ਅਸ਼ੋਕ ਵਰਮਾ ਬਠਿਡਾ,25 ਜੁਲਾਈ 2020
ਬਠਿੰਡਾ ਨਹਿਰ ਚੋਂ ਮੱਛੀਆਂ ਫੜਨ ਵਾਲੇ ਮਛੇਰਿਆਂ ਨੂੰ ਜਿੰਦਾ ਰਾਕਟ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ। ਇਹ ਰਾਕਟ ਆਮ ਤੌਰ ਤੇ ਫੌਜ ਕੋਲ ਹੁੰਦਾ ਹੈ। ਪਤਾ ਲੱਗਿਆ ਹੈ ਕਿਕੁਝ ਵਿਅਕਤੀ ਮੱਛੀਆਂ ਫੜਣ ਲਈ ਨਹਿਰ ’ਚ ਉੱਤਰੇ ਸਨ ਤਾਂ ਉਨਾਂ ਦਾ ਪੈਰ ਰਾਕੇਟ ਨਾਲ ਟਕਰਾ ਗਿਆ। ਇੰਨਾਂ ਨੌਜਵਾਨਾਂ ਨੇ ਰਾਕੇਟ ਲਾਂਚਰ ਨੂੰ ਬਾਹਰ ਕੱਢ ਲਿਆ ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਥਾਣਾ ਥਰਮਲ ਪੁਲਿਸ ਮੌਕੇ ਤੇ ਪੁੱਜੀ ਅਤੇ ਸਥਿਤੀ ਦਾ ਜਾਇਜਾ ਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਠਿੰਡਾ ਪੁਲਿਸ ਦਾ ਬੰਬ ਵਿਰੋਧੀ ਦਸਤਾ ਮੌਕੇ ਤੇ ਬੁਲਾਇਆ ਜਿਸ ਨੇ ਰਾਕਟ ਦੇ ਜਿੰਦਾ ਹੋਣ ਦੀ ਪੁਸ਼ਟੀ ਕੀਤੀ। ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਥਰਮਲ ਪੁਲਿਸ ਮੌਕੇ ਤੇ ਗਈ ਸੀ ਪਰ ਇਹ ਇਲਾਕਾ ਥਾਣਾ ਕੋਤਵਾਲੀ ’ਚ ਪੈਂਦਾ ਹੈ ਅਤੇ ਉੱਥੋਂ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ। ਥਾਣਾ ਕੋਤਵਾਲੀ ਦੇ ਐਸਐਚਓ ਇੰਸਪੈਕਟਰ ਦਵਿੰਦਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਫੌਜ ਦੇ ਤਕਨੀਕੀ ਮਾਹਿਰ ਰਾਕਟ ਨੂੰ ਨਕਾਰਾ ਕਰਨ ਚ ਲੱਗੇ ਹੋਏ ਹਨ। ਉਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈਕੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ।