ਪੁਲਿਸ ਨੇ 2 ਏਜੰਟਾ ਖਿਲਾਫ ਕੀਤਾ ਮੌਤ ਲਈ ਮਜ਼ਬੂਰ ਕਰਨ ਦਾ ਕੇਸ
ਨਾਮਜ਼ਦ ਦੋਸ਼ੀ ਫਰਾਰ, ਭਾਲ ਚ, ਲੱਗੀ ਪੁਲਿਸ-ਏਐਸਆਈ ਲਾਭ ਸਿੰਘ
ਹਰਿੰਦਰ ਨਿੱਕਾ ਬਰਨਾਲਾ 26 ਜੁਲਾਈ 2020
ਪਿਛਲੇ ਵਰ੍ਹੇ ਕੈਨੇਡਾ ਪੜ੍ਹਾਈ ਕਰਨ ਲਈ ਭੇਜੀ ਪੋਤੀ ਨਾਲ 11 ਲੱਖ ਰੁਪਏ ਦੀ ਵੱਜੀ ਕਥਿਤ ਠੱਗੀ ਦਾ ਸਦਮਾ ਨਾ ਸਹਾਰ ਸਕੀ 70 ਵਰ੍ਹਿਆਂ ਦੀ ਦਾਦੀ ਨੇ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਬੇਟੇ ਦੇ ਜਸਮੇਲ ਸਿੰਘ ਨਿਵਾਸੀ ਪੱਖੋ ਬਸਤੀ ਸ਼ਹਿਣਾ ਦੇ ਬਿਆਨ ਤੇ ਫਲਾਇੰਗ ਫੈਦਰ ਇੰਮੀਗ੍ਰੇਸ਼ਨ ਐਂਡ ਸਟੱਡੀ ਵੀਜਾ ਕੰਸਲਟੈਂਸੀ ਭਦੌੜ ਦੇ ਮਾਲਿਕ ਹਰਮੰਦਿਰ ਸਿੰਘ ਅਤੇ ਏਜੰਟ ਜਗਦੀਪ ਸਿੰਘ ਦੇ ਖਿਲਾਫ ਮੌਤ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼ ਕਰ ਦਿੱਤਾ ਹੈ। ਦੋਵੇਂ ਨਾਮਜ਼ਦ ਦੋਸ਼ੀ ਫਰਾਰ ਦੱਸੇ ਜਾਂਦੇ ਹਨ ਅਤੇ ਪੁਲਿਸ ਨੇ ਉਨਾਂ ਦੀ ਗਿਰਫਤਾਰੀ ਦੇ ਯਤਨ ਤੇਜ਼ ਕਰ ਦਿੱਤੇ ਹਨ।
ਕੀ ਹੈ ਪੂਰਾ ਮਾਮਲਾ
ਜਸਮੇਲ ਸਿੰਘ ਪੁੱਤਰ ਰਣਜੀਤ ਸਿੰਘ ਨਿਵਾਸੀ ਪੱਖੋ ਬਸਤੀ ਸ਼ਹਿਣਾ ਨੇ ਦੱਸਿਆ ਕਿ ਉਸਦੀ ਲੜਕੀ ਸੁਖਦੀਪ ਕੌਰ ਨੂੰ ਕੈਨੇਡਾ ਭੇਜ਼ਣ ਲਈ 11 ਲੱਖ ਰੁਪਏ ਫਲਾਇੰਗ ਫੈਦਰ ਇੰਮੀਗ੍ਰੇਸ਼ਨ ਐਂਡ ਸਟੱਡੀ ਵੀਜਾ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਭਦੌੜ ਵਿਖੇ ਹਰਮੰਦਰ ਸਿੰਘ ਅਤੇ ਜਗਦੀਪ ਸਿੰਘ ਨੂੰ ਦਿੱਤੇ ਸੀ। ਜਦੋਂ ਲੜਕੀ ਕੈਨੇਡਾ ਵਿਖੇ ਗਈ ਤਾਂ ¾ ਦਿਨਾਂ ਬਾਅਦ ਸੁਖਦੀਪ ਕੌਰ ਨੇ ਦੱਸਿਆ ਕਿ ਉਕਤ ਫਲਾਇੰਗ ਫੈਦਰ ਵਾਲਿਆਂ ਨੇ ਉਸ ਦੇ ਕਾਲਜ਼ ਦੀ ਫੀਸ ਹੀ ਨਹੀਂ ਭਰੀ। ਜਦੋਂ ਉਹ ਇਸ ਸਬੰਧੀ ਉਕਤ ਦਫਤਰ ਚ, ਗੱਲ ਕਰਨ ਲਈ ਗਿਆ ਤਾਂ ਉਨਾਂ ਨੇ ਕੈਨੇਡਾ ਕਾਲਜ ਵਾਲਿਆਂ ਨਾਲ ਮੇਲ ਭੇਜ ਕੇ ਗੱਲ ਕਰਨ ਦਾ ਭਰੋਸਾ ਦਿੱਤਾ। ਕੁਝ ਦਿਨਾਂ ਬਾਅਦ ਦੋਵਾਂ ਨਾਮਜ਼ਦ ਦੋਸ਼ੀਆਂ ਨੇ ਕਾਲਜ ਦੀ ਫੀਸ ਦੀ ਇੱਕ ਰਸੀਦ ਲੜਕੀ ਨੂੰ ਭੇਜ ਦਿੱਤੀ। ਪਰੰਤੂ ੳਹ ਜਾਲ੍ਹੀ ਫਰਜੀ ਨਿੱਕਲੀ। ਦੁਬਾਰਾ ਪੁੱਛਣ ਤੇ ਉਕਤ ਦੋਵੇਂ ਏਜੰਟ ਸਾਡੇ ਘਰ ਆ ਕੇ ਧਮਕੀਆਂ ਦੇਣ ਲੱਗੇ।
ਠੱਗੀ ਦਾ ਪਤਾ ਲੱਗਣ ਤੇ ਸਦਮੇ ਚ, ਰਹਿਣ ਲੱਗੀ ਦਾਦੀ
ਕੁਝ ਦਿਨ ਪਹਿਲਾਂ ਜਦੋਂ ਇਸ ਠੱਗੀ ਬਾਰੇ ਮਾਤਾ ਬਲਵੀਰ ਕੌਰ ਨੂੰ ਪਤਾ ਲੱਗਿਆ ਕਿ ਇਹਨਾਂ ਏਜੰਟਾਂ ਨੇ ਆਪਣੀ ਲੜਕੀ ਸੁਖਦੀਪ ਕੌਰ ਦੀ ਜਿੰਦਗੀ ਖਰਾਬ ਕਰ ਦਿੱਤੀ ਤੇ ਆਪਣਾ ਘਰ ਬਰਬਾਦ ਕਰ ਦਿੱਤਾ ਤਾਂ ਉਹ ਸਦਮੇ ਚ, ਰਹਿਣ ਲੱਗੀ। 24 ਜੁਲਾਈ ਦੀ ਸ਼ਾਮ 5 ਵਜੇ ਮਾਤਾ ਬਲਵੀਰ ਕੌਰ ਫੌਤ ਹੋਈ ਜਾਪੀ, ਜਦੋਂ ਉਸਨੂੰ ਚੈਕਅੱਪ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਬਲਵੀਰ ਕੌਰ ਦੀ ਮੌਤ ਉਕਤ ਦੋਵਾਂ ਏਜੰਟਾ ਦੁਆਰਾ ਉਨਾਂ ਦੀ ਬੇਟੀ ਨਾਲ 11 ਲੱਖ ਰੁਪਏ ਦੀ ਠੱਗੀ ਵੱਜ ਜਾਣ ਦੇ ਸਦਮੇ ਕਾਰਣ ਹੋਈ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਬੇਟੇ ਜਸਮੇਲ ਸਿੰਘ ਦੇ ਬਿਆਨ ਤੇ ਦੋਵਾਂ ਨਾਮਜਦ ਦੋਸ਼ੀ ਏਜੰਟਾ ਦੇ ਖਿਲਾਫ ਅਧੀਨ ਜੁਰਮ 306IPC ਦੇ ਤਹਿਤ ਥਾਣਾ ਸ਼ਹਿਣਾ ਵਿਖੇ ਕੇਸ ਦਰਜ਼ ਕਰਕੇ ਲਾਸ਼ ਪੋਸਟਮਾਰਟਮ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਉਨਾਂ ਕਿਹਾ ਕਿ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਭਦੋੜ ਫਲਾਇੰਗ ਫੈਦਰ ਦਾ ਸਾਡੇ ਨਾਲ ਕੋਈ ਸਬੰਧ ਨਹੀਂ- ਸ਼ਿਵ ਸਿੰਗਲਾ
ਫਲਾਇੰਗ ਫੈਦਰ ਵੀਜਾ ਐਕਸਪ੍ਰਟਸ ਪ੍ਰਾਈਵੇਟ ਲਿਮਟਿਡ ਦੇ ਕੰਟਰੀ ਹੈਡ ਸ਼ਿਵ ਸਿੰਗਲਾ ਨੇ ਭਦੋੜ ਫਲਾਇੰਗ ਫੈਦਰ ਬਾਰੇ ਸਪੱਸ਼ਟ ਕਰਦਿਆਂ ਦੱਸਿਆ ਕਿ ਉਕਤ ਦਰਜ਼ ਹੋਏ ਕੇਸ ਅਤੇ ਦੋਵਾਂ ਨਾਮਜ਼ਦ ਦੋਸ਼ੀਆਂ ਨਾਲ ਸਾਡੇ ਫਲਾਇੰਗ ਫੈਦਰ ਦਾ ਕੋਈ ਸਬੰਧ ਨਹੀਂ ਹੈ। ਸਾਡੀਆਂ ਬਰਾਚਾਂ ਬਰਨਾਲਾ, ਸੰਗਰੂਰ, ਬਠਿੰਡਾ, ਪਟਿਆਲਾ ਤੇ ਮੋਹਾਲੀ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਹਨ। ਜਦੋਂ ਕਿ ਭਦੋੜ ਫਲਾਇੰਗ ਫੈਦਰ ਸਿਰਫ ਭਦੌੜ ਨਾਲ ਹੀ ਸਬੰਧਿਤ ਹੈ। ਉਨਾਂ ਕਿਹਾ ਕਿ ਸਾਡੀ ਰਜਿਸਟ੍ਰੇਸ਼ਨ ਪ੍ਰਸ਼ਾਸ਼ਨ ਦੁਆਰਾ ਜਾਰੀ ਸੂਚੀ ਵਿੱਚ ਸਾਲ 2018 ਚ, 55/56 ਨੰਬਰ ਤੇ ਹੋਈ ਹੈ, ਜਦੋਂ ਕਿ ਭਦੌੜ ਫਲਾਇੰਗ ਫੈਦਰ ਵਾਲਿਆਂ ਦੀ ਰਜਿਸਟ੍ਰੇਸ਼ਨ ਸਾਲ 2019 ਚ, 80/81 ਨੰਬਰ ਤੇ ਵੱਖਰੀ ਹੋਈ ਹੈ। ਇਸ ਤਰਾਂ ਦੋਵਾਂ ਫਲਾਇੰਗ ਫੈਦਰ ਦੇ ਲੋਗੋ ਦਾ ਵੀ ਕਾਫੀ ਅੰਤਰ ਹੈ। ਇਨ੍ਹਾਂ ਖਿਲਾਫ ਅਸੀਂ ਸਾਡੇ ਵਾਲੇ ਨਾਮ ਦਾ ਹੂ-ਬ-ਹੂ ਇਸਤੇਮਾਲ ਕਰਨ ਸਬੰਧੀ ਸਾਡੇ ਧਿਆਨ ਚ, ਆਉਣ ਤੋਂ ਬਾਅਦ ਇੱਕ ਸ਼ਕਾਇਤ ਵੀ ਕੀਤੀ ਹੋਈ ਹੈ, ਜਿਹੜੀ ਹਾਲੇ ਪੈਡਿੰਗ ਹੈ।