ਹਰਿੰਦਰ ਨਿੱਕਾ, ਪਟਿਆਲਾ 19 ਮਾਰਚ 2025

ਇੱਕ ਨੌਜੁਆਨ ਨੇ ਫੋਨ ਕਰਕੇ, ਇੱਕ ਵਿਧਵਾ ਔਰਤ ਨੂੰ ਵਿਆਹ ਦੀ ਗੱਲ ਕਰਨ ਲਈ ਪਾਤੜਾ ਬੁਲਾਇਆ, ਪਰ ਫੋਨ ਕਰਕੇ, ਬੁਲਾਉਣ ਵਾਲੇ ਨੇ ਆਪਣੇ ਦੋਸਤਾਂ ਨਾਲ ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਔਰਤ ਨੂੰ ਲਗਾਤਾਰ ਤਿੰਨ ਦਿਨ ਇੱਕ ਹੋਟਲ ਦੇ ਕਮਰੇ ਵਿੱਚ ਰੱਖ ਕੇ, ਸਮੂਹਿਕ ਜਬਰ ਜਿਨਾਹ Gang rape ਦਾ ਸ਼ਿਕਾਰ ਬਣਾਇਆ। ਜਬਰ ਜਿਨਾਹ ਦਾ ਸ਼ਿਕਾਰ ਹੋਈ ਔਰਤ ਦਾ ਵਿਆਹ ਹਰਿਆਣਾ ਦੇ ਜਿਲ੍ਹਾ ਕੈਥਲ ਵਿੱਚ ਪੈਂਦੇ ਇੱਕ ਪਿੰਡ ‘ਚ ਹੋਇਆ ਸੀ, ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਹੁਣ ਪਾਤੜਾਂ ਥਾਣਾ ਖੇਤਰ ਦੇ ਇੱਕ ਪਿੰਡ ‘ਚ ਆਪਣੇ ਪੇਕੇ ਘਰ ਹੀ ਰਹਿੰਦੀ ਹੈ। ਇਹ ਘਟਨਾ ਕਰੀਬ ਡੇਢ ਮਹੀਨਾ ਪਹਿਲਾਂ ਵਾਪਰੀ, ਪਰੰਤੂ ਪੁਲਿਸ ਨੇ ਲੰਘੀ ਕੱਲ੍ਹ ਤਿੰਨ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਕਰੀਬ 35 ਸਾਲ ਦੀ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੇਕੇ ਘਰ ਰਹਿ ਰਹੀ ਸੀ। ਇਸੇ ਦੌਰਾਨ ਦੋਸ਼ੀ ਪ੍ਰਵੀਨ ਕੁਮਾਰ ਵਾਸੀ ਅਸਮਾਨਪੁਰ, ਹਰਿਆਣਾ, ਉਸ ਨਾਲ ਫੋਨ ਤੇ ਗੱਲਬਾਤ ਕਰਨ ਲੱਗ ਪਿਆ ਅਤੇ ਹੌਲੀ-ਹੌਲੀ, ਉਸ ਨੇ ਵਿਆਹ ਕਰਵਾਉਣ ਲਈ ਕਹਿਣਾ ਸ਼ੁਰੂ ਕਰ ਦਿੱਤਾ। ਪੀੜਤਾ ਅਨੁਸਾਰ 1 ਫਰਵਰੀ 2025 ਨੂੰ ਪ੍ਰਵੀਨ ਕੁਮਾਰ ਨੇ ਉਸ ਨੂੰ ਫੋਨ ਕਰਕੇ ਪਾਤੜਾ ਵਿਖੇ ਬੁਲਾ ਲਿਆ। ਜਦੋਂ ਉਹ ਪਾਤੜਾਂ ਪਹੁੰਚੀ ਤਾਂ ਪਹਿਲਾਂ ਤੋਂ ਹੀ ਉੱਥੇ ਖੜ੍ਹਾ ਪ੍ਰਵੀਨ ਕੁਮਾਰ ਆਪਣੇ ਦੋਸਤਾਂ ਜੱਗੀ ਅਤੇ ਅਜੈ ਨਾਲ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਰਾਣਾ ਬੱਸ ਸਟੈਂਡ ਪਾਤੜਾ ਵਿਖੇ ਲੈ ਗਿਆ ਅਤੇ ਆਪਣਾਪਣ ਜਤਾ ਕੇ ਵਿਆਹ ਕਰਾਉਣ ਲਈ ਜਿੱਦ ਕਰਨ ਲੱਗ ਪਿਆ। ਜਿਸ ਕਾਰਣ ਉਹ, ਦੋਸ਼ੀ ਦੀਆਂ ਗੱਲਾਂ ਵਿੱਚ ਆ ਗਈ ਅਤੇ ਦੋਸ਼ੀ ਆਪਣੇ ਸਾਥੀਆਂ ਸਣੇ ਉਸ ਨੂੰ ਗੱਡੀ ਵਿੱਚ ਹੀ ਪੇਹਵਾ ਦੇ ਇੱਕ ਹੋਟਲ ਵਿੱਚ ਲੈ ਗਿਆ ।
ਪੀੜਤਾ ਨੇ ਕਿਹਾ ਕਿ ਹੋਟਲ ਵਿੱਚ ਲਿਜਾ ਕੇ ਉਕਤ ਤਿੰਨੋਂ ਦੋਸ਼ੀਆਂ ਨੇ ਉਸ ਦੀ ਮਰਜੀ ਤੋਂ ਬਿਨਾਂ ਜਬਰਦਸਤੀ ਵਾਰੋ-ਵਾਰੀ 3 ਦਿਨ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਅਨੁਸਾਰ 4 ਫਰਵਰੀ ਨੂੰ ਦੋਸ਼ੀ, ਉਸ ਨੂੰ ਕਰੁਕਸ਼ੇਤਰ ਵਿਖੇ ਛੱਡ ਕੇ ਫਰਾਰ ਹੋ ਗਏ ਤੇ ਕਿਸੇ ਤਰਾਂ ਉਹ ਆਪਣੇ ਪਿੰਡ ਪਹੁੰਚੀ। ਆਖਿਰ ਉਸ ਨੇ ਖੁਦ ਨਾਲ ਹੋਏ ਅੱਤਿਆਚਾਰ ਦੀ ਸੂਚਨਾ ਪੁਲਿਸ ਨੂੰ ਦਿੱਤੀ,ਬਾਅਦ ਪੜਤਾਲ ਪੁਲਿਸ ਨੇ ਨਾਮਜ਼ਦ ਦੋਸ਼ੀ ਪ੍ਰਵੀਨ ਕੁਮਾਰ ਅਸਮਾਨਪੁਰ,ਹਰਿਆਣਾ, ਅਜੈ ਅਤੇ ਜੱਗੀ ਵਾਸੀ ਪਿੰਡ ਨਾਮਾਲੂਮ ਦੇ ਖਿਲਾਫ ਅਧੀਨ ਜੁਰਮ 70 (1) BNS ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਤਫਤੀਸ਼ ਅਫਸਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਅਜਿਹੇ ਜੁਰਮ ਵਿੱਚ ਬੀਐਨਐਸ ਦੀ ਸੈਕਸ਼ਨ ਵਿੱਚ ਦੋਸ਼ੀਆਂ ਨੂੰ 20 ਸਾਲ ਜਾਂ ਉਮਰ ਕੈਦ ਦਾ ਵਿਵਸਥਾ ਕੀਤੀ ਗਈ ਹੈ।