ਝਗੜਿਆ ਕੋਈ ਤੇ ਮਾਰਿਆ ਹੋਰ ਹੀ ਗਿਆ,ਅੱਖ ਦੀ ਘੂਰ ਨੇ ਕਰਵਾਇਆ ਕਤਲ…

Advertisement
Spread information

ਦੁਸ਼ਹਿਰੇ ਦੀ ਰਾਤ ਹੋਏ ਕਤਲ ਦੀਆਂ ਪਰਤਾਂ ਖੁੱਲ੍ਹਣਗੀਆਂ ਹਾਲੇ ਬਾਕੀ..!

ਹਰਿੰਦਰ ਨਿੱਕਾ, ਬਰਨਾਲਾ 6 ਅਕਤੂਬਰ 2025

     ਦੁਸ਼ਹਿਰੇ ਦੀ ਰਾਤ ਦੁਸ਼ਹਿਰਾ ਗਰਾਉਂਡ ਦੇ ਨੇੜੇ ਹੀਰਾ ਸਿੰਘ ਦੇ ਹੋਏ ਕਤਲ ਦੇ ਤਿੰਨੋਂ ਦੋਸ਼ੀ ਪੁਲਿਸ ਨੇ ਫੜ੍ਹ ਲਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਕਤੂਲ ਅਤੇ ਕਾਤਿਲਾਂ ਦੀ ਪਹਿਲਾਂ ਨਾ ਕੋਈ ਜਾਣ ਪਹਿਚਾਣ ਸੀ ਅਤੇ ਨਾ ਹੀ ਕੋਈ ਰੰਜਿਸ਼, ਅਚਾਣਕ ਮਾਮੂਲੀ ਖਹਿਬਾਜੀ ਤੋਂ ਬਾਅਦ ਹੀਰਾ ਸਿੰਘ ਦਾ ਕਤਲ ਹੋ ਗਿਆ। ਪੁਲਿਸ ਰਿਕਾਰਡ ਅਨੁਸਾਰ, ਕਾਤਿਲਾਂ ਦਾ ਕੋਈ ਆਪਰਾਧਿਕ ਪਿਛੋਕੜ ਵੀ ਨਹੀਂ ਹੈ। ਪਰੰਤੂ ਹਰ ਕਿਸੇ ਦੇ ਜਿਹਨ ਵਿੱਚ ਇਹ ਸਵਾਲ ਹਾਲੇ ਵੀ ਕਾਇਮ ਹੈ ਕਿ ਬਿਨਾਂ ਕਿਸੇ ਗੱਲ ਤੋਂ ਹੀ ਜੇਕਰ, ਵਿਅਕਤੀ ਨੂੰ ਮਾਰਿਆ ਜਾ ਸਕਦਾ ਹੈ, ਤਾਂ ਫਿਰ ਇਲਾਕੇ ਦੇ ਹਾਲਤ ਬੇਹੱਦ ਗੰਭੀਰ ਹਨ। ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਏ ਜਾਣ ਦਾ ਖੁਲਾਸਾ ਮੀਡੀਆ ਨੂੰ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਕੀਤਾ ਹੈ। 

ਡੀ.ਐਸ.ਪੀ. ਬੈਂਸ ਨੇ ਦੱਸਿਆ ਕਿ…. 

