ਸਭ ਫੜ੍ਹੇ ਗਏ…’ਤੇ ਓਨ੍ਹਾਂ Jail ‘ਚ ਘੜੀ ਬੱਚਾ ਚੁੱਕਣ ਦੀ ਸਾਜਿਸ਼, ਡਾ. & ਤਾਂਤਰਿਕ ਦਾ ਚਿਹਰਾ ਬੇਨਕਾਬ,

Advertisement
Spread information

ਪੁਲਿਸ ਉੱਤੇ ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ, ਲਾਏ ਜਿੰਦਾਬਾਦ ਦੇ ਨਾਅਰੇ, ਡੀਆਈਜੀ ਨੇ ਮਾਂ ਦੀ ਝੋਲੀ ਪਾਇਆ 4 ਦਿਨ ਬਾਅਦ ਬੱਚਾ..

ਮਾਂ-ਪੁੱਤ, ਡਾਕਟਰ ਅਤੇ ਤਾਂਤਰਿਕ ਸਣੇ ਪੁਲਿਸ ਨੇ ਫੜ੍ਹਿਆ 9 ਅਗਵਾਕਾਰਾਂ ਦਾ ਗਿਰੋਹ 

ਹਰਿੰਦਰ ਨਿੱਕਾ, ਬਰਨਾਲਾ 7 ਅਪ੍ਰੈਲ 2025 

      ਝੌਂਪੜੀਆਂ ਵਿੱਚ ਰਹਿੰਦੇ ਇੱਕ ਪਰਿਵਾਰ ਦਾ ਸਿਰਫ ਦੋ ਸਾਲ ਦਾ ਬੱਚਾ ਅਗਵਾ ਕਰਨ ਦੀ ਸਾਜਿਸ਼ ਲੁਧਿਆਣਾ ਜੇਲ੍ਹ ਵਿੱਚ ਤਿੰਨ ਵੱਖ ਵੱਖ ਕੇਸਾਂ ਵਿੱਚ ਬੰਦ ਚਾਰ ਜਣਿਆਂ ਨੇ ਰਚੀ ਸੀ, ਇਹ ਖੁਲਾਸਾ, ਪੁਲਿਸ ਵੱਲੋਂ ਅਗਵਾ ਬੱਚੇ ਨੂੰ ਬਰਾਮਦ ਕਰਨ ਸਮੇਂ ਗ੍ਰਿਫਤਾਰ ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਹੋਇਆ ਹੈ। ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਟੀਮ ਤੇ ਹੋ ਰਹੀ, ਫੁੱਲਾਂ ਦੀ ਵਰਖਾ ਦਰਮਿਆਨ ਬੱਚਾ ਚਾਰ ਦਿਨਾਂ ਬਾਅਦ ਉਸ ਦੀ ਮਾਂ ਨੂੰ ਆਪਣੇ ਹੱਥੀ ਸੌਂਪਿਆ। ਇਸ ਮੌਕੇ ਬੱਚਾ ਲੈ ਰਹੀ, ਮਾਂ ਦੀਆਂ ਖੁਸ਼ੀ ਵਿੱਚ ਅੱਖਾਂ ਸਿਲ੍ਹੀਆਂ ਦੇਖ ਕੇ, ਖੁਦ ਡੀਆਈਜੀ ਸਿੱਧੂ ਵੀ ਭਾਵੁਕ ਹੋ ਗਏ। ਇਸ ਮੌਕੇ ਐਸਐਸਪੀ ਮੁਹੰਮਦ ਸਰਫਰਾਜ ਆਲਮ, ਨਵਨਿਯੁਕਤ ਐਸਪੀ ਐਚ ਰਾਜੇਸ਼ ਛਿੱਬਰ, ਸਨਦੀਪ ਸਿੰਘ ਮੰਡ PPS ਕਪਤਾਨ ਪੁਲਿਸ (ਇੰਨ.) ਬਰਨਾਲਾ,  ਸਤਵੀਰ ਸਿੰਘ ਬੈਂਸ PPS ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ, ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਅਤੇ ASI ਚਰਨਜੀਤ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਤੇ ਹੋਰ ਕਰਮਚਾਰੀ ਮੌਜੂਦ ਸਨ।

ਅਗਵਾਕਾਰਾਂ ਦੀ ਬੱਚਾ ਚੁੱਕਣ ਦੀ ਮੰਸ਼ਾ ਹਾਲੇ ਵੀ ਬਣੀ ਪਹੇਲੀ…!

      ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 4 ਅਪ੍ਰੈਲ ਦੀ ਬਾਅਦ ਦੁਪਿਹਰ ਵੀਨਾ ਦੇਵੀ ਪਤਨੀ ਧਰਵਿੰਦਰ ਕੁਮਾਰ ਵਾਸੀ ਮਾਲਦਾ ਬਿੰਦਰੀਆ ਜ਼ਿਲ੍ਹਾ ਸੇਖਪੁਰਾ (ਬਿਹਾਰ) ਹਾਲ ਅਬਾਦ ਝੁੱਗੀਆ ਅਨਾਜ ਮੰਡੀ ਬਰਨਾਲਾ ਦੇ 2 ਸਾਲਾ ਲੜਕੇ ਅਰਿਹਾਂਤ ਨੂੰ ਅਗਵਾ ਮੋਟਰਸਾਈਕਲ ਸਵਾਰ ਦੋ ਨੌਜਵਾਨ ਅਗਵਾ ਕਰਕੇ ਲੈ ਗਏ ਸਨ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਅ/ਧ 140 (3), 111(2) (II) BNS ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰਕੇ, ਉਸ ਨੂੰ ਛੁਡਾਉਣ ਲਈ ਐਸਐਸਪੀ ਸਰਫਰਾਜ ਆਲਮ ਨੇ ਡੀਐਸਪੀ ਸਤਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ, ਇੰਸ: ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ, ਸ:ਬ: ਚਰਨਜੀਤ ਸਿੰਘ ਚੌਂਕੀ ਇੰਚਾਰਜ ਬਰਨਾਲਾ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ। ਪੁਲਿਸ ਟੀਮ ਨੇ ਸੀ.ਸੀ.ਟੀ.ਵੀ ਫੁਟੇਜ, ਤਕਨੀਕੀ ਅਤੇ ਮਨੁੱਖੀ ਇਟੈਲੀਜੈਂਸ ਦੀ ਮੱਦਦ ਨਾਲ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀਆਈਜੀ ਨੇ ਦੱਸਿਆ ਕਿ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਮਾਂ ਦੀ ਗੋਦ ਪਾਉਣ ਲਈ ਪੰਜਾਬ ਤੋਂ ਇਲਾਵਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸੂਬਿਆਂ ਤੱਕ ਟੀਮਾਂ ਭੇਜੀਆਂ। ਆਖਿਰ ਪੁਲਿਸ ਨੇ ਇੱਕ ਆਸ਼ਾ ਵਰਕਰ ਸਣੇ ਬੱਚਾ ਅਗਵਾ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਗਿਰਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਗਿਰੋਹ ਵੱਲੋਂ ਬੱਚਾ ਚੁੱਕੇ ਜਾਣ ਦੀ ਮੰਸ਼ਾ ਦਾ ਖੁਲਾਸਾ ਦੋਸੀਆਂ ਦੀ ਪੁੱਛਗਿੱਛ ਦੌਰਾਨ ਹੀ ਹੋਵੇਗਾ।

ਡਾਕੂ ਹਸੀਨਾ ਦੀ 8 ਕਰੋੜ ਡਕੈਤੀ ਕੇਸ ਦੇ ਮੁਰਜਮ ਵੀ ਹਨ ਦੋ ਦੋਸ਼ੀ..

