ਈਟੀਟੀ ਦੀ ਪ੍ਰੀਖਿਆ ‘ਚ ਜਸ਼ਨਪ੍ਰੀਤ ਕੌਰ ਜ਼ਿਲ੍ਹੇ ‘ਚੋਂ ਰਹੀ ਅੱਵਲ
ਰਘਵੀਰ ਹੈਪੀ, ਬਰਨਾਲਾ 28 ਜੂਨ 2025
ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਬਰਨਾਲਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਈਟੀਟੀ ਭਾਗ ਦੂਜਾ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿੱਚੋਂ ਅੱਵਲ ਸਥਾਨ ਹਾਸਿਲ ਕਰਕੇ, ਕਾਲਜ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਵਿਖੇ ਲੈਕਚਰਾਰ ਕੁਲਦੀਪ ਸਿੰਘ ਦੇ ਘਰ ਅਤੇ ਸ੍ਰੀਮਤੀ ਗੁਰਮੀਤ ਕੌਰ ਦੀ ਕੁੱਖੋਂ ਪੈਦਾ ਹੋਈ ਜਸ਼ਨਪ੍ਰੀਤ ਕੌਰ ਨੇ ਈਟੀਟੀ ਭਾਗ ਦੂਜਾ ਦੀ ਪ੍ਰੀਖਿਆ ਵਿੱਚੋਂ 950 ਅੰਕਾਂ ਵਿੱਚੋਂ 844 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਜਸ਼ਨਪ੍ਰੀਤ ਦੀ ਮਾਣਮੱਤੀ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਬਰਨਾਲਾ ਦੇ ਵਾਈਸ ਪ੍ਰਿੰਸੀਪਲ ਐਸ.ਪੀ. ਸਿੰਘ ਨੇ ਅੱਗੇ ਦੱਸਿਆ ਕਿ 833 ਅੰਕ ਪ੍ਰਾਪਤ ਕਰਕੇ ਨਿਧੀ ਗੁਪਤਾ ਦੂਜੇ ਸਥਾਨ ਤੇ ਰਹੀ ਅਤੇ ਤੀਜਾ ਸਥਾਨ ਸਾਂਝੇ ਰੂਪ ਵਿੱਚ ਜੋਤੀ ਅਸੀਜਾ ਅਤੇ ਪੁਸ਼ਪਿੰਦਰ ਨੇ 826 ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ ਹੈ।
ਇਹ ਸ਼ਾਨਦਾਰ ਪ੍ਰਾਪਤੀ ਲਈ ਸੰਸਥਾ ਦੇ ਚੇਅਰਮੈਨ ਸੌਦਾਗਰ ਸਿੰਘ ਚਹਿਲ, ਮੈਨੇਜਿੰਗ ਡਾਇਰੈਕਟਰ ਲਖਵਿੰਦਰ ਸਿੰਘ ਚਹਿਲ, ਕਾਲਜ ਦੇ ਪ੍ਰਿੰਸੀਪਲ ਡਾਕਟਰ ਰਜਨੀਸ਼ ਕਾਮਰਾ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਇਹ ਪ੍ਰਾਪਤੀ, ਕਾਲਜ ਦੇ ਅਧਿਆਪਕਾਂ ਦੀ ਮਿਹਨਤ ਅਤੇ ਮੇਰੇ ਮਾਪਿਆਂ ਦੀ ਪ੍ਰੇਰਣਾ ਅਤੇ ਹਰ ਘੜੀ ਦਿੱਤੇ ਸਹਿਯੋਗ ਦੀ ਬਦੌਲਤ ਹੀ ਹਾਸਿਲ ਹੋਈ ਹੈ। ਇਸ ਮੌਕੇ ਕਾਲਜ ਦੀ ਅਧਿਆਪਕਾ ਸਿਮਰਜੀਤ ਕੌਰ,ਰਜਿੰਦਰ ਕੌਰ, ਰਾਣੀ ਕੌਰ, ਮਿਸ ਸੀਮਾ,ਮਨਦੀਪ ਕੌਰ ਅਤੇ ਰਾਕੇਸ਼ ਸਿੰਗਲਾ ਨੇ ਸ਼ਾਨਦਾਰ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਜਿੰਦਗੀ ਦੇ ਹਰ ਖੇਤਰ ਵਿੱਚ ਇਸੇ ਤਰਾਂ ਵਿਲੱਖਣ ਉਪਲੱਭਧੀਆਂ ਹਾਸਿਲ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜਸ਼ਨਪ੍ਰੀਤ ਕੌਰ ਦੇ ਪਿਤਾ ਲੈਕਚਰਾਰ ਕੁਲਦੀਪ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਉਨਾਂ ਨੂੰ ਆਪਣੀ ਧੀ ਤੇ ਬਹੁਤ ਹੀ ਮਾਣ ਹੈ, ਉਮੀਦ ਹੈ, ਕਿ ਇਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵੀ ਇਸੇ ਤਰਾਂ ਹੀ ਸਖਤ ਮਿਹਨਤ ਦੇ ਦਮ ‘ਤੇ ਹੋਰ ਵੀ ਬੁਲੰਦੀਆਂ ਹਾਸਿਲ ਕਰੇਗੀ।







