ਖੰਡਰ ਸਕੂਲ ਨੂੰ ਸ਼ਾਨਦਾਰ ਬਣਵਾਇਆ ‘ਤੇ ਸਟੇਟ ਐਵਾਰਡ ਪਾਇਆ,,,

Advertisement
Spread information

ਮੁੱਖ ਮੰਤਰੀ ਭਗਵੰਤ ਮਾਨ ਹੱਥੋਂ ਸਟੇਟ ਐਵਾਰਡ ਹਾਸਲ ਕਰਕੇ ਪਰਤੇ ਸੁਖਬੀਰ ਸਿੰਘ ਦਾ ਪਿੰਡ ਸੰਘੇੜਾ ਪਹੁੰਚਣ ’ਤੇ ਸਕੂਲ ਸਟਾਫ਼ ਤੇ ਪੰਚਾਇਤ ਵੱਲੋਂ ਨਿੱਘਾ ਸੁਆਗਤ

ਰਘਬੀਰ ਹੈਪੀ, ਬਰਨਾਲਾ 6 ਅਕਤੂਬਰ 2025
ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਦੇ ਮੁੱਖ ਅਧਿਆਪਕ ਸੁਖਬੀਰ ਸਿੰਘ ਦਾ ਸਟੇਟ ਐਵਾਰਡ ਹਾਸਲ ਕਰਕੇ ਵਾਪਸ ਪਹੁੰਚਣ ’ਤੇ ਸਕੂਲ ਸਟਾਫ਼, ਪੰਚਾਇਤ, ਪ੍ਰਬੰਧਕ ਕਮੇਟੀ ਤੇ ਵਿਦਿਆਰਥੀ ਮਾਪਿਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ।             ਇਸ ਮੌਕੇ ਸੁਆਗਤ ਵਜੋਂ ਢੋਲ ਦੇ ਡੱਗੇ ’ਤੇ ਫੁੱਲਾਂ ਦੀ ਵਰਖਾ ਕਰਕੇ ਸੁਖਬੀਰ ਸਿੰਘ ਇੰਸਾਂ ਨੂੰ ਵਿਦਿਆਰਥੀਆਂ ਨੇ ਜੀ ਆਇਆ ਕਿਹਾ।       
ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੱਥੋਂ ਅਧਿਆਪਕ ਰਾਜ ਪੁਰਸਕਾਰ ਪ੍ਰਾਪਤ ਕਰਕੇ ਸੁਖਬੀਰ ਸਿੰਘ ਦੇ ਸੁਆਗਤ ਸਮੇਂ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸੰਘੇੜਾ ਵਰਿੰਦਰ ਕੌਰ ਨੇ ਵਧਾਈ ਦਿੰਦਿਆਂ ਕਿਹਾ ਕਿ ਸੁਖਬੀਰ ਸਿੰਘ ਨੂੰ ਰਾਜ ਪੁਰਸਕਾਰ ਮਿਲਣਾ, ਇੰਨਾਂ ਦੀ ਮਿਹਨਤ ਤੇ ਸਕੂਲ ਤੇ ਵਿਦਿਆਰਥੀਆਂ ਪ੍ਰਤੀ ਲਗਨ ਦਾ ਨਤੀਜਾ ਹੈ। ਕਿਉਂਕਿ ਇੰਨਾਂ ਦੀ ਮਿਹਨਤ ਸਦਕਾ ਹੀ ਅੱਜ ਸਕੂਲ ਦਾ ਨਾਂਅ ਪੂਰੇ ਪੰਜਾਬ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ।

     ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਅਤੇ ਵਾਇਸ ਚੇਅਰਮੈਨ ਚਮਕੌਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਬਿਲਡਿੰਗ ਸੁਖਬੀਰ ਸਿੰਘ ਦੇ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਖੰਡਰ ਹਾਲਤ ਵਿੱਚ ਹੋਣ ਕਾਰਨ ਕਿਸੇ ਵੀ ਵੇਲੇ ਕਿਸੇ ਹਾਦਸੇ ਦਾ ਸਬੱਬ ਬਣ ਸਕਦੀ ਸੀ , ਪਰ ਆਪਣੇ ਦ੍ਰਿੜ ਇਰਾਦੇ ਨਾਲ ਸੁਖਬੀਰ ਸਿੰਘ ਨੇ ਪਿਛਲੇ ਪੰਜ ਸਾਲਾਂ ਵਿੱਚ ਸਕੂਲ ਦੀ ਖੰਡਰ ਇਮਾਰਤ ਨੂੰ ਇੱਕ ਸ਼ਾਨਦਾਰ ਬਿਲਡਿੰਗ ਵਿੱਚ ਤਬਦੀਲ ਕਰ ਦਿੱਤਾ ਹੈ। ਇੰਨਾਂ ਹੀ ਨਹੀਂ ਅੱਜ ਸਕੂਲ ਦੇ ਸਾਰੇ ਕਮਰੇ ਫੁੱਲੀ ਸਮਾਰਟ ਹਨ ਜੋ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਸਹਾਈ ਸਾਬਤ ਹੋ ਰਹੇ ਹਨ। ਹਾਜਰੀਨ ਦਾ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਨੇ ਕਿਹਾ ਕਿ  ਜੋ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਪ੍ਰਾਪਤ ਹੋਇਆ ਹੈ, ਇਸ ਦੇ ਲਈ ਉਨ੍ਹਾਂ ਦੇ ਸਕੂਲ ਦਾ ਸਟਾਫ਼, ਸਕੂਲ ਪ੍ਰਬੰਧਕ ਕਮੇਟੀ ਤੇ ਬੱਚਿਆਂ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ। ਜਿੰਨ੍ਹਾਂ ਨੇ ਉਨ੍ਹਾਂ ਨੂੰ ਸਕੂਲ ਤੇ ਬੱਚਿਆਂ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕਾਰਜਾਂ ’ਚ ਭਰਵਾਂ ਸਹਿਯੋਗ ਦਿੱਤਾ।

       ਉਨ੍ਹਾਂ ਦੱਸਿਆ ਕਿ ਅੱਜ ਸਕੂਲ ਵਿੱਚ ਸਾਰੇ ਦੇ ਸਾਰੇ ਚੌਦਾਂ ਕਮਰੇ ਫੁਲੀ ਸਮਾਰਟ ਹਨ, ਜਿੱਥੇ ਐੱਲਈਡੀ ਪ੍ਰੋਜੈਕਟਰ ਤੇ ਟੱਚ ਪੈਨਲ ਸਥਾਪਿਤ ਹੈ, ਜਿਸ ਦੇ ਸਹਾਰੇ ਬੱਚੇ ਆਧੁਨਿਕ ਤਕਨੀਕ ਨਾਲ ਵਿੱਦਿਆ ਹਾਸਲ ਕਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਨਿਯੁਕਤੀ ਸਮੇਂ ਜਿੱਥੇ ਸਕੂਲ ਦੀ ਸਾਰੀ ਇਮਾਰਤ ਅਸੁਰੱਖਿਅਤ ਸੀ, ਜਿਸ ਨੂੰ ਉਨ੍ਹਾਂ ਸਟਾਫ਼, ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਸ਼ਾਨਦਾਰ ਇਮਾਰਤ ਵਿੱਚ ਬਦਲ ਦਿੱਤਾ ਹੈ।

    ਇਸ ਤੋਂ ਇਲਾਵਾ ਸਕੂਲ ਵਿੱਚ ਅੱਜ ਬੱਚਿਆਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵਧੀ ਹੈ ਜੋ ਸਕੂਲ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੁੱਝ ਵੀ ਵੱਖਰਾ ਨਹੀਂ ਕਰ ਰਹੇ, ਸਿਰਫ਼ ਤੇ ਸਿਰਫ਼ ਆਪਣਾ ਬਣਦਾ ਫ਼ਰਜ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾ ਰਹੇ ਹਨ। ਜਿਸ ਵਿੱਚ ਉਨ੍ਹਾਂ ਦੇ ਸਟਾਫ਼ ਤੇ ਪਿੰਡ ਵਾਸੀਆਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਇਸ ਮੌਕੇ ਗਮਦੂਰ ਸਿੰਘ, ਭੋਲਾ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਵਿਦਿਆਰਥੀ, ਉਨ੍ਹਾਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!