     ਡੀਆਈਜੀ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਵਿਖੇ ਜੂਨ 2023 ਵਿੱਚ ਹੋਈ 8 ਕਰੋੜ ਦੀ ਡਕੈਤੀ ਦੇ ਕੇਸ ਵਿੱਚ ਜੇਲ੍ਹ ਬੰਦ ਰਹੇ ਦੋ ਦੋਸ਼ੀ ਦਮਨਪ੍ਰੀਤ ਸਿੰਘ ਉਰਫ ਅਮਨ @ ਫੂਲੀ ਵਾਸੀ ਜੰਡਾ ਵਾਲਾ ਰੋਡ ਘੁਮਿਆਰਾ ਵਾਲੀ ਗਲੀ, ਨੇੜੇ ਛੋਟੀ ਮਾਤਾ ਰਾਣੀ ਮੰਦਰ ਬਰਨਾਲਾ,  (ਮੋਟਰਸਾਈਕਲ ਸਵਾਰ ਅਗਵਾਕਾਰ), ਅਦਿੱਤਿਆ ਉਰਫ ਨੰਨ੍ਹੀ ਵਾਸੀ ਜੰਡਾਂਵਾਲਾ ਰੋਡ ਘੁਮਿਆਰਾ ਵਾਲੀ ਗਲੀ ਬਰਨਾਲਾ, ਆਰਮਜ ਐਕਟ ਜੁਰਮ ਦੇ ਦੋਸ਼ੀ ਕੋਹਿਨੂਰ ਵਾਸੀ ਢੰਡਾਰੀ ਕਲਾਂ, ਜਿਲ੍ਹਾ ਲੁਧਿਆਣਾ ਅਤੇ ਐਨਡੀਪੀਐਸ ਐਕਟ ਦੇ ਦੋਸ਼ੀ ਤੇ ਤਾਂਤਰਿਕ ਦਸਰਥ ਸਿੰਘ ਵਾਸੀ ਨਾਥੂਖੇੜੀ, ਥਾਣਾ ਸਵਾਰਸ, ਜਿਲਾਂ ਮੰਦੋਸਰ , ਮੱਧ ਪ੍ਰਦੇਸ਼ ਦੀ ਲੁਧਿਆਣਾ ਜੇਲ੍ਹ ਵਿੱਚ ਇਕੱਠੇ ਰਹਿੰਦਿਆਂ ਦੀ ਜਾਣ ਪਹਿਚਾਣ ਹੋਈ। ਦੋਸ਼ੀ ਕੋਹਿਨੂਰ ਦੀ ਮਾਂ ਰਵਿੰਦਰ ਕੌਰ ਆਸ਼ਾ ਵਰਕਰ ਸੀ, ਜਿਸ ਦੀ ਨੇੜਤਾ ਸੁਰਕਸ਼ਾ ਹੈਲਥ ਕੇਅਰ ਲੁਧਿਆਣਾ ਦੇ ਮਾਲਿਕ ਤੇ ਸੰਚਾਲਕ ਡਾਕਟਰ ਵਿਕਾਸ ਤਿਵਾੜੀ ਵਾਸੀ ਦੁਰਗਾ ਕਾਲੋਨੀ ਲੁਧਿਆਣਾ ਨਾਲ ਬਣੀ ਹੋਈ ਸੀ। ਜੇਲ੍ਹ ਅੰਦਰ ਰਹਿੰਦਿਆਂ ਹੀ ਦਮਨ, ਅਦਿੱਤਿਆ, ਕੋਹਿਨੂਰ ਅਤੇ ਦਸ਼ਰਥ ਸਿੰਘ ਨੇ ਬੱਚਾ ਅਗਵਾ ਕਰਨ ਦੀ ਸਾਜਿਸ਼ ਘੜੀ ਸੀ। ਬੱਚਾ ਚੁੱਕਣ ਦੀ ਘਟਨਾ ਨੂੰ ਅੰਜਾਮ ਦੇਣ ਲਈ ਉਨਾਂ ਮਾਨਵ ਅਰੋੜਾ ਵਾਸੀ ਰਾਧਾ ਸੁਆਮੀ ਗਲੀ ਬਰਨਾਲਾ ਦਮਨਪ੍ਰੀਤ ਨਾਲ 2 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ। ਜਿੰਨ੍ਹਾਂ 4 ਅਪ੍ਰੈਲ ਨੂੰ ਬੱਚਾ ਅਗਵਾ ਵੀ ਕਰ ਲਿਆ।                                             

