ਛਿੱਬਰ, ਗੈਂਗਸਟਰ ਕਾਲਾ ਧਨੌਲਾ ਨੂੰ ਐਮ.ਪੀ. ਢੀਂਡਸਾ ਦੀ ਸਟੇਜ਼ ਤੋਂ ਲੈ ਗਿਆ ਸੀ ਫੜ੍ਹਕੇ, ਮੁੜ ਕੇ ਓਹਨੇ ਛਿੱਬਰ ਹੁੰਦੇ ਸਿਰ ਨਹੀਂ ਸੀ ਚੁੱਕਿਆ
ਰਾਜੇਸ਼ ਛਿੱਬਰ CIA ਬਰਨਾਲਾ ਦੇ ਇੰਚਾਰਜ ਸਣੇ 3 ਥਾਣਿਆਂ ਦੇ ਰਹੇ ਐਸ.ਐਚ.ਓ, DSP ਬਰਨਾਲਾ ਵਜੋਂ ਵੀ ਲੰਬਾ ਅਰਸਾ ਸੰਭਾਲੀ ਕਮਾਨ
ਹਰਿੰਦਰ ਨਿੱਕਾ, ਬਰਨਾਲਾ 7 ਅਪ੍ਰੈਲ 2025
ਮਾੜੇ ਅਨਸਰਾਂ ਲਈ ਆਪਣੇ ਸਖਤ ਸੁਭਾਅ ਅਤੇ ਨਿੱਡਰਤਾ ਦੀ ਬਦੌਲਤ ਬਰਨਾਲਾ ਜਿਲ੍ਹੇ ਦੇ ਲੋਕਾਂ ਵਾਸਤੇ ਐਸ.ਪੀ. ਰਾਜੇਸ਼ ਛਿੱਬਰ, ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਉਹ ਥਾਣਾ ਧਨੌਲਾ, ਥਾਣਾ ਸਿਟੀ ਬਰਨਾਲਾ, ਥਾਣਾ ਰੂੜੇਕੇ ਕਲਾਂ ਦੇ ਐਸਐਚਓ , ਸੀਆਈਏ ਜਿਲ੍ਹਾ ਬਰਨਾਲਾ ਦੇ ਇੰਚਾਰਜ ਅਤੇ ਡੀਐਸਪੀ ਸਬ ਡਿਵੀਜਨ ਬਰਨਾਲਾ ਵਜੋਂ ਸ਼ਾਨਦਾਰ ਸੇਵਾ ਨਿਭਾ ਚੁੱਕੇ ਹਨ। ਛਿੱਬਰ, ਜਿਲ੍ਹੇ ਅੰਦਰ ਅਪਰਾਧੀਆਂ ਦੇ ਸਿਰ ਤੇ ਹਮੇਸ਼ਾ ਖੌਫ ਬਣ ਕੇ ਮੰਡਰਾਉਂਦੇ ਰਹੇ ਹਨ। ਹੁਣ ਉਹ ਐਸ.ਪੀ. ਐਚ. ਵਜੋਂ ਆਪਣੀ ਪਹਿਲੀ ਕਪਤਾਨੀ ਪਾਰੀ ਦੀ ਸ਼ੁਰੂਆਤ ਵੀ ਅੱਜ ਬਰਨਾਲਾ ਤੋਂ ਹੀ ਕਰਨ ਜਾ ਰਹੇ ਹਨ। ਲੰਘੀ ਕੱਲ੍ਹ ਬਾਅਦ ਦੁਪਿਹਰ, ਜਿਉਂ ਹੀ ਰਾਜੇਸ਼ ਛਿੱਬਰ ਨੂੰ ਐਸਪੀ ਐਚ ਲਾਏ ਜਾਣ ਦਾ ਨਾਂ ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਵਿੱਚ ਆਇਆ ਤਾਂ ਸ਼ੋਸ਼ਲ ਮੀਡੀਆ ਤੇ, ਛਿੱਬਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਜਿਹਾ ਆਇਆ ਪਿਆ ਹੈ। ਲੋਕਾਂ ਦਾ ਇਹ ਪਿਆਰ, ਛਿੱਬਰ ਦੀ ਕਾਰਜਸ਼ੈਲੀ ਅਤੇ ਆਮ ਲੋਕਾਂ ਨਾਲ ਘੁਲ-ਮਿਲ ਕੇ ਰਹਿਣ ਆਦਤ ਕਾਰਣ ਹੀ ਹੈ।
