ਤੇਜਿੰਦਰ ਨੇ ਮੌਤ ਤੋਂ ਪਹਿਲਾਂ ਦੀ ਬਣਾਈ VIDEO, ਪਤਨੀ ਤੇ ਉਸ ਦੇ ਆਸ਼ਿਕ ਸਣੇ ਹੋਰਨਾਂ ਖਿਲਾਫ FIR
ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤੀ ਨੇ ਇੰਗਲੈਂਡ ਵਿੱਚ ਕੀਤੀ ਆਤਮ ਹੱਤਿਆ, ਬਠਿੰਡਾ ਵਿਖੇ ਦਰਜ਼ ਹੋਇਆ ਪਰਚਾ
ਹਰਿੰਦਰ ਨਿੱਕਾ, ਬਠਿੰਡਾ 15 ਮਾਰਚ 2025
ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਅਤੇ ਖੁਦ ਨਾਲ ਹੋਈ ਧੋਖਾਧੜੀ ਤੋਂ ਪ੍ਰੇਸ਼ਾਨ ਹੋ ਕੇ, ਇੰਗਲੈਂਡ ਵਿਖੇ ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੇ ਪਿਤਾ ਦੇ ਬਿਆਨ ਪਰ ਮੌੜ (ਬਠਿੰਡਾ) ਪੁਲਿਸ ਨੇ ਕਥਿਤ ਬੇਵਫਾ ਪਤਨੀ, ਉਸ ਦੇ ਆਸ਼ਿਕ ਸਣੇ 7 ਜਣਿਆਂ ਖਿਲਾਫ ਐਫ.ਆਈ.ਆਰ. ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨ ‘ਚ ਮਲਕੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਸੰਦੋਹਾ ਨੇ ਦੱਸਿਆ ਕਿ ਕਰੀਬ 9 ਸਾਲ ਪਹਿਲਾਂ, ਉਸ ਦੇ ਲੜਕੇ ਤੇਜਿੰਦਰ ਸਿੰਘ (34) ਸਾਲ ਦਾ ਵਿਆਹ ਮਨਜੀਤ ਕੌਰ ਪੁੱਤਰੀ ਮੱਘਰ ਸਿੰਘ ਵਾਸੀ ਹੀਰੋ ਕਲਾਂ, ਜਿਲ੍ਹਾ ਮਾਨਸਾ ਨਾਲ ਹੋਇਆ ਸੀ। ਜਿਸ ਨੂੰ ਅਸੀਂ 34 ਲੱਖ ਰੁਪਏ ਖਰਚ ਕਰਕੇ, ਮਿਤੀ 23 ਸਤੰਬਰ 2023 ਨੂੰ ਪੜ੍ਹਾਈ ਲਈ ਇੰਗਲੈਂਡ ਭੇਜਿਆ ਸੀ,ਤੇਜਿੰਦਰ ਸਿੰਘ ਵੀ ਇੰਗਲੈਂਡ ਹੀ ਚਲਾ ਗਿਆ ਸੀ। ਉੱਥੇ ਜਾ ਕੇ ਤੇਜਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਮਨਜੀਤ ਕੌਰ ਦੇ ਲਵਪ੍ਰੀਤ ਸਿੰਘ ਨਾਲ ਨਜਾਇਜ ਸਬੰਧ ਹਨ। ਇੱਨ੍ਹਾਂ ਤੋਂ ਦੁਖੀ ਹੋ ਕੇ ਤੇਜਿੰਦਰ ਸਿੰਘ ਨੇ 23 ਜਨਵਰੀ 2025 ਨੂੰ ਇੰਗਲੈਂਡ ਵਿੱਚ ਹੀ ਆਤਮ ਹੱਤਿਆ ਕਰ ਲਈ ਸੀ। ਦੋਸ਼ੀਆਂ ਨੇ ਸਾਜਬਾਜ ਕਰਕੇ, ਉਨਾਂ ਤੋਂ 42 ਲੱਖ ਰੁਪਏ ਦਾ ਖਰਚਾ ਕਰਵਾ ਕੇ, ਧੋਖਾਧੜੀ ਕੀਤੀ ਹੈ।
ਤੇਜਿੰਦਰ ਸਿੰਘ ਨੇ ਆਤਮ ਹੱਤਿਆ ਤੋਂ ਪਹਿਲਾਂ ਬਣਾਈ ਇੱਕ ਵੀਡਿਓ ਵਿੱਚ ਦੱਸਿਆ ਕਿ ਉਸ ਦੀ ਪਤਨੀ ਮਨਜੀਤ ਕੌਰ , ਉਸ ਦੇ ਪ੍ਰੇਮੀ ਲਵਪ੍ਰੀਤ ਸਿੰਘ, ਸੂਬਾ ਸਿੰਘ ਤਿੰਨੋਂ ਹਾਲ ਵਾਸੀ ਇੰਗਲੈਡ, ਗੁਰਦੇਵ ਕੌਰ ਵਾਸੀ ਬਿਸ਼ਨੰਦੀ, ਮੰਗਲ ਸਿੰਘ ਪੁੱਤਰ ਰੂਪ ਸਿੰਘ, ਜਸਬੀਰ ਸਿੰਘ ਅਤੇ ਅਮ੍ਰਿਤਪਾਲ ਸਿੰਘ ਦੋਵੇਂ ਪੁੱਤਰ ਮੱਘਰ ਸਿੰਘ ਵਾਸੀ ਹੀਰੋ ਕਲਾਂ ਜਿਲ੍ਹਾ ਮਾਨਸਾ ਨੇ, ਉਸ ਨੂੰ ਮਰਨ ਲਈ ਮਜਬੂਰ (abetment of suicide) ਕੀਤਾ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 108, 318(4), 61(2) ਬੀ.ਐਨ.ਐਸ.ਤਹਿਤ ਥਾਣਾ ਮੌੜ, ਜਿਲ੍ਹਾ ਬਠਿੰਡਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਨੂੰ ਸੌਂਪ ਦਿੱਤੀ ਹੈ।
