ਐੱਸ.ਡੀ ਸਭਾ ਬਰਨਾਲਾ ਨੇ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਡੀ.ਸੀ ਬਰਨਾਲਾ ਨੂੰ ਸੌਂਪਿਆ ਚੈੱਕ
SD ਸਭਾ ਨੇ ਆਪਣਾ ਫਰਜ਼ ਸਮਝਦਿਆਂ ਇਹ ਯੋਗਦਾਨ ਪਾਇਆ- ਸ਼ਿਵਦਰਸ਼ਨ ਸ਼ਰਮਾ
ਐੱਸ.ਡੀ ਸਭਾ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ : ਸ਼੍ਰੀ ਸ਼ਿਵ ਸਿੰਗਲਾ
ਅਦੀਸ਼ ਗੋਇਲ, ਬਰਨਾਲਾ 3 ਸਤੰਬਰ 2025
ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਹੜ੍ਹ ਪੀੜ੍ਹਤਾਂ ਦੀ ਮੱਦਦ ਵਾਸਤੇ 2 ਲੱਖ ਇੱਕ ਹਜਾਰ ਰੁਪਏ ਦਾ ਯੋਗਦਾਨ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਪਾਇਆ ਗਿਆ ਹੈ। ਐੱਸ.ਡੀ ਸਭਾ ਬਰਨਾਲਾ ਦੇ ਚੇਅਰਮੈਨ ਸ੍ਰੀ ਸਿਵਦਰਸ਼ਨ ਕੁਮਾਰ ਸ਼ਰਮਾ, ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ, ਸਭਾ ਦੇ ਸੀਨੀਅਰ ਮੈਂਬਰ ਜਤਿੰਦਰ ਗੋਇਲ, ਸਵਿੰਦਰ ਕੁਮਾਰ, ਪ੍ਰਵੀਨ ਸਿੰਗਲਾ, ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਵੱਲੋਂ 2,01000 ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਨੂੰ ਸੌਂਪਿਆ ਗਿਆ। ਜਿਸ ‘ਤੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਐੱਸ ਡੀ ਸਭਾ ਦਾ ਵਿਸੇਸ਼ ਧੰਨਵਾਦ ਕੀਤਾ। ਇਸ ਸਮੇਂ ਐੱਸ.ਡੀ ਸਭਾ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਜਿਥੇ ਵਿੱਦਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਜਿਥੇ ਐੱਸ.ਐੱਸ.ਡੀ ਕਾਲਜ ਸਮੇਤ ਸੱਤ ਸਕੂਲ ਅਤੇ ਹੋਰ ਕਈ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ, ਉਥੇ ਹੀ ਐੱਸ.ਡੀ ਸਭਾ ਵੱਲੋਂ ਧਰਮ ਅਤੇ ਮਾਨਵਤਾ ਦੀ ਸੇਵਾ ਵਿੱਚ ਵੀ ਸਦਾ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਕੋਈ ਕੁਦਰਤੀ ਆਫਤ ਆਈ ਹੈ ਤਾਂ ਐੱਸ.ਡੀ ਸਭਾ ਨੇ ਆਪਣਾ ਫਰਜ਼ ਸਮਝਦਿਆਂ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਹੈ, ਭਾਵੇਂ ਉਹ ਕਰੋਨਾ ਕਾਲ ਸੀ ਅਤੇ ਭਾਵੇਂ ਹੜ੍ਹਾਂ ਜਾਂ ਕਿਸੇ ਹੋਰ ਕੁਦਰਤੀ ਆਫਤ ਦਾ ਸਮਾਂ ਆਇਆ ਹੈ ਤਾਂ ਐੱਸ ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਂ ਨੇ ਸਦਾ ਤਨ ਮਨ ਧਨ ਨਾਲ ਸੇਵਾ ਕੀਤਾ ਹੈ।
ਐੱਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਐੱਸ.ਡੀ ਸਭਾ ਵੱਲੋਂ ਆਪਣਾ ਫਰਜ਼ ਸਮਝਦਿਆਂ ਇਹ 2 ਲੱਖ ਇੱਕ ਹਜਾਰ ਰੁਪਏ ਦੀ ਰਾਸ਼ੀ ਮੁੱਖ ਮੰਤਰੀ ਰਲੀਫ ਫੰਡ ਵਿੱਚ ਪਾਈ ਜਾ ਰਹੀ ਹੈ, ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸਾਸ਼ਨ ਦਾ ਅਸੀਂ ਹਰ ਤਰ੍ਹਾਂ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਹੁਣ ਵੀ ਜਦੋਂ ਹੜ੍ਹਾਂ ਦੇ ਰੂਪ ਵਿੱਚ ਅਸੀਂ ਕੁਦਰਤੀ ਆਫਤ ਦਾ ਮੁਕਾਬਲਾ ਕਰ ਰਹੇ ਹਾਂ ਤਾਂ ਅਸੀਂ ਐੱਸ.ਐੱਸ.ਡੀ ਕਾਲਜ ਵਿੱਚ ਹੜ੍ਹ ਪੀੜ੍ਹਤਾਂ ਲਈ ਇੱਕ ਬੇਸ ਕੈਂਪ ਬਣਾ ਦਿੱਤਾ ਹੈ। ਜਿਥੇ ਐੱਸ.ਡੀ ਸਭਾ ਵੱਲੋਂ ਕਾਲਜ ਦੇ ਇੱਕ ਵੱਡੇ ਹਾਲ ਵਿੱਚ 50 ਲੋਕਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ, ਜਿਹਨਾਂ ਦੇ ਪੈਣ ਲਈ ਬਿਸਤਰੇ ਲਗਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜ਼ਿਲ੍ਹਾ ਪ੍ਰਸਾਸ਼ਨ ਜੋ ਵੀ ਸਾਡੀ ਡਿਊਟੀ ਲਾਵੇਗਾ, ਅਸੀਂ ਆਪਣਾ ਫਰਜ਼ ਸਮਝਕੇ ਕਿ ਉਸ ਡਿਊਟੀ ਨੂੰ ਪੂਰਾ ਕਰਾਂਗੇ। ਇਸ ਦੇ ਨਾਲ ਹੀ ਸ੍ਰੀ ਸ਼ਿਵ ਸਿੰਗਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਕੁਦਰਤੀ ਆਫਤ ਸਮੇਂ ਜ਼ਿਲ੍ਹਾ ਪ੍ਰਸਾਸ਼ਨ ਨਾਲ ਮਿਲਕੇ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾਵੇ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਨੇ ਐੱਸ.ਡੀ ਸਭਾ ਬਰਨਾਲਾ ਦਾ ਧਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਜ਼ਿਲ੍ਹਾ ਪ੍ਰਸਾਸ਼ਨ ਲੋੜਵੰਦ ਲੋਕਾਂ ਦੀ ਮੱਦਦ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਉਹਨਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਥੇ ਵੀ ਕਿਸੇ ਚੀਜ਼ ਦੀ ਜਰੂਰਤ ਹੈ, ਉਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਜਾਵੇ।







