ਕੌਂਸਲ ਚੋਣਾਂ ਤੋਂ ਬੇਫਿਕਰੇ ਕਾਂਗਰਸੀ, ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕਾਹਲੇ
ਢਿੱਲੋਂ ਦੇ ਥਾਪੜੇ ਨਾਲ ਚੇਅਰਮੈਨ ਬਣੇ ਅਸ਼ੋਕ ਮਿੱਤਲ ਦੇ ਕੈਬਨਿਟ ਮੰਤਰੀ ਸਿੰਗਲਾ ਦੇ ਧੜੇ ਨਾਲ ਜੁੜਨ ਤੋਂ ਢਿੱਲੋਂ ਸਮਰਥੱਕ ਖਫਾ
ਹਰਿੰਦਰ ਨਿੱਕਾ ਬਰਨਾਲਾ 25 ਜੁਲਾਈ 2020
ਕੋਵਿਡ-19 ਦੇ ਫੈਲਾਅ ਤੋਂ ਬਚਾਉ ਲਈ ਦੇਸ਼ ਭਰ ਚ,ਲਾਗੂ ਲੌਕਡਾਉਨ ਤੋਂ ਲੈ ਕੇ ਹੁਣ ਅਣਲੌਕ ਤੱਕ ਸਾਬਕਾ ਕਾਂਗਰਸੀ ਵਿਧਾਇਕ ਅਤੇ ਹਲਕਾ ਇੰਚਾਰਜ਼ ਕੇਵਲ ਸਿੰਘ ਢਿੱਲੋਂ ਦੀ ਇਲਾਕੇ ਚ, ਅਣਹੋਂਦ ਕਾਰਣ ਉਨਾਂ ਦੀ ਪੁਲਿਸ ਪ੍ਰਸ਼ਾਸ਼ਨ ਤੇ ਪਕੜ ਢਿੱਲੀ ਪੈ ਗਈ ਹੈ। ਉਨਾਂ ਦੇ ਧੜੇ ਦੀਆਂ ਲੱਗਪੱਗ ਠੱਪ ਪਈਆਂ ਸਰਗਰਮੀਆਂ ਨੇ ਵੀ ਢਿੱਲੋਂ ਵਿਰੋਧੀ ਖੇਮੇ ਦੇ ਤੌਰ ਦੇ ਜਾਣੇ ਜਾਂਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਧੜੇ ਦੀਆਂ ਪੌਬਾਰਾਂ ਕਰ ਦਿੱਤੀਆਂ ਹਨ । ਪੁਲਿਸ ਅਧਿਕਾਰੀਆਂ ਦੇ ਦਫਤਰਾਂ ,ਚ ਢਿੱਲੋਂ ਧੜੇ ਦਾ ਕੋਈ ਵੀ ਵੱਡਾ ਛੋਟਾ ਆਗੂ ਅੱਖ ਚ, ਪਾਇਆਂ ਨਹੀਂ ਰੜਕਦਾ। ਅਜਿਹੇ ਪੈਦਾ ਹੋਏ ਮਾਹੌਲ ਕਾਰਣ ਢਿੱਲੋਂ ਖੇਮੇ ਚ, ਕਾਫੀ ਨਿਰਾਸ਼ਤਾ ਵੀ ਪਾਈ ਜਾ ਰਹੀ ਹੈ। ਕਿਉਂਕਿ ਲੋਕ ਉਨਾਂ ਕੋਲ ਕੰਮ ਲਈ ਜਾਂਦੇ ਹਨ, ਪਰ ਉਹ ਕਿਸੇ ਅਧਿਕਾਰੀ ਨੂੰ ਫੋਨ ਕਰਕੇ ਸ਼ਿਫਾਰਿਸ਼ ਕਰਨ ਦੀ ਬਜਾਏ ਟਾਲਾ ਵੱਟਣ ਨੂੰ ਹੀ ਤਰਜੀਹ ਦਿੰਦੇ ਹਨ। ਚੁੰਝ ਚਰਚਾ ਇਹ ਵੀ ਛਿੜ ਚੁੱਕੀ ਹੈ ਕਿ ਢਿੱਲੋਂ ਦੇ ਥਾਪੜੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਅਸ਼ੋਕ ਮਿੱਤਲ ਦੱਬੇ ਪੈਰੀਂ ਕੈਬਨਿਟ ਮੰਤਰੀ ਸਿੰਗਲਾ ਦੇ ਗੰਦੇੜੇ ਜਾ ਚੜ੍ਹੇ ਹਨ । ਲੌਕਡਾਉਨ ਦੌਰਾਨ ਸਿਵਲ ਪ੍ਰਸ਼ਾਸ਼ਨ ਦੇ ਸਮਾਨ ਅੰਤਰ ਐਸਐਸਪੀ ਸੰਦੀਪ ਗੋਇਲ ਦੀ ਰਹਿਨੁਮਾਈ ਚ, ਚੱਲੀ ਰਾਸ਼ਨ ਵੰਡ ਮੁਹਿੰਮ ਚ, ਵੀ ਢਿੱਲੋਂ ਧੜੇ ਨੂੰ ਲੱਗਭੱਗ ਖੁੱਡੇ ਲਾਈਨ ਹੀ ਲਾਈ ਰੱਖਿਆ ਸੀ ।
ਢਿੱਲੋਂ ਦੇ ਕੰਨੀ ਵੀ ਜਾ ਪਈਆਂ , ਲੋਕਾਂ ਤੋਂ ਫੰਡ ਵਸੂਲੀ ਦੀਆਂ ਕਨਸੋਆਂ
ਕੋਰੋਨਾ ਫੰਡ ਮੁਹਿੰਮ ਲਈ ਲੋਕਾਂ ਤੋਂ ਪੁਲਿਸ ਵਰਦੀ ਦਾ ਹਊਆ ਦਿਖਾ ਕੇ ਕਰੋੜਾਂ ਰੁਪਏ ਦਾ ਫੰਡ ਸ਼ਹਿਰੀਆਂ ਤੋਂ ਇਕੱਠਾ ਕਰਨ ਮੌਕੇ ਵੀ ਪੁਲਿਸ ਪ੍ਰਸ਼ਾਸ਼ਨ ਨੇ ਚੇਅਰਮੈਨ ਅਸ਼ੋਕ ਮਿੱਤਲ ਅਤੇ ਕੁਝ ਕਲੋਨਾਈਜ਼ਰਾਂ ਨੂੰ ਹੀ ਕਥਿਤ ਤੌਰ ਤੇ ਮੋਹਰਾ ਬਣਾਇਆ ਸੀ। ਤਾਂ ਕਿ ਬੇਹਿਸਾਬ ਜਮਾਂ ਹੋਏ ਫੰਡ ਚ, ਜੇਕਰ ਕੋਈ ਘਪਲੇ ਦੀ ਗੱਲ ਵੀ ਸਾਹਮਣੇ ਆਵੇ ਤਾਂ ਇਸ ਦੇ ਸੇਕ ਤੋਂ ਪੁਲਿਸ ਅਧਿਕਾਰੀ ਪਾਕਿ ਸਾਫ ਹੀ ਬਚ ਸਕਣ । ਇਹ ਗੱਲ ਜੱਗ ਜਾਹਿਰ ਹੈ ਕਿ ਪੁਲਸੀਆ ਦਬਾਅ ਅਤੇ ਰੁਤਬੇ ਦੇ ਕਥਿਤ ਦੁਰਉਪਯੋਗ ਨਾਲ ਇਕੱਠੇ ਕੀਤੇ ਫੰਡ ਅਤੇ ਢਿੱਲੋਂ ਧੜੇ ਨੂੰ ਸਾਜਿਸ਼ੀ ਢੰਗ ਨਾਲ ਅਲੱਗ ਥਲੱਗ ਕਰਨ ਲਈ ਖੇਡੀ ਚਾਲ ਦੀਆਂ ਕਨਸੋਆਂ ਹੁਣ ਕੇਵਲ ਢਿੱਲੋਂ ਦੇ ਕੰਨੀਂ ਵੀ ਜਾ ਪਹੁੰਚੀਆਂ ਹਨ । ਢਿੱਲੋਂ ਧੜੇ ਦੇ ਆਗੂਆਂ ਦੀ ਪੁਲਿਸ ਦੀ ਰਾਸ਼ਨ ਵੰਡ ਮੁਹਿੰਮ ਤੋਂ ਬਣੀ ਰਹੀ ਜਾਂ ਜਾਣ ਬੁੱਝ ਕੇ ਬਣਾਈ ਦੂਰੀ ਨੇ ਪਹਿਲਾਂ ਤੋਂ ਹੀ 2 ਧੜਿਆਂ ਚ, ਵੰਡੀ ਕਾਂਗਰਸ ਦੀਆਂ ਜੜ੍ਹਾਂ ਚ, ਹੋਰ ਵੀ ਤੇਲ ਪਾ ਦਿੱਤਾ ਹੈ। ਭਰੋਸੇਯੋਗ ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਬਦਲੀਆਂ ਚ, ਕੇਵਲ ਢਿੱਲੋਂ ਦੀ ਚੱਲੀ ਤਾਂ ਢਿੱਲੋਂ ਧੜੇ ਨੂੰ ਠਿੱਬੀ ਲਾਉਣ ਦਾ ਖਾਮਿਆਜ਼ਾ ਪੁਲਿਸ ਦੇ ਮੋਹਰੀ ਅਧਿਕਾਰੀਆਂ ਨੂੰ ਭੁਗਤਨਾ ਵੀ ਪੈ ਸਕਦਾ ਹੈ।
ਲੌਕਡਾਉਨ ਦੌਰਾਨ ਲੋਕਾਂ ਦੀਆਂ ਢਿੱਲੀਆਂ ਕੀਤੀਆਂ ਜੇਬਾਂ ਕਾਰਣ ਸ਼ਹਿਰੀਆਂ ਚ, ਰੋਹ
ਨਗਰ ਕੌਂਸਲ ਚੋਣ ਦੀ ਮਿਆਦ ਪੁੱਗ ਜਾਣ ਤੋਂ ਬਾਅਦ ਵੀ ਬੇਸ਼ੱਕ ਪੰਜਾਬ ਸਰਕਾਰ ਦੁਆਰਾ ਹਾਲੇ ਤੱਕ ਕੋਵਿਡ 19 ਕਾਰਣ ਕੋਈ ਚੋਣ ਕਰਵਾਉਣ ਦਾ ਨੇੜ ਭਵਿੱਖ ਚ,ਵੀ ਨਿਰਣਾ ਨਹੀਂ ਕੀਤਾ। ਪਰੰਤੂ ਚੋਣ ਲੜ੍ਹਣ ਦੇ ਚਾਹਵਾਨ ਹੁਣੇ ਤੋਂ ਆਪੋ-ਆਪਣੇ ਸੰਭਾਵੀ ਵਾਰਡਾਂ ਚ, ਲੰਗੋਟ ਕਸੀ ਫਿਰਦੇ ਹਨ। ਸਰਕਾਰ ਦੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਅਤੇ ਲੌਕਡਾਉਨ ਦੌਰਾਨ ਰੋਹਬ ਨਾਲ ਲੋਕਾਂ ਦੀਆਂ ਢਿੱਲੀਆਂ ਕੀਤੀਆਂ ਜੇਬਾਂ ਕਾਰਣ ਸ਼ਹਿਰੀ ਲੋਕ ਕਾਂਗਰਸੀਆਂ ਨਾਲ ਅੱਖ ਮਿਲਾਉਣ ਤੋਂ ਵੀ ਪਾਸਾ ਵੱਟਣ ਲੱਗ ਪਏ ਹਨ । ਉਪਰੋਂ ਚੋਣ ਸਬੰਧੀ ਕੋਈ ਨੀਤੀ ਨਿਰਧਾਰਿਤ ਨਾ ਹੋਣ ਦੀ ਵਜ੍ਹਾ ਨਾਲ ਵੀ ਇੱਕ ਇੱਕ ਵਾਰਡ ਚ, ਹੀ ਕਈ ਕਈ ਕਾਂਗਰਸੀ ਆਪਣੇ ,ਪਰ ਤੋਲਦੇ ਫਿਰਦੇ ਹਨ। ਇੱਕ ਟਕਸਾਲੀ ਕਾਂਗਰਸੀ ਨੇ ਪਾਰਟੀ ਦੀ ਧੜੇਬੰਦੀ ਤੇ ਵਿਅੰਗ ਕਸਦਿਆਂ ਕਿਹਾ, ਕਿ ਵਾਰਿਸ਼ ਸ਼ਾਹ ,ਇੱਕ ਸਰਕਾਰ ਬਾਝੋ, ਫੌਜ਼ਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਵਾਲੀ ਗੱਲ ਹੁਣ ਕਾਂਗਰਸ ਦੀ ਮੌਜੂਦਾ ਹਾਲਤ ਤੇ ਢੁੱਕਦੀ ਹੈ। ਕਿਉਂਕਿ ਜਿਲ੍ਹੇ ਚ, ਕਾਂਗਰਸ ਦਾ ਕੋਈ ਬਾਲੀ ਵਾਰਿਸ ਨਾ ਹੋਣ ਕਰਕੇ ਸਾਰੇ ਆਗੂ ਅਪਣੀ ਅਪਣੀ ਡਫਲੀ ਤੇ ਆਪੋ-ਆਪਣਾ ਰਾਗ ਅਲਾਪ ਦੇ ਫਿਰਦੇ ਹਨ।
ਲਾਇਆ ਹੋਰ ਨੇ ,ਤੇ ਫਿਰੇਂ ਕਿਸੇ ਹੋਰ ਨਾਲ, ਬੱਲੇ ਉਏ ਚਲਾਕ ਸੱਜਣਾ,,
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦੇ ਵਾਲ ਸਮਝੇ ਜਾਂਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਸਿਫਾਰਸ਼ ਤੇ ਸਰਕਾਰ ਨੇ ਤਿੰਨ ਨਿਯੁਕਤੀਆਂ ਕੀਤੀਆ। ਜਿਨਾਂ ਚ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਸ਼ੁਰੂ ਤੋਂ ਹੀ ਪਾਰਟੀ ਅਤੇ ਕੇਵਲ ਸਿੰਘ ਢਿੱਲੋਂ ਦੇ ਵਫਾਦਾਰ ਰਹੇ ਮੱਖਣ ਸ਼ਰਮਾਂ ਅਤੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ ਸ਼ਾਮਿਲ ਹਨ । ਯੋਜਨਾ ਬੋਰਡ ਦੇ ਚੇਅਰਮੈਨ ਕਰਨ ਢਿੱਲੋਂ ਤਾਂ ਖੁਦ ਢਿੱਲੋਂ ਦੇ ਸਿਆਸੀ ਵਾਰਿਸ ਤੇ ਬੇਟੇ ਹੀ ਹਨ, ਦੂਜਾ ਮੱਖਣ ਸ਼ਰਮਾਂ ਹਿੱਕ ਠੋਕ ਕੇ ਪੂਰੀ ਤਰਾਂ ਢਿੱਲੋਂ ਦੇ ਨਾਲ ਹੀ ਖੜ੍ਹੇ ਹਨ। ਪਰੰਤੂ ਅਸ਼ੋਕ ਮਿੱਤਲ ਨੂੰ ਰਾਜਸੀ ਪੰਡਿਤ , ਢਿੱਲੋਂ ਅਤੇ ਵਿਜੇਇੰਦਰ ਸਿੰਗਲਾ ਦੀਆਂ 2 ਬੇੜੀਆਂ ਦਾ ਸਵਾਰ ਹੀ ਸਮਝਦੇ ਹਨ । ਇਸੇ ਲਈ ਹੀ ਢਿੱਲੋਂ ਧੜੇ ਦੇ ਬਹੁਤੇ ਵਰਕਰ ਗੱਲੀਂਬਾਤੀਂ ,ਅਸ਼ੋਕ ਮਿੱਤਲ ਬਾਰੇ ਅਕਸਰ ਇਹ ਕਹਿੰਦੇ ਸੁਣੀਦੇ ਨੇ, ਲਾਇਆ ਹੋਰ ਨੇ ਤੇ ਫਿਰੇਂ, ਕਿਸੇ ਹੋਰ ਨਾਲ ਬੱਲੇ ਉਏ ਚਲਾਕ ਸੱਜਣਾ।
ਮੈਂ ਢਿੱਲੋਂ ਦੇ ਨਾਲ , ਐਸਐਸਪੀ ਸਾਬ੍ਹ ਦੀ ਲਾਈ, ਡਿਊਟੀ ਹੀ ਨਿਭਾਈ-ਅਸ਼ੋਕ ਮਿੱਤਲ
ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਉਨਾਂ ਦੁਆਰਾ ਰਾਜਸੀ ਪਾਲਾ ਬਦਲ ਲੈਣ ਦੀ ਛਿੜੀ ਚਰਚਾ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਮੇਰੀ ਨਿਯੁਕਤੀ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਸਿਫਾਰਿਸ਼ ਤੇ ਹੀ ਹੋਈ ਹੈ। ਮੈਂ ਕੋਈ ਪਾਲਾ ਨਹੀਂ ਬਦਲਿਆ, ਹੁਣ ਵੀ ਢਿੱਲੋਂ ਦੇ ਨਾਲ ਹੀ ਹਾਂ। ਉਨਾਂ ਲੌਕਡਾਉਨ ਦੇ ਦੌਰਾਨ ਪੁਲਿਸ ਦੀ ਰਾਸ਼ਨ ਵੰਡ ਮੁਹਿੰਮ ਚ, ਮੋਹਰੀ ਭੂਮਿਕਾ ਨਿਭਾਉਣ ਬਾਰੇ ਪੁੱਛਣ ਤੇ ਇੱਨਾਂ ਹੀ ਕਿਹਾ ਕਿ ਉਦੋਂ ਐਸਐਸਪੀ ਸੰਦੀਪ ਗੋਇਲ ਨੇ ਮੈਂਨੂੰ ਇਹ ਡਿਊਟੀ ਸੰਭਾਲੀ ਸੀ । ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੂੰ ਵੀ ਇਸ ਮੁਹਿੰਮ ਚ, ਸ਼ਾਮਿਲ ਹੋਣ ਲਈ ਕਈ ਵਾਰ ਬੁਲਾਇਆ ਗਿਆ ਸੀ, ਪਰ ਉਹ ਪਤਾ ਨਹੀਂ ਕਿਉਂ ਇਸ ਮੁਹਿੰਮ ਤੋਂ ਦੂਰ ਹੀ ਰਹੇ। ਉਨਾਂ ਕਿਹਾ ਕਿ ਉਂਝ ਮੈਂ ਨਿੱਜੀ ਤੌਰ ਤੇ ਕਿਸੇ ਧੜੇਬੰਦੀ ਚ, ਯਕੀਨ ਵੀ ਨਹੀਂ ਰੱਖਦਾ। ਮੇਰਾ ਸੁਭਾਅ ਹਰ ਆਗੂ ਨੂੰ ਜੀ ਆਇਆਂ ਕਹਿਣ ਵਾਲਾ ਹੀ ਰਿਹਾ ਹੈ।