‘ਤੇ ਫਿਰ ਕਾਰ ਲੈ ਕੇ ਪਹੁੰਚ ਗਏ ਕੋਹਿਨੂਰ ਤੇ ਦਵਿੰਦਰ ਖੰਨਾ

    ਡੀਆਈਜੀ ਸਿੱਧੂ ਨੇ ਦੱਸਿਆ ਕਿ ਦੋਸ਼ੀ ਮਾਨਵ ਅਤੇ ਦਮਨ , ਬੱਚੇ ਨੂੰ ਅਗਵਾ ਕਰਕੇ, ਪੱਤੀ ਰੋਡ ਬਰਨਾਲਾ ਤੇ ਪਹੁੰਚ ਗਏ। ਜਿੱਥੇ ਉਨਾਂ ਨੂੰ ਅਦਿੱਤਿਆ ਮਿਲਿਆ, ਤੇ ਮਾਨਵ ਨੂੰ ਉੱਥੇ ਹੀ ਛੱਡ ਕੇ ਦਮਨ ਅਤੇ ਅਦਿੱਤਿਆ ਦੋਵੇਂ ਜਣੇ ਬੱਚੇ ਨੂੰ ਮੋਟਰ ਸਾਈਕਲ ਪਰ ਬਿਠਾ ਕੇ ਚੱਲ ਪਏ। ਅੱਗੇ ਨਿਸਚਿਤ ਥਾਂ ਤੇ ਕੋਹਿਨੂਰ ਅਤੇ ਦਵਿੰਦਰ ਵਾਸੀ ਮਾਡਲ ਟਾਊਨ ਖੰਨਾ, HONDA AMAZE ਗੱਡੀ ਵਿੱਚ ਸਵਾਰ ਹੋ ਕੇ ਪਹੁੰਚ ਗਏ ਅਤੇ ਅਗਵਾ ਬੱਚੇ ਨੂੰ ਕਾਰ ਵਿੱਚ ਲੈ ਕੇ ਲੁਧਿਆਣਾ ਚਲੇ ਗਏ, ਉਸ ਸਮੇਂ ਉੱਥੇ ਇੱਕ ਹੋਰ ਨਾਮਜ਼ਦ ਦੋਸ਼ੀ ਰੋਹਿਤ ਵਾਸੀ ਬਿਹਾਰ, ਹਾਲ ਵਾਸੀ ਰਹੌਨ ਮੰਡੀ ਖੰਨਾ ਵੀ ਮੌਜੂਦ ਸੀ। ਇਨਾਂ ਸਾਰਿਆ ਨੇ ਅਗਵਾ ਬੱਚਾ ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਪਾਸ ਸੁਰਕਸ਼ਾ ਹੈਲਥ ਕੇਅਰ ਮੁੰਡੀਆ ਖੁਰਦ ਲੁਧਿਆਣਾ ਵਿਖੇ ਪਹੁੰਚਾ ਦਿੱਤਾ। ਇਹ ਵੀ ਸਾਹਮਣੇ ਆਇਆ ਕਿ ਅਗਵਾ ਬੱਚਾ ਆਸ਼ਾ ਵਰਕਰ ਰਵਿੰਦਰ ਕੌਰ ਅਤੇ ਡਾਕਟਰ ਤਿਵਾੜੀ ਵੱਲੋਂ ਅੱਗੇ ਕਿਸੇ ਹੋਰ ਬੇਔਲਾਦ ਜ਼ੋੜੇ ਨੂੰ ਮਹਿੰਗੇ ਮੁੱਲ ਵੇਚਿਆ ਜਾਣਾ ਸੀ। ਡੀਆਈਜੀ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਮਾਨਵ ਅਰੋੜਾ, ਅਦਿੱਤਿਆ, ਦਮਨਪ੍ਰੀਤ, ਕੋਹਿਨੂਰ, ਦਵਿੰਦਰ, ਰੋਹਿਤ, ਰਵਿੰਦਰ ਕੌਰ, ਡਾਕਟਰ ਵਿਕਾਸ ਤਿਵਾੜੀ, ਤਾਂਤਰਿਕ ਦਸ਼ਰਥ ਸਿੰਘ ਨੂੰ ਵੱਖ ਵੱਖ ਥਾਵਾਂ ਤੋਂ ਗਿਰਫਤਾਰ ਕਰ ਲਿਆ। ਪੁਲਿਸ ਨੇ ਦੋਸ਼ੀਆਂ ਦੇ ਕਬਜੇ ਵਿੱਚੋ ਅਗਵਾ ਕਾਂਡ ਸਮੇਂ ਵਰਤਿਆ ਮੋਟਰਸਾਈਕਲ ਅਤੇ ਕਾਰ ਵੀ ਬਰਾਮਦ ਕਰ ਲਈ ਹੈ। ਡੀਆਈਜੀ ਸਿੱਧੂ ਨੇ ਕਿਹਾ ਕਿ ਉਹ ਅਗਵਾ ਬੱਚੇ ਨੂੰ ਬਰਾਮਦ ਕਰਵਾਉਣ ਅਤੇ ਦੋਸ਼ੀਆਂ ਨੂੰ ਫੜ੍ਹਨ ਵਿੱਚ ਯੋਗਦਾਨ ਦੇਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ, ਵੱਖ ਵੱਖ ਮੈਡਲ, ਸਰਟੀਫਿਕੇਟ ਅਤੇ ਨਗਦ ਇਨਾਮ ਦੇਣ ਦੀ ਸਿਫਾਰਸ਼ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ ਭੇਜਣਗੇ। 

ਦੋਸ਼ੀਆਂ ਨੇ ਤਿਆਰ ਕੀਤਾ ਸੀ ਬੜਾ ਘਾਤਕ ਪਲਾਨ B..

      ਬੇਸ਼ੱਕ ਡੀਆਈਜੀ ਸਿੱਧੂ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਨੂੰ ਸਾਫ ਕਰਨ ਤੋਂ ਬਚਦੇ ਰਹੇ ਕਿ ਬੱਚੇ ਦੀ ਬਲੀ ਦੇਣ ਲਈ ਦੋਸ਼ੀਆਂ ਨੇ ਪਲਾਨ ਬੀ ਵੀ ਤਿਆਰ ਕਰ ਰੱਖਿਆ ਸੀ। ਪਰੰਤੂ ਪੁਲਿਸ ਸੂਤਰਾਂ ਅਨੁਸਾਰ , ਜਦੋਂ ਬਰਨਾਲਾ ਦੇ ਰਹਿਣ ਵਾਲੇ ਦੋ ਦੋਸ਼ੀਆਂ ਨੇ ਆਪਣੇ ਸਾਥੀਆਂ ਨੂੰ ਅਗਵਾ ਕਾਂਡ ਦਾ ਰੌਲਾ ਵੱਡੇ ਪੱਧਰ ਤੇ ਪੈ ਜਾਣ ਅਤੇ ਬੱਚੇ ਨੂੰ ਸੰਭਾਲਣ ਦਾ ਖਤਰਾ ਵੱਧ ਜਾਣ ਬਾਰੇ ਦੱਸਿਆ ਤਾਂ ਫਿਰ ਪਲਾਨ ਬੀ ਨੂੰ ਅੰਜਾਮ ਦੇਣ ਲਈ ਦੋਸ਼ੀ ਦਵਿੰਦਰ ਸਿੰਘ ਖੰਨਾ ਅਤੇ ਰੋਹਿਤ ਖੰਨਾ ਤਾਂਤਰਿਕ ਦਸਰਥ ਸਿੰਘ ਕੋਲ ਮੱਧ ਪ੍ਰਦੇਸ਼, ਉਸ ਦੀ ਤਾਂਤਰਿਕ ਚੌਂਕੀ ਦੇ ਠਿਕਾਣੇ ਤੇ ਪਹੁੰਚ ਗਏ। ਉੱਥੇ ਤਾਂਤਰਿਕ ਨੇ ਬੱਚੇ ਦੀ ਬਲੀ ਦੇਣ ਲਈ ਟੂਣਾ/ ਟੋਟਕਾ ਸ਼ੁਰੂ ਕਰ ਦਿੱਤਾ।

    ਤਾਂਤਰਿਕ ਨੇ ਕਿਹਾ ਸੀ ਕਿ ਉਹ ਤੰਤਰ ਵਿੱਦਿਆ ਦੀ ਕਿਰਿਆ ਬੱਚੇ ਤੋਂ ਕਰੀਬ 1000 ਕਿਲੋਮੀਟਰ ਦੂਰੀ ਤੇ ਬੈਠ ਕੇ ਕਰੇਗਾ ,ਜਦੋਂ ਟੂਣਾ ਟੋਟਕਾ ਪੂਰਾ ਹੋ ਗਿਆ ਤਾਂ ਬੱਚੇ ਦੀ ਲੁਧਿਆਣਾ ਵਿਖੇ ਹੀ ਬਲੀ ਦੇ ਦਿੱਤੀ ਜਾਵੇ। ਜਦੋਂ ਪੁਲਿਸ ਨੂੰ ਇਹ ਭਿਣਕ ਲੱਗੀ ਤਾਂ ਪੁਲਿਸ ਦੀ ਇੱਕ ਟੀਮ ਨੇ ਲੁਧਿਆਣਾ ਪਹੁੰਚ ਕੇ, ਉੱਥੇ ਮੌਜੂਦ ਦੋਸ਼ੀਆਂ ਦਮਨਪ੍ਰੀਤ, ਅਦਿੱਤਿਆ ,ਮਾਨਵ ਅਰੋੜਾ, ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ, ਬੱਚੇ ਨੂੰ ਸਰਖਿਅਤ ਬ੍ਰਾਮਦ ਕਰ ਲਿਆ। ਜਦੋਂਕਿ ਮੱਧ ਪ੍ਰਦੇਸ਼ ਪਹੁੰਚੀ ਪੁਲਿਸ ਪਾਰਟੀ ਨੇ ਸਾਂਝੇ ਆਪ੍ਰੇਸ਼ਨ ਤਹਿਤ ਤਾਂਤਰਿਕ ਦਸ਼ਰਥ ਸਿੰਘ ਅਤੇ ਉੱਥੇ ਮੌਜੂਦ ਦਵਿੰਦਰ ਖੰਨਾ ਅਤੇ ਰੋਹਿਤ ਖੰਨਾ ਨੂੰ ਪਿੰਡ ਸੁਵਾਸਰਾ, ਜ਼ਿਲ੍ਹਾ ਮੰਦਸੌਰ ਤੋਂ ਗ੍ਰਿਫਤਾਰ ਕਰਕੇ, ਤਾਂਤਰਿਕ ਵਿੱਦਿਆ ਨੂੰ ਅੰਜਾਮ ਦੇਣ ਲਈ ਚੱਲ ਰਹੀ ਤਿਆਰੀ ਸਮੇਂ ਵਰਤੀ ਜਾ ਰਹੀ ਟੂਣੇ ਟੋਟਕੇ ਦੀ ਸਮੱਗਰੀ ਨੂੰ ਵੀ ਕਬਜੇ ਵਿੱਚ ਲੈ ਕੇ, ਪੁਲਿਸ ਨੇ ਆਪ੍ਰੇਸ਼ਨ ਨੂੰ ਪੂਰੀ ਸਫਲਤਾ ਨਾਲ ਬਿਨਾਂ ਕਿਸੇ ਨੁਕਸਾਨ ਤੋਂ ਨੇਪਰੇ ਚਾੜ੍ਹ ਦਿੱਤਾ। 

 

 

Advertisement
Advertisement
Advertisement
Advertisement
error: Content is protected !!