ਸ਼ਹੀਦ ਕਿਰਨਜੀਤ ਕੌਰ ਦੇ 23 ਵੇਂ ਸ਼ਰਧਾਂਜਲੀ ਸਮਾਗਮ ਤੇ ਵੀ ਪਿਆ ਕੋਰੋਨਾ ਦਾ ਅਸਰ 

Advertisement
Spread information

ਕੋਵਿਡ 19 ਕਾਰਣ, 12 ਅਗਸਤ ਨੂੰ ਦਾਣਾ ਮੰਡੀ ਚ, ਵੱਡਾ ਇਕੱਠ ਨਾ ਕਰਨ ਦਾ ਲਿਆ ਫੈਸਲਾ 

ਹੁਣ ਬਦਲੇ ਹਾਲਤਾਂ ਚ, ਸ਼ਹੀਦ ਕਿਰਨਜੀਤ ਕੌਰ ਦਾ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ ਹਰ ਥਾਂ, ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ- ਗੁਰਬਿੰਦਰ ਸਿੰਘ


ਹਰਿੰਦਰ ਨਿੱਕਾ ਬਰਨਾਲਾ  25 ਜੁਲਾਈ 2020
                ਸ਼ਹੀਦ ਕਿਰਨਜੀਤ ਕੌਰ ਦੇ 23 ਵੇਂ ਸ਼ਰਧਾਂਜਲੀ ਸਮਾਗਮ ਤੇ ਵੀ  ਕੋਰੋਨਾ ਦਾ ਅਸਰ ਪੈ ਗਿਆ ਹੈ। ਐਕਸ਼ਨ ਕਮੇਟੀ ਨੇ ਸ਼ਨੀਵਾਰ ਨੂੰ ਇਸ ਸਮਾਗਮ ਦੀ ਰੂਪ ਰੇਖਾ ਤੈਅ ਕਰਨ ਸਬੰਧੀ ਸੱਦੀ ਅਹਿਮ ਮੀਟਿੰਗ ਚ, ਕੋਵਿਡ 19 ਦੀ ਵਜ੍ਹਾਂ ਕਰਕੇ ਬਦਲੇ ਹਾਲਤਾਂ ਦੇ ਮੱਦੇਨਜ਼ਰ  ਇਸ ਵਾਰ 12 ਅਗਸਤ ਨੂੰ ਦਾਣਾ ਮੰਡੀ ਚ, ਵੱਡਾ ਇਕੱਠ ਨਾ ਕਰਨ ਦਾ ਫੈਸਲਾ ਕਰ ਲਿਆ ਗਿਆ। ਸਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ। 

                  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਆਗੂਆਂ ਮਨਜੀਤ ਧਨੇਰ, ਪ੍ਰੀਤਮ ਦਰਦੀ, ਗੁਰਦੇਵ ਸਿੰਘ ਸਹਿਜੜਾ ਨੇ ਦੱਸਿਆ ਕਿ ਇਸ ਵਾਰ ਕੋਵਿਡ-19 ਕਾਰਨ ਵਿਸ਼ੇਸ਼ ਹਾਲਤਾਂ ਬਣੀਆਂ ਹੋਣ ਕਰਕੇ ਸਮੁੱਚੀ ਹਾਲਤ ਉੱਪਰ ਗੰਭੀ੍ਰਤਾ ਨਾਲ ਸਾਰੇ ਪੱਖੇ ਉੱਪਰ ਲੰਬੀ ਵਿਚਾਰ ਚਰਚਾ ਕੀਤੀ ਗਈ। 

            ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਹੋਇਆ ਕਿ ਸਾਲ 2019 ਐਕਸ਼ਨ ਕਮੇਟੀ ਮਹਿਲ ਕਲਾਂ ਸਮੇਤ ਇਨਸਾਫਪਸੰਦ ਲੋਕਾਂ ਲਈ ਬੇਹੱਦ ਚੁਣੌਤੀ ਭਰਪੂਰ ਸੀ , ਜਦ ਸੁਪਰੀਮ ਕੋਰਟ ਨੇ 3 ਸਤੰਬਰ 2019 ਨੂੰ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜਾ ਬਹਾਲ ਰੱਖ ਦਿੱਤੀ ਸੀ। ਆਪਣੇ ਆਗੂ ਨੂੰ ਜੇਲ੍ਹ ਵਿੱਚ ਛੱਡਣਾ ਵੀ ਤੇ ਉਨ੍ਹੀਂ ਹੱਥੀਂ ਸ਼ਾਨੋਸ਼ੌਕਤ ਨਾਲ ਉਮਰ ਕੈਦ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣਾ ਵੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। 
                  ਜਿਸ ਸਿਦਕ, ਦਲੇਰੀ ਨਾਲ ਇਸ ਵੱਡੀ ਚੁਣੌਤੀ ਨਾਲ 42 ਜਨਤਕ ਜਥੇਬੰਦੀਆਂ ਤੇ ਅਧਾਰਤ ਬਣੀ ਸੰਘਰਸ਼ ਕਮੇਟੀ, ਪੰਜਾਬ ਦੀ ਅਗਵਾਈ ਹੇਠ ਪਹਿਲਕਦਮੀ ਕਰਦਿਆਂ ਇਸ ਲੋਕ ਘੋਲ ਨੂੰ ਬੁਲੰਦੀਆਂ ਤੇ ਪਹੁੰਚਾਕੇ ਜਿੱਤ ਹਾਸਲ ਕੀਤੀ ਉਹ ਆਪਣੇ ਹੱਥੀਂ ਸਿਰਜਿਆ ਇਤਿਹਾਸ ਦਾ ਅਜਿਹਾ ਸੁੁਨਿਹਰੀ ਪੰਨਾ ਹੈ, ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਇਹ ਲੋਕ ਘੋਲ ਦਾ ਸੁਨਿਹਰੀ ਪੰਨਾ ਸਦੀਆਂ ਤੱਕ ਸੰਘਰਸ਼ਸ਼ੀਲ ਕਾਫਲਿਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ। 
              ਉਨਾਂ ਦੱਸਿਆ ਕਿ ਹੁਣ 12 ਅਗਸਤ ਨੂੰ ਕਰੋਨਾ ਸੰਕਟ ਕਾਰਣ ਪੈਦਾ ਹੋਈ ਗੰਭੀਰ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੱਡਾ ਸਮਾਗਮ ਨਹੀਂ ਕੀਤਾ ਜਾਵੇਗਾ। ਹੁਣ ਇਹੀ ਸਮਾਗਮ 12 ਅਗਸਤ ਨੂੰ ਹਰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਖੇ ਸਵੇਰ 10 ਵਜੇ ਤੋਂ 11 ਵਜੇ ਤੱਕ ਲੋਕ ਘੋਲ ਦੀ ਜਿੱਤ ਦੇ ਜਸ਼ਨ ਦੇ ਰੂਪ ‘ਚ  ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਜਾਵੇਗਾ। 
10 ਦਿਨ ਹਰ ਰੋਜ ਬੁੱਧੀਜੀਵੀ, ਲੇਖਕ, ਪੱਤਰਕਾਰ ਤੇ ਕਵੀ ਸ਼ਾਮ 4 ਵਜੇ ਤੋ 5 ਵਜੇ ਤੱਕ ਲਾਈਵ ਹੋਇਆ ਕਰਨਗੇ         
