Skip to content
- Home
- ਨਕਲੀ ਦਹਿਸ਼ਤ, ਅਸਲੀ ਗ੍ਰਿਫ਼ਤਾਰੀ: ਸੁਰੱਖਿਆ ਲੈਣ ਲਈ ਭੱਠਾ ਮਾਲਕ ਨੇ ਰਚਿਆ ਫਿਰੌਤੀ ਦਾ ਡਰਾਮਾ
Advertisement

ਰਘਬੀਰ ਹੈਪੀ, ਬਰਨਾਲਾ 8 ਮਾਰਚ 2026
ਜ਼ਿਲ੍ਹੇ ਦੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ (IPS) ਨੇ ਅੱਜ ਇੱਕ ਅਜਿਹੀ ਹੈਰਾਨੀਜਨਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਐਸ.ਪੀ. (ਡੀ) ਸ੍ਰੀ ਅਸ਼ੋਕ ਕੁਮਾਰ (PPS) ਅਤੇ ਡੀ.ਐਸ.ਪੀ. (ਡੀ) ਸ੍ਰੀ ਰਾਜਿੰਦਰਪਾਲ ਸਿੰਘ (PPS) ਦੀ ਯੋਗ ਰਹਿਨੁਮਾਈ ਹੇਠ ਕੀਤੀ ਗਈ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਕਿੰਨਾ ਮਹਿੰਗਾ ਪੈ ਸਕਦਾ ਹੈ। ਇੱਕ ਅਮੀਰ ਭੱਠਾ ਮਾਲਕ ਨੇ ਸਿਰਫ਼ ਪੁਲਿਸ ਗਾਰਡ ਹਾਸਲ ਕਰਨ ਅਤੇ ਸਮਾਜ ਵਿੱਚ ਆਪਣੀ ਝੂਠੀ ‘ਟੌਹਰ’ ਜਮਾਉਣ ਲਈ ਖ਼ੁਦ ਨੂੰ ਹੀ 20 ਲੱਖ ਦੀ ਫਿਰੌਤੀ ਦੀਆਂ ਕਾਲਾਂ ਕਰਵਾਈਆਂ ਅਤੇ ਇੱਥੋਂ ਤੱਕ ਕਿ ਆਪਣੇ ਹੀ ਭੱਠੇ ‘ਤੇ ਗੋਲੀਆਂ ਚਲਾਉਣ ਦੀ ਖ਼ਤਰਨਾਕ ਵਿਉਂਤਬੰਦੀ ਕਰ ਲਈ ਸੀ, ਪਰ ਇਸ ਤੋਂ ਪਹਿਲਾਂ ਕਿ ਇਹ ‘ਡਰਾਮਾ’ ਕਿਸੇ ਖ਼ੂਨੀ ਮੋੜ ‘ਤੇ ਪਹੁੰਚਦਾ, ਪੁਲਿਸ ਨੇ ਸ਼ਤਰੰਜ ਦੀ ਇਸ ਚਾਲ ਨੂੰ ਉਲਟਾ ਕੇ ਰੱਖ ਦਿੱਤਾ।
ਕੀ ਸੀ ਸਾਰੀ ਸਾਜ਼ਿਸ਼?
ਐਸ ਐਸ ਪੀ ਆਲਮ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਾਮਬਾਗ ਰੋਡ ਦੇ ਰਹਿਣ ਵਾਲੇ ਭੱਠਾ ਮਾਲਕ ਸ਼ਿਵਮ ਮਿੱਤਲ ਨੇ ਮਿਤੀ 06-03-2026 ਨੂੰ ਪੁਲਿਸ ਨੂੰ ਗੁੰਮਰਾਹ ਕੀਤਾ ਕਿ ਉਸ ਕੋਲੋਂ ਕੋਈ ਅਣਪਛਾਤਾ ਗਰੋਹ 20 ਲੱਖ ਰੁਪਏ ਮੰਗ ਰਿਹਾ ਹੈ। ਜਦੋਂ ਪੁਲਿਸ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਡੂੰਘਾਈ ਨਾਲ ਜਾਂਚ ਕੀਤੀ, ਤਾਂ ਸੱਚਾਈ ਸੁਣ ਕੇ ਸਭ ਦੇ ਹੋਸ਼ ਉੱਡ ਗਏ। ਪਤਾ ਲੱਗਿਆ ਕਿ ਸ਼ਿਵਮ ਨੇ ਆਪਣੇ ਡਰਾਈਵਰ ਪਰਮਜੀਤ ਸਿੰਘ ਅਤੇ ਕਰਿੰਦੇ ਗੁਰਪ੍ਰੀਤ ਸਿੰਘ ਰਾਹੀਂ ਆਪਣੇ ਹੀ ਦੋਸਤਾਂ—ਕੁਲਵੰਤ ਰਾਏ ਅਤੇ ਕਮਲਪ੍ਰੀਤ ਸਿੰਘ—ਤੋਂ ਇਹ ਫਿਰੌਤੀ ਦੀਆਂ ਕਾਲਾਂ ਖ਼ੁਦ ਨੂੰ ਹੀ ਕਰਵਾਈਆਂ ਸਨ।
ਇਨੋਵਾ ਗੱਡੀ ‘ਚੋਂ ਪਿਸਤੌਲ ਸਮੇਤ ਕਾਬੂ
ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰਦਿਆਂ ਇਹਨਾਂ ਪੰਜਾਂ ਮੁਲਜ਼ਮਾਂ ਨੂੰ ਬਰਨਾਲਾ-ਠੀਕਰੀਵਾਲਾ ਰੋਡ ‘ਤੇ ਇੱਕ ਇਨੋਵਾ ਗੱਡੀ (PB-19-S-3232) ਵਿੱਚ ਬੈਠੇ ਦਬੋਚ ਲਿਆ। ਤਲਾਸ਼ੀ ਦੌਰਾਨ ਇਹਨਾਂ ਕੋਲੋਂ ਇੱਕ ਪਿਸਤੌਲ .315 ਬੋਰ ਅਤੇ 2 ਜਿਉਂਦੇ ਕਾਰਤੂਸ ਬਰਾਮਦ ਹੋਏ। ਇਹ ਮੁਲਜ਼ਮ ਸ਼ਿਵਮ ਮਿੱਤਲ ਦੇ ਕਹਿਣ ‘ਤੇ ਉਸਦੇ ਭੱਠੇ ‘ਤੇ ਫਾਇਰਿੰਗ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਤਿਆਰੀ ਵਿੱਚ ਸਨ, ਤਾਂ ਜੋ ਸਰਕਾਰ ਤੋਂ ‘ਹਾਈ ਰਿਸਕ’ ਦੇ ਨਾਮ ‘ਤੇ ਪੁਲਿਸ ਸੁਰੱਖਿਆ ਲਈ ਗੁਹਾਰ ਲਗਾਈ ਜਾ ਸਕੇ।
ਪੁਲਿਸ ਕਾਰਵਾਈ:
ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 100, ਮਿਤੀ 07-03-2026 ਨੂੰ ਬੀ.ਐਨ.ਐਸ. (BNS) ਦੀਆਂ ਧਾਰਾਵਾਂ 217, 61(2) ਅਤੇ ਅਸਲਾ ਐਕਟ ਤਹਿਤ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
Advertisement

Advertisement

Advertisement

Advertisement

error: Content is protected !!