ਖੁਦ ਐਸਐਸਪੀ ਸਰਫਰਾਜ਼ ਆਲਮ ਨੇ ਕੀਤੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਅਗਵਾਈ…
ਹਰਿੰਦਰ ਨਿੱਕਾ, ਬਰਨਾਲਾ, 10 ਮਾਰਚ 2025
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੇ ਯੁੱਧ ਦੇ ਤਹਿਤ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ, ਬਰਨਾਲਾ ਪੁਲਿਸ ਨੇ ਵੀ ” ਜਦੋਂ ਤਾਏ ਦੀ ਧੀ ਚੱਲੀ, ਫਿਰ ਮੈਂ ਕਿਉਂ ਰਹਾਂ ਕੱਲੀ” ਦੀ ਕਹਾਵਤ ਤੇ ਚੱਲਦਿਆਂ ਆਪਣੀ ਮੋਹਰ ਲਗਾ ਦਿੱਤੀ। ਨਸ਼ੇ ਵਿਰੁੱਧ ਯੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਘਰ ਢਾਹੁਣ ਦੀ ਕਾਰਵਾਈ ਨੂੰ ਅੱਜ ਬਰਨਾਲਾ ਸ਼ਹਿਰ ਵਿੱਚ ਅਮਲੀ ਜਾਮਾ ਪਹਿਣਾਉਣ ਦੀ ਕਾਰਵਾਈ ਦੀ ਅਗਵਾਈ ਖੁਦ ਐਸਐਸਪੀ ਸਰਫਰਾਜ਼ ਆਲਮ ਨੇ ਕੀਤੀ। ਤਹਿਕੀਕਾਤ ਕਰਨ ਤੋਂ ਬਾਅਦ ਕੁੱਝ ਅਜਿਹੇ ਤੱਥ ਵੀ ਉੱਭਰ ਕੇ ਸਾਹਮਣੇ ਆਏ, ਜਿੰਨ੍ਹਾਂ ਨੇ ਪੁਲਿਸ ਕਾਰਵਾਈ ਨੂੰ ਮਹਿਜ਼ ਆਪੇ ਹੀ ਆਪਣੀ ਪਿੱਠ ਥਾਪੜਣ ਵਾਲਾ ਸਾਬਿਤ ਕਰ ਦਿੱਤਾ। ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਗਰ ਸੁਧਾਰ ਟਰੱਸਟ ਬਰਨਾਲਾ ਨੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਅੱਜ ਬੱਸ ਸਟੈਂਡ ਦੇ ਪਿੱਛੇ ਸਥਿਤ ਸਾਈਕਲ ਸਟੈਂਡ ਦੇ ਨੇੜੇ ਮਹਿਜ਼ 150 ਕੁ ਗਜ਼ ਜਗ੍ਹਾ ਵਿੱਚ ਬਣੇ ਤਿੰਨ ਘਰਾਂ ਦੇ ਢਾਂਚੇ ਨੂੰ ਢਾਹ ਦਿੱਤਾ ਗਿਆ। ਇਹ ਘਰਾਂ ਵਿੱਚ ਮਾਂ ਧੀ ਰਹਿੰਦੀਆਂ ਸਨ। ਜਿੰਨਾਂ ਦੇ ਨਾਂ ਕਾਲੀ ਕੌਰ ਅਤੇ ਸਰਬੋ ਹਨ। ਪੁਲਿਸ ਅਨੁਸਾਰ ਇੱਨ੍ਹਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ। 
ਪੁਲਿਸ ਮੁਖੀ ਦਾ ਕਹਿਣਾ ਹੈ ਕਿ ..
ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਪੀ, ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਅਨੁਸਾਰ ਕਾਲੀ ਕੌਰ ਵਿਰੁੱਧ 9 ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ਵਿੱਚ 7 ਐਨਡੀਪੀਐਸ ਐਕਟ ਅਧੀਨ ਹਨ, ਜਦੋਂ ਕਿ ਉਸ ਦੀ ਧੀ ਸਰਬੋ ਵਿਰੁੱਧ 7 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ 6 ਐਨਡੀਪੀਐਸ ਐਕਟ ਅਧੀਨ ਦਰਜ ਹਨ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਇਹ ਨਾਜਾਇਜ਼ ਕਬਜ਼ਾ ਹਟਾਉਣ ਲਈ ਪੁਲਿਸ ਮੱਦਦ ਮੰਗੀ ਗਈ ਸੀ।
ਐੱਸ ਐੱਸ ਪੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪੁਲਿਸ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ।
