ਨਸ਼ਾ ਤਸਕਰ ਦਾ ਘਰ ਢਾਹੁਣ ਗਈ ਪੁਲਿਸ ਨੂੰ ਲੋਕਾਂ ਤੇ ਪੰਚਾਇਤ ਨੇ ਇੰਝ ਰੋਕਿਆ ਕਿ,,,’

Advertisement
Spread information

ਪੁਲਿਸ ਨੇ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਨਸ਼ੇ ਨੂੰ ਪਿੰਡ ਚੋਂ ਖ਼ਤਮ ਕਰਨ ਦੇ ਲਏ ਫੈਸਲੇ ਸਦਕਾ ਘਰ ਢਾਹੁਣ ਦੀ ਕਾਰਵਾਈ ਰੋਕੀ

ਪੰਚਾਇਤ ਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਦਿਖਾਈ ਇੱਕਜੁੱਟਤਾ

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਜਾਰੀ ਰਹੇਗੀ ਸਖ਼ਤ ਕਾਰਵਾਈ : ਐਸ.ਪੀ. ਯੋਗੇਸ਼ ਸ਼ਰਮਾ

ਹਰਿੰਦਰ ਨਿੱਕਾ, ਪਟਿਆਲਾ 9 ਮਾਰਚ 2025
   ਜ਼ਿਲ੍ਹੇ ਦੇ ਪਿੰਡ ਸਾਧੋਹੇੜੀ ‘ਚ ਦਲਬਲ ਨਾਲ ਨਸ਼ਾ ਤਸਕਰ ਦਾ ਘਰ ਢਾਹੁਣ ਗਈ ਪੁਲਿਸ ਨੂੰ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਰੋਕ ਦਿੱਤਾ,ਉਂਹ ਵੀ ਬਿਨਾਂ ਕਿਸੇ ਰੋਸ ਪ੍ਰਦਰਸ਼ਨ ਤੋਂ ਹੀ। ਪਿੰਡ ਦੇ ਲੋਕਾਂ ਅਤੇ ਪੰਚਾਇਤ ਨੇ ਪੁਲਿਸ ਦੇ ਸਹਿਯੋਗ ਨਾਲ ਅਜਿਹਾ ਫ਼ੈਸਲਾ ਲਿਆ ਕਿ ਇਸ ਫੈਸਲੇ ਦੀ ਪ੍ਰਸੰਸਾ ਤਾਂ ਪੂਰੇ ਇਲਾਕੇ ਵਿੱਚ ਸੁਰੂ ਹੋ ਹੀ ਗਈ। ਸਗੋਂ ਇਹ ਪਹਿਲਕਦਮੀ ਹੋਰਨਾਂ ਪੰਚਾਇਤਾਂ ਅਤੇ ਪਿੰਡਾਂ ਲਈ ਪ੍ਰੇਰਣਾ ਸਰੋਤ ਹੋ ਨਿਬੜੀ।                ਹੋਇਆ ਇਹ ਕਿ  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਅੱਜ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਪਿੰਡ ਸਾਧੋਹੇੜੀ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਦਿਖਾਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਇਕ ਮਹੀਨੇ ‘ਚ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ। ਨਸ਼ਾ ਤਸਕਰ ਵਿਰੁੱਧ ਸਖਤ ਕਾਰਵਾਈ ਕਰਨ ਦੇ ਘਟਨਾਕ੍ਰਮ ਵਿੱਚ ਉਸ ਵੇਲੇ ਇਹ ਅਹਿਮ ਮੋੜ ਆਉਣ ਕਾਰਨ ਪਟਿਆਲਾ ਪੁਲਿਸ ਨੇ ਨਾਭਾ ਦੇ ਪਿੰਡ ਸਾਧੋਹੇੜੀ ਵਿਖੇ ਇੱਕ ਨਸ਼ਾ ਤਸਕਰ ਦਾ ਪੰਚਾਇਤੀ ਜਮੀਨ ‘ਚ ਬਣਿਆ ਨਾਜਾਇਜ ਘਰ ਢੁਹਾਉਣ ਦੀ ਕਾਰਵਾਈ ਪਿੰਡ ਵਾਸੀਆਂ ਵੱਲੋਂ ਨਸ਼ਾ ਮੁਕਤ ਪਿੰਡ ਬਣਾਉਣ ਦੇ ਅਹਿਦ ਲੈਣ ਕਾਰਨ ਮੁਲਤਵੀ ਕਰ ਦਿੱਤੀ।           
    ਇਕ ਮਹੀਨੇ ‘ਚ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਦੌਰਾਨ ਪੰਚਾਇਤ ਤੇ ਪਿੰਡ ਵਾਲਿਆਂ ਵੱਲੋਂ ਪਿੰਡ ਨੂੰ ਇੱਕ ਮਹੀਨੇ ‘ਚ ਨਸ਼ਾ ਮੁਕਤ ਕਰਨ ਦੇ ਲਏ ਅਹਿਦ ਸਦਕਾ ਪੁਲਿਸ ਨੇ ਵੀ ਲੋਕਾਂ ਦਾ ਸਾਥ ਦਿੰਦਿਆਂ ਘਰ ਢਾਹੁਣ ਦੀ ਕਾਰਵਾਈ ਨੂੰ ਮੁਲਤਵੀ ਕਰਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇੱਕ ਜੁਟ ਹੋਣ ਦਾ ਸੁਨੇਹਾ ਦਿੱਤਾ।             
