ਹਰਿੰਦਰ ਨਿੱਕਾ, ਬਰਨਾਲਾ 3 ਸਤੰਬਰ 2025
2023 ਬੈਚ ਦੇ ਆਈ.ਏ.ਐਸ. ਅਧਿਕਾਰੀ ਆਯੂਸ਼ ਗੋਇਲ ਨੇ ਤਪਾ ਸਬ ਡਿਵੀਜਨ ਦੇ ਐਸ.ਡੀ.ਐਮ. ਵਜੋਂ ਅਹੁਦਾ ਸੰਭਾਲ ਲਿਆ ਹੈ। ਆਪਣਾ ਅਹੁਦਾ ਸੰਭਾਲਣ ਸਮੇਂ ਆਈ.ਏ.ਐਸ. ਆਯੂਸ਼ ਗੋਇਲ ਨੇ ਕਿਹਾ ਕਿ ਉਨਾਂ ਅਜਿਹੀ ਸੰਕਟ ਦੀ ਘੜੀ ਅਹੁਦਾ ਸੰਭਾਲਿਆ ਹੈ, ਜਦੋਂ ਇਲਾਕੇ ਦੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਮੌਕੇ ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ,ਇਹ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਵੀ ਹੈ,ਜਦੋਂ ਪ੍ਰਸ਼ਾਸ਼ਨਿਕ ਪੱਧਰ ਤੇ ਲੋਕਾਂ ਨੂੰ ਮੱਦਦ ਦੀ ਪੈਰ ਪੈਰ ਤੇ ਲੋੜ ਹੈ।
ਉਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੈਂ ਡਿਵੀਜਨ ਦੇ ਪ੍ਰਸ਼ਾਸ਼ਨਿਕ ਮੁਖੀ ਹੋਣ ਦੇ ਨਾਤੇ, ਮੁਸ਼ਕਿਲ ਹਾਲਤ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਹਰ ਸਮੇਂ , ਹਰ ਤਰਾਂ ਦੀ ਮੱਦਦ ਲਈ ਯਤਨਸ਼ੀਲ ਰਹਾਂਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਵੱਲੋਂ ਸਮੇਂ ਸਮੇਂ ਤੇ ਹੜ੍ਹਾਂ ਸਬੰਧੀ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਮੁਸ਼ਕਲ ਹੋਣ ਸਬੰਧੀ ਤੁਰੰਤ ਸੂਚਿਤ ਕਰਨ ਤਾਂ ਜੋ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਵੀ ਛੇਤੀ ਤੋਂ ਛੇਤੀ ਕਰਵਾਇਆ ਜਾ ਸਕੇ।