ਪੁਲਿਸ ਕਾਰਵਾਈ ਦੀ ਹਕੀਕਤ ਤਾਂ ਇਹ ਐ…
ਬੇਸ਼ੱਕ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਅੱਜ ਦੀ ਕਾਰਵਾਈ ਕਰਕੇ, ਕਾਫੀ ਵਾਹਵਾਹ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਹੈ। ਪਰੰਤੂ ਅੱਜ ਦੀ ਪੂਰੀ ਕਾਰਵਾਈ ਦੀ ਤਹਿਕੀਕਾਤ ਕਰਨ ਤੇ ਪਤਾ ਲੱਗਿਆ ਕਿ ਜਿਹੜੀ ਨਜ਼ਾਇਜ਼ ਕਬਜੇ ਨੂੰ ਹਟਾਉਣ ਦੀ ਗੱਲ ਕੀਤੀ ਗਈ ਹੈ, ਇਹ ਨਜਾਇਜ਼ ਉਸਾਰੀ ਦੀ ਜਾਣਕਾਰੀ ਵੀ, ਨਗਰ ਸੁਧਾਰ ਟਰੱਸਟ ਵੱਲੋਂ ਮਹਿਤ ਹਫਤਾ ਕੁ ਪਹਿਲਾਂ ਹੀ ਮਾਲ ਮਹਿਕਮੇ ਤੋਂ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਹੀ ਮਿਲੀ। ਨਜਾਇਜ਼ ਉਸਾਰੀ ਵਾਲੀ ਜਗ੍ਹਾ ਬੇਸ਼ੱਕ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਨਗਰ ਸੁਧਾਰ ਟਰੱਸਟ ਦੀ ਮਾਲਿਕੀ ਵਾਲੀ ਨਿੱਕਲੀ, ਪਰੰਤੂ ਇਹ ਜਗ੍ਹਾ ਬੱਸ ਸਟੈਂਡ ਅਤੇ ਬੱਸ ਸਟੈਂਡ ਦੀ ਬਣਾਈ ਪਾਰਕਿੰਗ ਦੀ ਚਾਰਦੀਵਾਰੀ ਤੋਂ ਬਾਹਰ ਹੀ ਪਈ ਸੀ। ਜਿਸ ਤੇ ਕਦੇ ਵੀ ਨਗਰ ਸੁਧਾਰ ਟਰੱਸਟ ਨੇ ਆਪਣਾ ਹੱਕ ਵੀ ਨਹੀਂ ਜਤਾਇਆ ਸੀ। ਇਹ ਤੱਥ ਤੋਂ ਇਹ ਗੱਲ ਤਾਂ ਸਾਫ ਹੀ ਹੈ ਕਿ ਜਦੋਂ, ਨਗਰ ਸੁਧਾਰ ਟਰੱਸਟ ਨੂੰ ਆਪਣੀ ਜਗ੍ਹਾ ਤੇ ਹੋਏ ਨਜਾਇਜ ਕਬਜੇ ਬਾਰੇ ਪਤਾ ਹੀ ਹੁਣ ਲੱਗਿਆ ਹੈ,ਫਿਰ ਕੋਈ ਨੋਟਿਸ ਦੇਣਾ, ਜਾਂ ਕਾਨੂੰਨੀ ਪ੍ਰਕਿਰਿਆ ਅਪਣਾਉਣ ਦਾ ਤਾਂ ਸਵਾਲ ਹੀ ਬੇਮਾਇਨਾ ਹੋ ਜਾਂਦਾ ਹੈ। ਇਸ ਦੀ ਪੁਸ਼ਟੀ ਖੁਦ ਨਗਰ ਸੁਧਾਰ ਟਰੱਸਟ ਦੇ ਈਓ ਰਵਿੰਦਰ ਕੁਮਾਰ ਨੇ ਵੀ ਕੀਤੀ ਹੈ। ਈਓ ਦਾ ਕਹਿਣਾ ਹੈ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਇਸ ਜਗ੍ਹਾ ਦੀ ਨਿਸ਼ਾਨਦੇਹੀ ਪੁਲਿਸ ਵੱਲੋਂ ਨਜਾਇਜ ਕਬਜੇ ਸਬੰਧੀ ਜਾਹਿਰ ਕੀਤੇ ਖਦਸ਼ੇ ਉਪਰੰਤ ਹੀ ਕਰਵਾਈ ਗਈ ਹੈ। ਉਨਾਂ ਕਿਹਾ ਕਿ ਨਜਾਇਜ ਕਬਜਾ ਕਰਨ ਵਾਲਿਆਂ ਨੂੰ ਨੋਟਿਸ ਦੇਣ ਦੀ ਲੋੜ ਇਸ ਕਰਕੇ, ਨਹੀਂ ਪਈ, ਕਿਉਂਕਿ ਉਨਾਂ ਖੁਦ ਹੀ ਇਹ ਉਸਾਰੀ ਢਾਹੁਣ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ। ਉਨਾਂ ਨਜਾਇਜ ਕਬਜਿਆਂ ਨੂੰ ਹਟਾਉਣ ਦੀ ਹੋਰ ਮੁਹਿੰਮ ਚਲਾਉਣ ਬਾਰੇ ਪੁੱਛਣ ਤੇ ਸਿਰਫ ਇਹੋ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਵਾਰ ਨਜਾਇਜ ਉਸਾਰੀਆਂ ਨੂੰ ਢਾਹਿਆ ਹੈ, ਹੁਣ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਜ਼ਾਰੀ ਰੱਖੀ ਜਾਵੇਗੀ, ਭਾਂਵੇ ਉਹ ਨਸ਼ਾ ਤਸਕਰਾਂ ਦੀ ਹੋਵੇ, ਜਾਂ ਕਿਸੇ ਹੋਰ ਦੀ, ਟਰੱਸਟ ਦੀ ਜਗ੍ਹਾ ਤੋਂ ਕਬਜ਼ੇ ਹਟਾਉਣ ਲਈ ਅਸੀਂ ਵਚਨਬੱਧ ਸੀ ਤੇ ਹਾਂ।…