                ਆਗੂਆਂ ਨੇ ਦੱਸਿਆ  ਕਿ 2 ਅਗਸਤ ਤੋਂ 11 ਅਗਸਤ ਤੱਕ ਹਰ ਰੋਜ ਬੁੱਧੀਜੀਵੀ, ਲੇਖਕ, ਪੱਤਰਕਾਰ, ਕਵੀ ਸ਼ਾਮ 4 ਵਜੇ ਤੋ 5 ਵਜੇ ਤੱਕ ਲਾਈਵ ਹੋਇਆ ਕਰਨਗੇ। 12 ਅਗਸਤ ਨੂੰ ਪ੍ਰਮੁੱਖ ਸਖਸ਼ੀਅਤਾਂ ਸਵੇਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਲਾਈਵ ਹੋਣਗੇ। 23 ਸਾਲ ਦੇ ਲੋਕ ਘੋਲ ਦਾ ਸੋਵੀਨਾਰ ਵੀ ਜਾਰੀ ਕੀਤਾ ਜਾਵੇਗਾ। ਇਸ ਲੋਕ ਘੋਲ ਦੀ ਢਾਲ ਤੇ ਤਲਵਾਰ ਬਣੇ ਲੋਕਾਂ ਨੇ ਜੋ ਸੰਗਰਾਮੀ ਪਿਰਤਾਂ ਪਾਈਆਂ ਹਨ, ਖਾਸ ਕਰ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੇ ਉਹ ਵੀ ਮਿਸਾਲੀ ਹਨ। 
 ਲੋਕ ਘੋਲ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਵੱਡ ਅਕਾਰੀ ਰੰਗਦਾਰ ਪੋਸਟਰ ਹੋਵੇਗਾ ਰਿਲੀਜ਼                     
                   ਆਗੂਆਂ ਨੇ ਕਿਹਾ ਕਿ ਵੱਡ ਅਕਾਰੀ ਰੰਗਦਾਰ ਲੋਕ ਘੋਲ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹਜਾਰਾਂ ਦੀ ਗਿਣਤੀ ਵਿੱਚ ਪੋਸਟਰ ਜਾਰੀ ਕਰਨ ਦਾ ਵੀ ਫੈਸਲਾ ਕੀਤਾ। 12 ਅਗਸਤ ਦੀ ਤਿਆਰੀ ਸਬੰਧੀ ਪੰਦਰਾ ਰੋਜਾ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਵਿਉਂਤਬੱਧ ਢੰਗ ਨਾਲ ਮਹਿੰਮ ਚਲਾਉਣ ਦਾ ਵੀ ਤਹਿ ਕੀਤਾ ਗਿਆ। ਮੁਹਿੰਮ ਦੀ ਠੋਸ ਵਿਉਂਤਬੰਦੀ ਲਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਸਾਂਝੀ ਵੱਡੀ ਮੀਟਿੰਗ 30 ਜੁਲਾਈ ਨੂੰ ਬਾਅਦ ਦੁਪਿਹਰ 3 ਵਜੇ ਦਾਣਾ ਮੰਡੀ ਮਹਿਲ ਕਲਾਂ ਵਿਖੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਬੁਲਾਈ ਗਈ ਹੈ। 
             ਐਕਸ਼ਨ ਕਮੇਟੀ ਨੇ ਲੋਕਾਂ ਨੂੰ  ਆਰਥਿਕ ਸਹਿਯੋਗ ਦੀ ਵੀ ਅਪੀਲ ਕੀਤੀ ਗਈ ਕਿਉਕਿ ਮਨਜੀਤ ਧਨੇਰ ਦੀ ਰਿਹਾਈ ਲਈ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਕੋਲ ਲੋਕਾਂ ਦੇ ਜਮ੍ਹਾਂ ਕੀਤੇ ਸਰਮਾਏ ਬਹੁਤ ਵੱਡਾ ਹਿੱਸਾ ਖਰਚ ਹੋ ਚੁੱਕਾ ਹੈ। ਇਸ ਮੀਟਿੰਗ ਵਿੱਚ ਨਰਾਇਣ ਦੱਤ । ਗੁਰਮੀਤ ਸੁਖਪੁਰ, ਮਾ. ਦਰਸ਼ਨ ਸਿੰਘ, ਸੁਰਿੰਦਰ ਜਲਾਲਦੀਵਾਲ, ਪ੍ਰੇਮ ਕੁਮਾਰ, ਅਮਰਜੀਤ ਕੁੱਕੂ, ਡਾ ਕੁਲਵੰਤ ਰਾਏ, ਮਲਕੀਤ ਸਿੰਘ ਵਜੀਦਕੇ, ਜਰਨੈਲ ਸਿੰਘ ਆਦਿ ਐਕਸ਼ਨ ਕਮੇਟੀ ਮੈਂਬਰ ਵੀ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!