ਵਰਨਣਯੋਗ ਹੈ ਕਿ ਰਾਜੇਸ਼ ਛਿੱਬਰ ਨੂੰ ਉਸ ਸਮੇਂ ਸਭ ਤੋਂ ਪਹਿਲਾਂ ਥਾਣਾ ਧਨੌਲਾ ਦਾ ਐਸਐਚਓ ਲਾਇਆ ਗਿਆ ਸੀ,ਜਦੋਂ ਧਨੌਲਾ ਇਲਾਕੇ ਵਿੱਚ ਹੀ ਨਹੀਂ, ਸਗੋਂ ਬਰਨਾਲਾ ਜਿਲ੍ਹੇ ਅੰਦਰ ਹੀ ਗੁਰਮੀਤ ਸਿੰਘ ਮਾਨ, ਉਰਫ ਕਾਲਾ ਧਨੌਲਾ ਦੀ ਦਹਿਸ਼ਤ ਦਾ ਬੋਲਬਾਲਾ ਸੱਥਾਂ ਤੱਕ ਪਹੁੰਚਿਆ ਹੋਇਆ ਸੀ। ਰਾਜੇਸ਼ ਛਿੱਬਰ ਵਧੇਰੇ ਚਰਚਾ ਵਿੱਚ ਉਦੋਂ ਆਇਆ, ਜਦੋਂ ਉਨਾਂ ਅਕਾਲੀ ਭਾਜਪਾ ਸਰਕਾਰ ਸਮੇਂ ਧਨੌਲਾ ਵਿਖੇ ਅਕਾਲੀ ਦਲ ਦੀ ਹੋ ਰਹੀ ਰੈਲੀ ਦੀ ਸਟੇਜ ਤੇ ਬੈਠੇ ਕਾਲਾ ਧਲੌਲਾ ਨੂੰ ਫੜ੍ਹ ਲਿਆ ਸੀ, ੳਸ ਵੇਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਮੰਚ ਤੇ ਮੌਜੂਦ ਸਨ। ਛਿੱਬਰ ਦੀ ਅਜਿਹੀ ਜੁਰਅਤ ਕਾਰਣ, ਲੋਕਾਂ ਵਿੱਚ ਚੁਫੇਰੇ ਛਿੱਬਰ ਛਿੱਬਰ ਹੋਣੀ ਸ਼ੁਰੂ ਹੋ ਗਈ ਸੀ। ਫਿਰ ਛਿੱਬਰ ਨੂੰ ਥਾਣਾ ਸਿਟੀ ਬਰਨਾਲਾ ਦਾ ਐਸਐਚਓ ਲਗਾਇਆ ਗਿਆ। ਜਿੰਨ੍ਹਾਂ ਨੇ ਬਰਨਾਲਾ ਸ਼ਹਿਰ ਅੰਦਰ ਕਾਲਜਾਂ , ਸਕੂਲਾਂ ਅਤੇ ਬੱਸ ਅੱਡਿਆਂ ਤੇ ਖੜ੍ਹੀਆਂ ਰਹਿੰਦੀਆਂ ਭੂੰਡ ਆਸ਼ਿਕਾਂ ਦੀਆਂ ਡਾਰਾਂ ਨੂੰ ਸਖਤੀ ਨਾਲ ਖਦੇੜ ਸੁੱਟਿਆ ਸੀ। ਛਿੱਬਰ ਦੀ ਬਤੌਰ ਐਸਐਚਓ ਨਿਯੁਕਤੀ ਗੂੜੇ ਪੇਂਡੂ ਇਲਾਕੇ ਦੇ ਥਾਣਾ ਰੂੜੇਕੇ ਕਲਾਂ ਵਿਖੇ ਵੀ ਰਹੀ। ਛਿੱਬਰ ਨੂੰ ਕੁੱਝ ਸਮਾਂ ਸੀਆਈਏ ਸਟਾਫ ਬਰਨਾਲਾ ਦਾ ਇੰਚਾਰਜ ਰਹਿਣ ਦਾ ਮੌਕਾ ਵੀ ਮਿਲਿਆ।
