ਗੁਰਸੇਵਕ ਸਹੋਤਾ/ਡਾ. ਮਿੱਠੂ ਮੁਹੰਮਦ ਮਹਿਲ ਕਲਾਂ 22 ਜੁਲਾਈ 2020
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਵੱਲੋਂ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਅਤੇ ਜਿਲ੍ਹਾ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਵਿੱਚ ਹਮੀਦੀ, ਕੁਰੜ, ਮਾਂਗੇਵਾਲ, ਅਮਲਾ ਸਿੰਘ ਵਾਲਾ, ਮਨਾਲ, ਠੁੱਲੀਵਾਲ, ਭੱਦਲਵੱਢ ,ਛਾਪਾ,ਵਜੀਦਕੇ ਕਲਾਂ, ਖੁਰਦ, ਸਹੌਰ, ਖਿਆਲੀ, ਮਹਿਲਖੁਰਦ, ਪੰਡੋਰੀ, ਨਿਹਾਲੂਵਾਲ, ਹਰਦਾਸਪੁਰਾ, ਛਾਪਾ ਆਦਿ ਪਿੰਡਾਂ ਵਿੱਚ 27 ਜੁਲਾਈ ਦੇ ਅਕਾਲੀ-ਭਾਜਪਾ ਲੀਡਰਾਂ ਦੀਆਂ ਰਿਹਾਇਸ਼ਾਂ ਵੱਲ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਸਬੰਧੀ ਮਾਰਚ ਕੀਤਾ ਗਿਆ।
ਪਿੰਡਾਂ ਦੀ ਸੱਥਾਂ ਵਿੱਚ ਕਿਸਾਨਾਂ-ਮਜਦੂਰਾਂ ਨੂੰ ਸੰਬੋਧਨ ਹੁੰਦਿਆਂ ਆਗੂਆਂ ਕਿਹਾ ਕਿ ਲੋਕ ਕਰੋਨਾ ਸੰਕਟ ਦੌਰਾਨ ਮੋਦੀ ਸਰਕਾਰ ਵੱਲੋਂ ਜਬਰੀ ਠੋਸੇ ਲਾਕਡਾਊਨ ਨੇ ਸਭ ਦੇ ਕੰਮ ਧੰਦੇ ਚੌਪਟ ਕਰ ਦਿੱਤੇ ਹਨ, ਲੋਕ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹਨ । ਕਰੋਨਾ ਦੀ ਆੜ ਹੇਠ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਦੇੇ ਉਜਾੜੇ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀਆ ਹਨ ਕਿ ਐਮ.ਐਸ.ਪੀ. ਖਤਮ ਨਹੀਂ ਕੀਤੀ ਜਾ ਰਹੀ ਉਲਟਾ ਜੱਥੇਬੰਦੀਆਂ ਤੇ ਦੋਸ਼ ਲਾਇਆ ਜਾ ਰਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਅਸਲ ਸਚਾਈ ਇਹ ਹੈ ਕਿ ਜੇ ਕਰ ਖੁੱਲੀ ਮੰਡੀ ਦਾ ਸਿਧਾਂਤ ਲਾਗੂ ਕੀਤਾ ਗਿਆ ਤਾਂ ਸਰਕਾਰੀ ਖਰੀਦ ਬੰਦ ਹੋ ਜਾਵੇਗੀ। ਜਿਸ ਨਾਲ ਘੱਟੋ ਘੱਟ ਸਮਰੱਥਨ ਮੁੱਲ ਦਾ ਕੀਰਤਨ ਸੋਹਲਾ ਪੜ੍ਹ ਦਿੱਤਾ ਜਾਵੇਗਾ , ਉਦਾਹਰਣ ਵਜੋਂ ਮੱਕੀ ਦਾ ਘੱਟੋ ਘੱਟ ਸਮਰੱਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ ਹੈ ਪਰ ਪੰਜਾਬ ਦੀਆਂ ਮੰਡੀਆਂ ‘ਚ ਕਿਸਾਨਾਂ ਤੋਂ ਛੇ ਸੌ ਰੁਪਏ ਤੋਂ ਲੈਕੇ ਬਾਰਾਂ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਖਰੀਦੀ ਜਾ ਰਹੀ ਹੈ । ਇੱਕ ਦੇਸ਼ ਇੱਕ ਮੰਡੀ ਦਾ ਕਾਨੂੰਨ ਲਾਗੂ ਹੋਣ ਨਾਲ ਇਹੀ ਹਾਲ ਕਣਕ ‘ਤੇ ਝੋਨੇ ਦਾ ਹੋਵੇਗਾ।
ਆਰਡੀਨੈਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਆਪਣੀ ਜਿਣਸ ਨੂੰ ਭਾਰਤ ਵਿੱਚ ਕਿਤੇ ਵੀ ਵੇਚ ਸਕਦਾ ਹੈ ਅਤੇ ਕਿਸਾਨ ਆਪਣੀ ਜਿਣਸ ਸਟੋਰ ਵੀ ਕਰ ਸਕਦਾ ਹੈ।ਇੱਥੇ ਕਿਸਾਨਾਂ ਨੂੰ ਇਸ ਗੱਲ ਦਾ ਵੀ ਦੋਸ਼ ਹੈ ਕਿ ਕਿਸਾਨਾਂ ਦੇ ਨਾਂ ਥੱਲੇ ਵਪਾਰੀਆਂ ਨੂੰ ਖੁੱਲੀ੍ਹਆਂ ਛੋਟਾਂ ਦਿੱਤੀਆਂ ਜਾ ਰਹੀਆਂ ਰਹੀਆਂ ਹਨ ਕਿਉਂਕਿ 85% ਛੋਟੇ ਕਿਸਾਨ ਨਾ ਤਾਂ ਆਪਣੀ ਜਿਨਸ ਨੂੰ ਘਰ ‘ਚ ਸਟੋਰ ਕਰ ਸਕਦਾ ਹੈ ਤੇ ਨਾ ਹੀ ਦੂਰ ਦੁਰਾਡੇ ਦੀਆਂ ਮੰਡੀਆਂ ‘ਚ ਜਾਕੇ ਵੇਚ ਸਕਦਾ ਹੈ। ਕਿਸਾਨ ਪਹਿਲਾਂ ਹੀ ਆਰਥਿਕ ਪੱਖ ਤੋਂ ਕਮਜੋਰ ਹੋਣ ਕਾਰਨ ਕਰਜ਼ੇ ਦੀ ਮਾਰ ਨਾ ਝੱਲਦਾ ਹੋਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਦੂਜੇ ਪਾਸੇ ਅਨਾਜ, ਦਾਲਾਂ‘ਤੇ ਤੇਲ ਬੀਜਾਂ ਨੂੰੰ ਜ਼ਰੂਰੀ ਵਸਤਾਂ ਕੰਟਰੋਲ ਵਿੱਚੋਂ ਬਾਹਰ ਕਰਕੇ ਵਪਾਰੀਆਂ ਨੂੰ ਜਖੀਰੇਬਾਜੀ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ।
ਜਿਸ ਕਾਰਣ ਕਿਸਾਨਾਂ ਵਿੱਚ ਭਾਰੀ ਰੋਸ ਪਇਆ ਜਾ ਰਿਹਾ ਹੈ ਸਿੱਧੇ ਕਿਸਾਨਾਂ ਨੂੰ ਆਪਣੀ ਮੌਤ ਦੇ ਵਰੰਟ ਦਿਖਾਈ ਦੇ ਰਹੇ ਹਨ । ਇਸ ਲਈ ਕਿਸਾਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ । ਪੰਜਾਬ ਸਰਕਾਰ ਇਕ ਪਾਸੇ ਕਿਸਾਨ ਪੱਖੀ ਹੋਣ ਦਾ ਪਾਖੰਡ ਕਰ ਰਹੀ ਹੈ । ਦੂਜੇ ਪਾਸੇ ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਨੂੰ ਕਰੋਨਾ ਦੀ ਆੜ ਹੇਠ ਚਿੱਠੀਆਂ ਕੱਢ ਕੇ ਸੰਘਰਸ਼ ਕਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਸਰਕਾਰ ਟਰੈਕਟਰ ਮਾਰਚ ਤੇ ਰੋਕਾਂ ਲਾਕੇ ਬਾਦਲਾਂ ਦਾ ਪੱਖ ਪੂਰ ਰਹੀ ਹੈ ਜਦੋਂ ਕਿ ਬੱਸਾਂ ਪੂਰੀਆਂ ਭਰੀਆਂ ਜਾ ਰਹੀਆਂ ਹਨ ਤਾਂ ਟਰੈਕਟਰਾਂ ਤੇ ਰੋਕ ਕਿਉਂ।
ਉਨਾਂ ਕਿਹਾ ਕਿ ਸੰਘਰਸ਼ ਕਰਦੇ ਕਾਰਕੁੰਨਾਂ ਤੇ ਕੇਸ ਦਰਜ ਕਰਕੇ ਦਹਿਸਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਅਜਿਹੇ ਹਥੱਕੰਡਿਆਂ ਤੋਂ ਬਾਜ ਆਵੇ। ਇਸ ਮਾਰਚ ਵਿੱਚ ਕਿਸਾਨ ਆਗੂ ਭਾਗ ਸਿੰਘ ਕੁਰੜ, ਕੇਵਲ ਸਿੰਘ ਹਮੀਦੀ, ਗੁਰਮੀਤ ਸਿੰਘ, ਮਜੀਦ ਖਾਂ, ਬਲਵੀਰ ਸਿੰਘ, ਆਤਮਾ ਸਿੰਘ, , ਦਰਸ਼ਨ ਸਿੰਘ, ਬੇਅੰਤ ਸਿੰਘ, ਲਾਲ ਸਿੰਘ , ਬੂਟਾ ਸਿੰਘ, ਜਗਰੂਪ ਸਿੰਘ, ਦਲਵੀਰ ਸਿੰਘ, ਭਿੰਦਰ ਸਿੰਘ ਆਦਿ ਕਿਸਾਨ ਆਗੂ ਵੀ ਸ਼ਾਮਿਲ ਸਨ। ਇਹ ਤਿਆਰੀ ਮਾਰਚ 26 ਜੁਲਾਈ ਤੱਕ ਲਗਾਤਾਰ ਜਾਰੀ ਰਹੇਗਾ।
—