      ਡੀਐਸਪੀ ਸਤਵੀਰ ਸਿੰਘ ਬੈਂਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2-10-2025 ਨੂੰ ਦੁਸਹਿਰੇ ਵਾਲੇ ਦਿਨ ਕੁੱਝ ਅਣਪਛਾਤੇ ਵਿਅਕਤੀਆ ਨੇ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲਾ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਦੇ ਸਬੰਧ ਵਿੱਚ ਇੰਸ: ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ 1 ਬਰਨਾਲਾ ਨੇ ਮ੍ਰਿਤਕ ਹੀਰਾ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨ ਦੇ ਅਧਾਰ ਪਰ 5/6 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 119 ਅਧੀਨ ਜੁਰਮ 103, 191(3),190 BNS ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਕੱਦਮਾ ਨੂੰ ਟਰੇਸ ਕਰਨ ਲਈ ਐਸਐਸਪੀ ਸਰਫਰਾਜ ਆਲਮ IPS ਨੇ ਸ੍ਰੀ ਅਸੋਕ ਕੁਮਾਰ PPS SP(D) ਬਰਨਾਲਾ ਦੀ ਅਗਵਾਈ ਇੰਸ: ਬਲਜੀਤ ਸਿੰਘ ਇੰਚਾਰਜ ਸੀ ਆਈ ਏ ਬਰਨਾਲਾ, ਇੰਸ: ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ, ਐਸਆਈ ਚਰਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਬਰਨਾਲਾ ਅਤੇ ਇੰਸ: ਜਗਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਬਰਨਾਲਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਡੀਐਸਪੀ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਗੰਭੀਰਤਾ ਨਾਲ ਪੜਤਾਲ ਕਰਕੇ, ਹੱਤਿਆ ਤੋਂ 48 ਘੰਟਿਆਂ ਦੇ ਅੰਦਰ-ਅੰਦਰ ਅਣਪਛਾਤਿਆਂ ਦੀ ਪਹਿਚਾਣ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਸੀ। ਪੁਲਿਸ ਨੇ ਥਾਣਾ ਸਦਰ ਬਰਨਾਲਾ ਦੇ ਪਿੰਡ ਸੇਖਾ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਕੁਲਵਿੰਦਰ ਸਿੰਘ ਉਹਫ ਕਿੰਦਾ ਉਰਫ ਨਾਨੂ, ਬਲਜਿੰਦਰ ਸਿੰਘ ਉਰਫ ਹਰਮਨ ਸਿੰਘ ਉਰਫ ਨੇਪਾਲੀ ਦੋਵੇਂ ਵਾਸੀ ਬੰਗਲਾ ਪੱਤੀ ਸੇਖਾ ਅਤੇ ਦਿਲਪ੍ਰੀਤ ਸਿੰਘ ਉਰਫ ਸੰਜੇ ਪੁੱਤਰ ਅਮਨਦੀਪ ਸਿੰਘ ਵਾਸੀ ਕੁੰਬੜਵਾਲ ਰੋਡ ਸੇਖਾ ਨੂੰ ਨਾਮਜ਼ਦ ਵੀ ਕਰ ਲਿਆ ਸੀ। ਆਖਿਰ ਪੁਲਿਸ ਨੇ ਤਿੰਨੋਂ ਕਾਤਿਲਾਂ ਨੂੰ ਗਿਰਫਤਾਰ ਵੀ ਕਰ ਲਿਆ।

