ਪੁਲਿਸ ਤੇ ਕੋਰੋਨਾ ਦਾ ਵੱਡਾ ਹਮਲਾ- ਐਸਪੀ ਵਿਰਕ, ਡੀਐਸਪੀ ਢੀਂਡਸਾ, ਐਸਐਚਉ ਜਸਵਿੰਦਰ ਕੌਰ, 1 ਹੌਲਦਾਰ ਤੇ 1 ਮਹਿਲਾ ਸਿਪਾਹੀ ਵੀ ਕੋਰੋਨਾ ਨੇ ਡੰਗੇ
2 ਹਵਾਲਾਤੀਆਂ ਸਣੇ 4 ਹੋਰ ਮਰੀਜ਼ ਵੀ ਪੌਜੇਟਿਵ
ਹਰਿੰਦਰ ਨਿੱਕਾ ਬਰਨਾਲਾ 26 ਜੁਲਾਈ 2020
ਭਾਂਵੇ ਇਸ ਨੂੰ ਲੋਕਾਂ ਦੀ ਲਾਪਰਵਾਹੀ ਦਾ ਨਤੀਜ਼ਾ ਸਮਝੋ ਜਾਂ ਫਿਰ ਕੋਰੋਨਾ ਵਾਇਰਸ ਦਾ ਆਪ ਮੁਹਾਰਾ ਫੈਲਾਅ, ਜਿਲ੍ਹੇ ਅੰਦਰ ਕੋਰੋਨਾ ਦੇ ਮਰੀਜਾਂ ਦਾ ਅੰਕੜਾ ਲਗਾਤਾਰ 3 ਦਿਨ ਤੋਂ ਤੇਜ਼ੀ ਨਾਲ ਵੱਧਦਾ ਹੀ ਜਾ ਰਿਹਾ ਹੈ। ਹੁਣ ਜਿਲ੍ਹੇ ਅੰਦਰ ਪੌਜੇਟਿਵ ਮਰੀਜਾਂ ਦੀ ਸੰਖਿਆ 121 ਦਾ ਅੰਕੜਾ ਪਾਰ ਕਰ ਚੁੱਕੀ ਹੈ। ਪਿਛਲੇ ਤਿੰਨ ਦਿਨ ਚ, ਹੀ ਜਿਲ੍ਹੇ ਦੇ 26 ਸ਼ੱਕੀ ਮਰੀਜ ਪੌਜੇਟਿਵ ਆਏ ਹਨ। ਐਤਵਾਰ ਨੂੰ ਪ੍ਰਾਪਤ ਹੋਈ ਰਿਪੋਰਟ ਚ, ਐਸਐਚਉ ਮਹਿਲ ਕਲਾਂ ਜਸਵਿੰਦਰ ਕੌਰ, ਹੌਲਦਾਰ ਯਾਦਵਿੰਦਰ ਸਿੰਘ ਤੇ 2 ਹਵਾਲਾਤੀਆਂ ਸਣੇ ਕੁੱਲ 8 ਜਣਿਆਂ ਦੀ ਰਿਪੋਰਟ ਪੌਜੇਟਿਵ ਪਾਏ ਗਏ ਹਨ।
ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੌਜੇਟਿਵ ਮਰੀਜਾਂ ਚ,ਥਾਣਾ ਮਹਿਲ ਕਲਾਂ ਦੇ 2 ਮੁਲਾਜਮ ,2 ਹਵਾਲਾਤੀ, 2 ਹੰਡਿਆਇਆ ਪਿੰਡ ਦੇ ਅਤੇ ਆਸਥਾ ਕਲੋਨੀ ਬਰਨਾਲਾ ਅਤੇ ਮੌੜ ਨਾਭਾ ਦੇ 1-1 ਮਰੀਜ਼ ਸ਼ਾਮਿਲ ਹਨ। ਉਨਾਂ ਦੱਸਿਆ ਕਿ ਉਕਤ ਸਾਰੇ ਪੌਜੇਟਿਵ ਮਰੀਜਾਂ ਦੇ ਸੰਪਰਕ ਚ, ਆਏ ਵਿਅਕਤੀਆਂ ਦੀ ਸੂਚੀ ਵੀ ਸਿਹਤ ਵਿਭਾਗ ਦੀ ਟੀਮ ਤਿਆਰ ਕਰਕੇ ਉਨਾਂ ਨੂੰ ਵੀ ਹੋਮ ਕੋਆਰੰਨਟੀਨ ਕੀਤਾ ਜਾ ਰਿਹਾ ਹੈ। ਤਾਕਿ ਕੋਰੋਨਾ ਦੇ ਫੈਲਾਅ ਨੂੰ ਠੱਲ ਪੈ ਸਕੇ। ਸਿਵਲ ਸਰਜ਼ਨ ਨੇ ਦੱਸਿਆ ਕਿ ਹੰਡਿਆਇਆ ਨਿਵਾਸੀ ਮਰੀਜਾਂ ਚ, 1 ਰਜਿੰਦਰ ਕੁਮਾਰ ਫੋਰਟਿਸ ਹਸਪਤਾਲ ਮੋਹਾਲੀ ਚ, ਭਰਤੀ ਹੈ, ਜਦੋਂ ਕਿ ਦੂਸਰਾ ਅਰਸ਼ਦ ਖਾਨ ਵੀ ਕੁਝ ਸਮੇਂ ਤੋਂ ਜੇਰ ਏ ਇਲਾਜ ਹੈ।
ਬਚਾਅ ਹੀ ਸਭ ਤੋਂ ਕਾਰਗਰ ਉਪਾਅ- ਸਿਵਲ ਸਰਜ਼ਨ
ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਵੱਧਦੇ ਕਦਮਾਂ ਨੂੰ ਠੱਲ੍ਹਣ ਦਾ ਸਭ ਤੋਂ ਕਾਰਗਰ ਉਪਾਅ, ਬਚਾਅ ਹੀ ਹੈ। ਕਿਉਂਕਿ ਹਾਲੇ ਤੱਕ ਪੂਰੀ ਦੁਨੀਆਂ ਚ, ਹੀ ਇਸਦਾ ਕੋਈ ਇਲਾਜ਼ ਈਜਾਦ ਨਹੀਂ ਹੋ ਸਕਿਆ। ਇਸ ਲਈ ਜਦੋਂ ਤੱਕ ਕੋਰੋਨਾ ਦੇ ਇਲਾਜ ਲਈ ਕੋਈ ਵੈਕਸੀਨ ਨਹੀਂ ਹੈ। ਉਨਾਂ ਦੇਰ ਤੱਕ ਤਾਂ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਨੂੰ ਅਮਲੀ ਰੂਪ ਚ, ਲਾਗੂ ਕਰਕੇ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਨਾਂ ਮੰਨਿਆ ਕਿ ਲੌਕਡਾਉਨ ਖੁੱਲ੍ਹਣ ਤੋਂ ਬਾਅਦ ਕੋਰੋਨਾ ਪੌਜੇਟਿਵ ਮਰੀਜਾਂ ਦੀ ਗਿਣਤੀ ਚ, ਚੋਖਾ ਵਾਧਾ ਹੋ ਰਿਹਾ ਹੈ। ਅਜਿਹੇ ਹਾਲਤ ਚ, ਲੋਕਾਂ ਨੂੰ ਖੁਦ ਹੀ ਜਿਆਦਾ ਸਾਵਧਾਨ ਰਹਿਣਾ ਸਮੇਂ ਦੀ ਅਹਿਮ ਲੋੜ ਹੈ। ਉਨਾਂ ਕਿਹਾ ਕਿ ਭੀੜ ਭਾੜ ਵਾਲੀਆਂ ਜਨਤਕ ਥਾਵਾਂ ਤੇ ਜਾਣ ਤੋਂ ਬਚਿਆ ਜਾਵੇ, ਸ਼ੋਸ਼ਲ ਦੂਰੀ ਦਾ ਧਿਆਨ ਰੱਖਿਆ ਜਾਵੇ। ਹੱਥ ਮਿਲਾਉਣ ਦੀ ਆਦਤ ਛੱਡ ਕੇ ਲੋਕਾਂ ਨੂੰ ਮਿਲਣ ਲਈ ਦੂਰੋਂ ਹੀ ਫਤਿਹ ਬੁਲਾ ਕੇ ਕੋਰੋਨਾ ਤੇ ਫਤਿਹ ਪਾਈ ਜਾ ਸਕਦੀ ਹੈ।