   ਇਸ ਵੱਡੀ ਕਾਰਵਾਈ ਦੀ ਅਗਵਾਈ ਕਰਦਿਆਂ ਐਸ.ਪੀ. (ਡੀ) ਯੋਗੇਸ਼ ਸ਼ਰਮਾ ਨੇ ਕਿਹਾ ਕਿ ਪਿੰਡ ਸਾਧੋਹੇੜੀ ਦੀ ਪੰਚਾਇਤ ਵੱਲੋਂ ਪੁਲਿਸ ਤੱਕ ਪਹੁੰਚ ਕੀਤੀ ਗਈ ਸੀ, ਕਿ ਪਿੰਡ ਵਿੱਚ ਸ਼ਾਮਲਾਟ ਦੀ ਥਾਂ ‘ਤੇ ਰਹਿ ਰਹੇ ਕੁਝ ਲੋਕ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ ਤਾਂ ਪੁਲਿਸ ਵੱਲੋਂ ਵੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਨਿਰਮਲ ਸਿੰਘ ਜਿਸ ‘ਤੇ 7 ਪਰਚੇ ਦਰਜ ਹਨ ‘ਤੇ ਕਰਵਾਈ ਅਰੰਭੀ ਗਈ, ਪਰ ਪੰਚਾਇਤ ਵੱਲੋਂ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਸਮੂਹ ਪਿੰਡ ਵਾਸੀਆਂ ਦੇ ਸਾਥ ਨਾਲ ਇਹ ਫੈਸਲਾ ਕੀਤਾ ਗਿਆ ਕਿ ਘਰ ਢਾਹੁਣ ਦੀ ਕਾਰਵਾਈ ਨੂੰ ਰੋਕ ਕੇ ਇਨ੍ਹਾਂ ਨੂੰ ਸੁਧਰਨ ਦਾ ਇੱਕ ਮੌਕਾ ਦਿੱਤਾ ਜਾਵੇ।
   ਐਸ.ਪੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਕਾਰਵਾਈ ਦੌਰਾਨ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ, ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਕ ਮਹੀਨੇ ‘ਚ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਜੇਕਰ ਕੋਈ ਪਿੰਡ ਦਾ ਵਿਅਕਤੀ ਫੇਰ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਵੇਗਾ ਤਾਂ ਉਸ ਖਿਲਾਫ਼ ਪਿੰਡ ਦੀ ਪੰਚਾਇਤ ਵੱਲੋਂ ਕਾਰਵਾਈ ਕਰਵਾਈ ਜਾਵੇਗੀ। ਐਸ.ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਪੰਚਾਇਤ ਵੱਲੋਂ ਲਿਖਤੀ ਹਲਫੀਆ ਬਿਆਨ ਦਿੱਤਾ ਜਾਵੇਗਾ, ਕਿ ਪਿੰਡ ਵਿੱਚ ਕੋਈ ਨਸ਼ੇ ਦਾ ਕਾਰੋਬਾਰ ਨਹੀਂ ਕਰੇਗਾ।
ਯੋਗੇਸ਼ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ਼ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਕੰਮ ਦੇ ਯੋਗ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਜਾਰੀ ਹੈ।
    ਐਸ.ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਪਿਛਲੇ ਦਿਨੀਂ ਪਟਿਆਲਾ ਵਿਖੇ ਨਸ਼ਾ ਤਸਕਰ ਦਾ ਨਜਾਇਜ ਬਣਿਆ ਘਰ ਢੁਹਾਇਆ ਗਿਆ ਸੀ ਅਤੇ ਕਾਸੋ ਤੇ ਆਪ੍ਰੇਸ਼ਨ ਸੀਲ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਹਰੇਕ ਵਿਅਕਤੀ ‘ਤੇ ਪੰਜਾਬ ਪੁਲਿਸ ਦੀ ਬਾਜ ਅੱਖ ਹੈ ਤੇ ਕੋਈ ਵੀ ਮੁਲਜ਼ਮ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਨਹੀਂ ਰਹੇਗਾ। ਉਨ੍ਹਾਂ ਲੋਕਾਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਕਾਰਵਾਈ ਦੌਰਾਨ ਮਿਲ ਰਹੇ ਸਹਿਯੋਗ ਲਈ ਵੀ ਲੋਕਾਂ ਦਾ ਧੰਨਵਾਦ ਕੀਤਾ।
   ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਪਿੰਡ ਸਾਧੋਹੇੜੀ ਤੇ ਆਲ਼ੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਸਵਾਗਤ ਕਰਦਿਆਂ ਕਿਹਾ ਕਿ ਅਜਿਹੀ ਸਖ਼ਤ ਕਾਰਵਾਈ ਨਸ਼ਾ ਤਸਕਰਾਂ ਦੇ ਹੌਸਲੇ ਤੋੜੇਗੀ ਅਤੇ ਆਮ ਲੋਕਾਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਵਾਉਣ ਦਾ ਹੌਸਲਾ ਵਧੇਗਾ। ਇਸ ਮੌਕੇ ਡੀ.ਐਸ.ਪੀ ਨਾਭਾ ਮਨਦੀਪ ਕੌਰ ਵੀ ਹਾਜ਼ਰ ਸਨ।

 

Advertisement
Advertisement
Advertisement
Advertisement
error: Content is protected !!