       ਮੀਡੀਆ ਵੱਲੋਂ ਪੁੱਛੇ ਸਵਾਲਾਂ ਦਾ ਜੁਆਬ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਅਤੇ ਮ੍ਰਿਤਕ ਹੀਰਾ ਸਿੰਘ ਦੀ ਆਪਸ ਵਿੱਚ ਕੋਈ ਵੀ ਜਾਣ ਪਹਿਚਾਣ ਨਹੀਂ ਸੀ। ਸਿਰਫ ਦੁਸ਼ਹਿਰੇ ਦੇ ਮੇਲੇ ਵਿੱਚ ਹੀ ਹੀਰਾ ਸਿੰਘ ਗਰੁੱਪ ਦੇ ਇੱਕ ਸਾਥੀ ਦੀ ਕਾਤਿਲਾਂ ‘ਚੋਂ ਇੱਕ ਕੁਲਵਿੰਦਰ ਸਿੰਘ ਕਿੰਦਾ ਨਾਲ ਮਾਮੂਲੀ ਗੱਲੋਂ ਖਹਿਬਾਜੀ ਹੋਣ ਤੋਂ ਬਾਅਦ ਝਗੜਾ ਹੋਇਆ। ਕੁਲਵਿੰਦਰ ਸਿੰਘ ਕਿੰਦਾ ਨੇ ਛੋਟੀ ਖੰਜਰ ਨਾਲ ਹੀਰਾ ਸਿੰਘ ਤੇ ਹਮਲਾ ਕੀਤਾ, ਜਿਸ ਕਾਰਣ, ਹੀਰਾ ਸਿੰਘ ਦੀ ਮੌਤ ਹੋ ਗਈ। ਉਨਾਂ ਘਟਨਾ ਦਾ ਵੇਰਵਾ ਦਿੰਦਿਆ ਦੱਸਿਆ ਕਿ ਸੇਖੇ ਵਾਲੇ ਮੁੰਡਿਆਂ ਚੋਂ ਇੱਕ ਹਰਮਨ ਉਰਫ ਨੇਪਾਲੀ ਦੀ ਹੀਰਾ ਸਿੰਘ ਦੇ ਸਾਥੀ ਗੁਰਦਾਸ ਸਿੰਘ ਨਾਲ ਅੱਖਾਂ ਦੀ ਘੂਰ ਵੱਟ ਲੈਣ ਤੋਂ ਝਗੜਾ ਹੋਇਆ। ਸੇਖਾ ਗਰੁੱਪ ਵਾਲਿਆਂ ਨੇ ਗੁਰਦਾਸ ਸਿੰਘ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਗੁਰਦਾਸ ਸਿੰਘ ਨੇ ਵੀ ਆਪਣੇ ਹੋਰ ਸਾਥੀਆਂ ਨੂੰ ਆਪਣੇ ਕੋਲ ਬੁਲਾ ਲਿਆ। ਜਿੰਨ੍ਹਾਂ ਵਿੱਚ ਹੀਰਾ ਸਿੰਘ ਵੀ ਸ਼ਾਮਿਲ ਸੀ। ਜਦੋਂ ਦੋਵੇਂ ਗਰੁੱਪ ਮੇਲਾ ਵਿੱਝੜ ਜਾਣ ਤੋਂ ਬਾਅਦ, ਅਚਾਨਕ ਮੇਲੇ ਵਿੱਚ ਇਕੱਠੇ ਹੋਏ, ਤਾਂ ਗੁਰਦਾਸ ਗਰੁੱਪ ਵਿੱਚ ਇੱਕ ਜਣੇ ਨੇ ਸੇਖਾ ਗਰੁੱਪ ਦੇ ਇੱਕ ਮੁੰਡੇ ਤੇ ਪੰਚ ਮਾਰਿਆ। ਇਸੇ ਦੌਰਾਨ ਹੀ,ਕੁਲਵਿੰਦਰ ਸਿੰਘ ਕਿੰਦਾ ਨੇ ਖੰਜਰਨੁਮਾ ਚਾਕੂ ਨਾਲ ਵਾਰ ਕੀਤਾ ਤਾਂ ਉਹ ਵਾਰ ਹੀਰਾ ਸਿੰਘ ਦੇ ਵੱਜਿਆ ਤੇ ਹੀਰਾ ਸਿੰਘ ਜਖਮੀ ਹੋ ਗਿਆ। ਹੀਰਾ ਸਿੰਘ ਦੇ ਸਾਥੀਆਂ ਵੱਲੋਂ ਉਸ ਨੂੰ ਇਲਾਜ ਲਈ, ਪਹਿਲਾਂ ਲਾਈਫ ਲਾਈਨ ਹਸਪਤਾਲ ਵਿਖੇ ਲਿਜਾਇਆ ਗਿਆ। ਪਰੰਤੂ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਡੀਐਸਪੀ ਅਨੁਸਾਰ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਕਿੰਦਾ ਕੋਲ ਓਹ ਹਥਿਆਰ ਪਹਿਲਾਂ ਤੋਂ ਹੀ ਮੌਜੂਦ ਸੀ। ਜਿਸ ਨਾਲ ਹਮਲਾ ਕਰਕੇ, ਉਸ ਨੇ ਹੀਰਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋਂ ਕੀਤੇ ਖੁਲਾਸਿਆਂ ਨੇ ਹੀ ਖੜ੍ਹੇ ਕੀਤੇ ਹੋਰ ਸਵਾਲ।