ਛਿੱਬਰ, ਜਦੋਂ ਡੀਐਸਪੀ ਵਜੋਂ ਪਦ ਉੱਨਤ ਹੋਏ ਤਾਂ ਉਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਬ ਡਿਵੀਜਨ ਬਰਨਾਲਾ ਦੇ ਡੀਐਸਪੀ ਵਜੋਂ ਪ੍ਰਭਾਵਸ਼ਾਲੀ ਕੰਮ ਕੀਤਾ , ਲੰਬੀ ਪਾਰੀ ਖੇਡੀ। ਰਾਜੇਸ਼ ਛਿੱਬਰ ਨੂੰ ਮਾਲਵਾ ਖੇਤਰ ਦੇ ਬਹੁਤੇ ਜਿਲ੍ਹਿਆਂ ਅੰਦਰ ਵੱਖ ਵੱਖ ਥਾਵਾਂ ਤੇ ਬਤੌਰ ਐਸਐਚਓ ਅਤੇ ਡੀਐਸਪੀ ਵਜੋਂ ਡਿਊਟੀ ਨਿਭਾਉਣ ਦਾ ਮੌਕਾ ਮਿਲਿਆ ਹੈ। ਬਤੌਰ ਐਸਪੀ ਪ੍ਰਮੋਸ਼ਨ ਤੋਂ ਪਹਿਲਾਂ ਹੁਣ ਓਹ ਪਟਿਆਲਾ ਵਿਖੇ ਡੀਐਸਪੀ ਰੂਰਲ ਤਾਇਨਾਤ ਰਹੇ ਹਨ। ਐਸਪੀ ਪ੍ਰਮੋਟ ਹੋਣ ਉਪਰੰਤ ਰਾਜੇਸ਼ ਛਿੱਬਰ ਦੀ ਬਰਨਾਲਾ ਜਿਲ੍ਹੇ ਅੰਦਰ ਬਤੌਰ ਐਸਪੀ ਐਚ ਪਹਿਲੀ ਨਿਯੁਕਤੀ ਹੈ। ਹੁਣ ਦੇਖਣਾ ਹੋਵੇਗਾ ਕਿ ਐਸਪੀ ਛਿੱਬਰ ਕਿਹੋ ਜਿਹੀ ਕਪਤਾਨੀ ਪਾਰੀ ਖੇਡ ਕੇ, ਆਪਣੇ ਕਾਇਮ ਕੀਤੇ ਹੋਏ ਕੰਮਾਂ ਦੇ ਰਿਕਾਰਡ ਨੂੰ ਕਾਇਮ ਰੱਖਦਿਆਂ, ਕਿਹੋ ਜਿਹਾ ਇਤਿਹਾਸ ਸਿਰਜਣਗੇ, ਇਹ ਉਨਾਂ ਦੇ ਕੰਮ ਢੰਗ ਤੋਂ ਬਾਅਦ ਹੀ ਪਤਾ ਲੱਗੇਗਾ। ਐਸਪੀ ਛਿੱਬਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਬਾਅਦ ਦੁਪਹਿਰ ਹੀ ਆਪਣਾ ਕਾਰਜਭਾਰ ਸੰਭਾਲਣਗੇ। ਉਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਦੇ ਲੋਕਾਂ ਦਾ ਉਨਾਂ ਨੂੰ ਹਮੇਸ਼ਾ ਸਹਿਯੋਗ ਮਿਲਿਆ ਹੈ, ਹੁਣ ਵੀ ਉਮੀਦ ਹੈ, ਲੋਕ ਪਹਿਲਾਂ ਦੀ ਤਰਾਂ ਹੀ ਉਨਾਂ ਨੂੰ ਪਿਆਰ ਅਤੇ ਸਹਿਯੋਗ ਦੇਣਗੇ।