਚ ਸੀ, ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ। ਕੀ ਕਾਰਨ ਪੰਜਾਬ ਦੀਆਂ ਕੁੜੀਆਂ ਆਪਣੇ ਚਿਹਰਿਆਂ ਨੂੰ ਛੁਪਾਉਣ ਲੱਗ ਪਈਆਂ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਖਾਣ-ਪੀਣ ਦੇ ਢੰਗਾਂ ਵਿਚ ਤਬਦੀਲੀ। ਅੱਜ ਕੱਲ੍ਹ ਕਿਸੇ ਕੁੜੀ-ਮੁੰਡੇ ਨੂੰ ਦੁੱਧ, ਦਹੀਂ, ਲੱਸੀ ਤਾਂ ਚੰਗੇ ਨਹੀਂ ਲਗਦੇ ਪਰ ਬਰੈੱਡ-ਪਕੌੜੇ, ਚਾਟ ਮਸਾਲੇ ਜਿੰਨੇ ਮਰਜ਼ੀ ਖੁਆ ਦਿਓ। ਜਦੋਂ ਅਸੀਂ ਤਲੀਆਂ ਚੀਜ਼ਾਂ ਖਾਂਦੇ ਹਾਂ ਤਾਂ ਸੱਚਮੁੱਚ ਸਾਡੇ ਸਰੀਰ ਵਿਚ ਗਰਮੀ ਵਧਦੀ ਹੈ। ਦੂਸਰਾ ਸਾਡੇ ਲੋਕਾਂ ਨੂੰ ਪਾਣੀ ਪੀਣ ਦੀ ਆਦਤ ਘੱਟ ਹੈ, ਜਿਸ ਕਾਰਨ ਸਰੀਰਕ ਸੰਤੁਲਨ ਵਿਚ ਵਿਗਾੜ ਪੈਂਦਾ ਹੈ।

Advertisement

               ਨੌਜਵਾਨ ਮੁੰਡੇ-ਕੁੜੀਆਂ ਨੂੰ ਦਿਨ ਵਿਚ ਘੱਟੋ-ਘੱਟ ਪੰਜ ਲਿਟਰ ਪਾਣੀ ਪੀਣਾ ਚਾਹੀਦਾ ਹੈ। ਬਾਜ਼ਾਰ ਦੀਆਂ ਤਲੀਆਂ ਅਤੇ ਸੁਆਦਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਚਿਹਰੇ ਉੱਪਰ ਕਰੀਮਾਂ, ਮੱਲ੍ਹਮਾਂ ਜਾਂ ਤਰ੍ਹਾਂ-ਤਰ੍ਹਾਂ ਦੀਆਂ ਸਾਬਣਾਂ ਲਾ ਕੇ ਚਿਹਰੇ ਨੂੰ ਹੋਰ ਖ਼ਰਾਬ ਕਰਨ ਤੋਂ ਰੋਕੋ। ਕਿੱਲਾਂ ਨੂੰ ਪੁੱਟਣਾ ਨਹੀਂ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਦਾਗ ਪੈ ਜਾਂਦੇ ਹਨ, ਜੋ ਬਹੁਤ ਲੰਮੇ ਸਮੇਂ ਤੱਕ ਮਿਟਣ ਦਾ ਨਾਂਅ ਨਹੀਂ ਲੈਂਦੇ। ਖ਼ੁਸ਼ ਰਹੋ, ਨਾ ਕਿ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਓ। ਥੋੜ੍ਹਾ ਜਿਹਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲਣ ਨਾਲ ਤੁਹਾਡੀ ਜ਼ਿੰਦਗੀ ਦਾ ਰੰਗ ਹੀ ਬਦਲ ਜਾਵੇਗਾ।

ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446

Advertisement
Advertisement
Advertisement
Advertisement
Advertisement
error: Content is protected !!