ਕੁੱਝ ਸਵਾਲ, ਜਿੰਨ੍ਹਾਂ ਦੇ ਜੁਆਬ ਦਾ ਲੋਕਾਂ ਨੂੰ ਇੰਤਜਾਰ…

  • ਜੇਕਰ ਦੋ ਗਰੁੱਪਾਂ ਦਾ ਮੇਲੇ ਵਿੱਚ ਇੱਕੋ ਦਿਨ ਕੁੱਝ ਕੁ ਵਕਫੇ ਨਾਲ ਦੋ ਵਾਰ ਝਗੜਾ ਹੋਇਆ ਅਤੇ ਮਾਰ ਕੁੱਟ ਵੀ ਹੋਈ, ਤਾਂ ਉਸ ਬਾਰੇ ਪੁਲਿਸ ਨੂੰ ਕੋਈ ਭਿਣਕ ਕਿਉਂ ਨਾ ਲੱਗੀ, ਜਦੋਂਕਿ ਮੇਲੇ ਵਿੱਚ ਪੁਲਿਸ ਪਾਰਟੀ ਵੀ ਮੌਜੂਦ ਸੀ ? 
  • ਡੀਐਸਪੀ ਮੰਨ ਰਹੇ ਹਨ ਕਿ ਕਾਤਿਲ ਧਿਰ ਕੋਲ, ਇੱਕ ਕੋਲ ਬੇਸਵਾਲ ਅਤੇ ਛੋਟਾ ਖੰਜਰ ਪਹਿਲਾਂ ਤੋਂ ਮੌਜੂਦ ਸੀ, ਇਹ ਮੰਨਿਆ ਜਾ ਸਕਦਾ ਹੈ ਕਿ ਛੋਟੇ ਚਾਕੂਨੁਮਾ ਖੰਜ਼ਰ ਤਾਂ ਲੁਕਵਾਂ ਹਥਿਆਰ ਸੀ, ਪਰੰਤੂ ਬੇਸਵਾਲ ਲੈ ਕੇ ਘੁੰਮਦੇ ਵਿਅਕਤੀ ਨੂੰ ਵੀ ਪੁਲਿਸ ਪਾਰਟੀ ਨੇ ਗੰਭੀਰਤਾ ਨਾਲ ਕਿਉਂ ਨਹੀਂ ਲਿਆ ?
  • ਡੀਐਸਪੀ ਬੈਂਸ ਦੱਸ ਰਹੇ ਹਨ ਕਿ ਜਿਸ ਹਥਿਆਰ ਨਾਲ, ਹੀਰਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਅਜਿਹੇ ਛੋਟੇ ਚਾਕੂ/ਖੰਜ਼ਰ ਮੇਲਿਆਂ ਵਿੱਚ ਆਮ ਹੀ ਵਿਕਦੇ ਹਨ, ਕੀ ਅਜਿਹੇ ਮਾਰੂ ਹਥਿਆਰਾਂ ਨੂੰ ਪੁਲਿਸ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈਣਾ ਚਾਹੀਦਾ ?
  • ਡੀਐਸਪੀ ਸਾਬ੍ਹ ਕਹਿ ਰਹੇ ਹਨ ਕਿ ਦੋਵਾਂ ਧਿਰਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਇਹ ਮੰਨਿਆ ਵੀ ਜਾ ਸਕਦਾ ਹੈ, ਪਰੰਤੂ ਇਹ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵੇਂ ਧਿਰਾਂ ਕੋਲ ਬੇਸਵਾਲ, ਖੰਜ਼ਰ ਅਤੇ ਪੰਚ ਵਗੈਰਾ ਮੌਜੂਦ ਸੀ, ਕੀ ਅਜਿਹੇ ਹਥਿਆਰ, ਦੋਵਾਂ ਧਿਰਾਂ ਦੀ ਅਪਰਾਧਿਕ ਪ੍ਰਵਿਰਤੀ ਨੂੰ ਉਜ਼ਾਗਰ ਨਹੀਂ ਕਰਦੇ ?
  •  ਓਹ ਹਥਿਆਰ, ਜਿਸ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ, ਪੁਲਿਸ ਉਸ ਹਥਿਆਰ ਨੂੰ ਬਹੁਤ ਹੀ ਤੁੱਛ ਕਹਿ ਕੇ, ਕੀ ਦਰਸਾਉਣਾ ਚਾਹੁੰਦੀ ਹੈ ?
  • ਡੀਐਸਪੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਦੋਸ਼ੀਆਂ ਦੀ ਸ਼ਨਾਖਤ ਹੱਤਿਆਂ ਤੋਂ 48 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਕਰ ਲਈ ਸੀ, ਤਾਂ ਫਿਰ ਇਸ ਦਾ ਖੁਲਾਸਾ ਕਰਨ ਲਈ, ਪੁਲਿਸ ਚਾਰ ਦਿਨ ਇੰਤਜਾਰ ਕਿਉਂ ਕਰਦੀ ਰਹੀ ? 

 

Advertisement
Advertisement
Advertisement
Advertisement
error: Content is protected !!