ਇਹ ਤਾਂ ਪੁਲਿਸ ਮੁਲਾਜਮ ਦੀ ਹੀ ਕੁੱਟਮਾਰ ਕਰ ਰਹੇ ਨੇ ਲੋਕ….!

Advertisement
Spread information

ਘਟਨਾ ਦੇ 24 ਘੰਟਿਆਂ ਬਾਅਦ ਵੀ, ਬਿਆਨ ਕਲਮਬੰਦ ਕਰਨ ਨਹੀਂ ਪਹੁੰਚਿਆ ਤਫਤੀਸ਼ੀ ਅਫਸਰ

ਹਰਿੰਦਰ ਨਿੱਕਾ, ਬਰਨਾਲਾ 17 ਮਾਰਚ 2025 

      ਜਿਲ੍ਹੇ ਅੰਦਰ ਸ਼ਿਖਰਾਂ ਛੋਹ ਰਹੀ ਕਥਿਤ ਗੁੰਡਾਗਰਦੀ ਦੀ ਸਾਹਮਣੇ ਆਈ ਤਾਜਾ ਤਸਵੀਰ ਤਪਾ ਮੰਡੀ ਦੇ ਢਿੱਲਵਾਂ ਫਾਟਕ ਨੇੜੇ ਦੀ ਹੈ, ਗੁੰਡਾਗਰਦੀ ਦਾ ਸ਼ਿਕਾਰ ਹੋਣ ਵਾਲਾ ਵਿਅਕਤੀ ਖੁਦ ਪੁਲਿਸ ਦਾ ਸਿਪਾਹੀ ਹੈ। ਜੇਕਰ ਕੋਈ ਅਜਿਹੀ ਘਟਨਾ ਕਿਸੇ ਆਮ ਨਾਗਰਿਕ ਨਾਲ ਵਾਪਰੀ ਹੁੰਦੀ ਅਤੇ ਪੁਲਿਸ ਕਾਰਵਾਈ ਕਰਨ ਵਿੱਚ ਢਿੱਲਮੱਠ ਕਰਦੀ ਤਾਂ ਗੱਲ ਕੁੱਝ ਹੋਰ ਹੋਣੀ ਸੀ। ਪਰੰਤੂ ਪੁਲਿਸ ਨੇ ਆਪਣੇ ਮੁਲਾਜਮ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ ਤੋਂ ਬਾਅਦ ਵੀ ਘਟਨਾ ਸਬੰਧੀ , ਘਟਨਾ ਤੋਂ ਕਰੀਬ 24 ਘੰਟਿਆਂ ਬਾਅਦ ਵੀ ਕੋਈ ਕਾਨੂੰਨੀ ਕਾਰਵਾਈ ਕਰਨਾ ਤਾਂ ਦੂਰ, ਪੁਲਿਸ ਹਾਲੇ ਤੱਕ ਹਸਪਤਾਲ ਵਿੱਚ ਦਾਖਿਲ ਪੁਲਿਸ ਮੁਲਾਜਮ ਦਾ ਬਿਆਨ ਤੱਕ ਕਲਮਬੰਦ ਕਰਨਾ ਮੁਨਾਸਿਬ ਨਹੀਂ ਸਮਝਿਆ। ਪੁਲਿਸ ਮੁਲਾਜਮ ਦੀ ਬੇਰਿਹਮੀ ਨਾਲ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ।       ਪ੍ਰਾਪਤ ਵੇਰਵਿਆਂ ਅਨੁਸਾਰ ਲੋਕਾਂ ਦੀ ਕੁੱਟ ਦਾ ਸ਼ਿਕਾਰ ਹੋਇਆ ਮੁਲਾਜਮ ਕੁੱਝ ਅਰਸਾ ਪਹਿਲਾਂ ਤਪਾ ਸ਼ਹਿਰ ਵਿੱਚ ਡਿਊਟੀ ਦੇ ਤਾਇਨਾਤ ਰਿਹਾ ਹੈ ਤੇ ਹੁਣ ਉਸ ਦੀ ਡਿਊਟੀ ਬਰਨਾਲਾ ਸ਼ਹਿਰ ਵਿੱਚ 112 ਪੈਟਰੌਲਿੰਗ ਪਾਰਟੀ ਵਿੱਚ ਲੱਗੀ ਹੋਈ ਹੈ। ਪਤਾ ਲੱਗਿਆ ਹੈ ਕਿ ਲੰਘੀ ਕੱਲ੍ਹ ਸ਼ਾਮ ਕਰੀਬ ਸਾਢੇ ਕੁ 6 ਵਜੇ ਉਕਤ ਪੁਲਿਸ ਮੁਲਾਜਮ ਆਪਣੀ ਮਾਂ ਅਤੇ ਦਾਦੀ ਨਾਲ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਇਸੇ ਦਰਮਿਆਨ ਕਾਰ ਓਵਰਟੇਕ ਕਰਨ ਤੋਂ ਲੈ ਕੇ, ਢਿੱਲਵਾਂ ਫਾਟਕ ਤਪਾ ਨੇੜੇ, ਉਸਦੀ ਕੁੱਝ ਵਿਅਕਤੀਆਂ ਨਾਲ ਤਕਰਾਰ ਹੋ ਗਈ। ਮੁਲਾਜਮ ਇਕੱਲਾ ਹੋਣ ਅਤੇ ਲੋਕਾਂ ਦੀ ਗਿਣਤੀ ਜਿਆਦਾ ਹੋਣ ਕਾਰਣ, ਲੋਕਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਮੀਜ਼ ਪਾੜ ਦਿੱਤੀ, ਇੱਥੋਂ ਤੱਕ ਕਿ ਭੀੜ ਵਿੱਚੋਂ ਕਿਸੇ ਵਿਅਕਤੀ ਨੇ ਉਸ ਦੇ ਸਿਰ ਤੇ ਤੇਜ਼ਧਾਰ ਹਥਿਆਰ ਦਾ ਵਾਰ ਵੀ ਕੀਤਾ। ਵਾਇਰਲ ਹੋ ਰਹੀ ਵੀਡੀਓ ਵਿੱਚ ਕੁੱਝ ਨੌਜਵਾਨਾਂ ਦੇ ਹੱਥਾਂ ਵਿੱਚ ਡੰਡੇ ਵੀ ਫੜ੍ਹੇ ਦਿਖਾਈ ਦੇ ਰਹੇ ਹਨ। ਇੱਕ ਵਿਅਕਤੀ ਉਸ ਨੂੰ ਕੇਸਾਂ ਤੋਂ ਫੜ੍ਹ ਕੇ ਘੜੀਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੋਂ ਤੱਕ ਕੇ, ਪੁਲਿਸ ਮੁਲਾਜਮ ਦੀ ਹੋ ਰਹੀ ਕੁੱਟਮਾਰ ਮੌਕੇ ਇੱਕ ਥਾਣੇਦਾਰ ਵੀ ਖੜ੍ਹਾ ਦਿਖ ਰਿਹਾ ਹੈ। ਉਹ ਗੰਭੀਰ ਕੋਸ਼ਿਸ਼ ਦੇ ਬਾਵਜੂਦ ਵੀ, ਕੁੱਟੀਂਦੇ ਪੁਲਿਸ ਮੁਲਾਜਮ ਨੂੰ ਛੁਡਾਉਣ ਵਿੱਚ ਲੋਕਾਂ ਦੀ ਭੀੜ ਅੱਗੇ ਬੇਵੱਸ ਹੋਇਆ ਪਿਆ ਹੈ। ਲੋਕਾਂ ਦੀ ਕੁੱਟ ਦਾ ਸ਼ਿਕਾਰ ਹੋਇਆ ਪੁਲਿਸ ਮੁਲਾਜਮ ਸਿਵਲ ਹਸਪਤਾਲ ਤਪਾ ਵਿਖੇ ਦਾਖਿਲ ਹੈ। ਹਸਪਤਾਲ ਦੀ ਤਰਫੋਂ ਪੁਲਿਸ ਨੂੰ ਰੁੱਕਾ ਵੀ ਭੇਜਿਆ ਗਿਆ ਹੈ। ਪਰੰਤੂ ਘਟਨਾ ਦੇ 24 ਘੰਟੇ ਬੀਤ ਜਾਣ ਉਪਰੰਤ ਵੀ, ਕੋਈ ਪੁਲਿਸ ਅਧਿਕਾਰੀ ਉਸ ਦਾ ਬਿਆਨ ਤੱਕ ਦਰਜ ਕਰਨ ਨਹੀਂ ਪਹੁੰਚਿਆ।

ਐਸਐਸਪੀ ਨੇ ਕਿਹਾ, ਵੈਰੀਫਾਈ ਕਰ ਰਹੀ ਹੈ ਪੁਲਿਸ

     ਪੁਲਿਸ ਮੁਲਾਜਮ ਦੀ ਹੋ ਰਹੀ ਕੁੱਟਮਾਰ ਦੀ ਸਾਹਮਣੇ ਆਈ ਵੀਡੀਓ ਬਾਰੇ ਪੁੱਛਣ ਬਾਰੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ, ਕਿ ਪੁਲਿਸ ਉਕਤ ਘਟਨਾ ਬਾਰੇ ਵੈਰੀਫਾਈ ਕਰ ਰਹੀ ਹੈ, ਵੈਰੀਫਾਈ ਕਰਨ ਤੋਂ ਬਾਅਦ ਹੀ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

Advertisement
Advertisement
Advertisement
Advertisement
error: Content is protected !!