ਸਿਹਤ ਸਹੂਲਤਾਂ ਦੇਣ ਤੋਂ ਭੱਜੀ ਪੰਜਾਬ ਸਰਕਾਰ : ਕੇਵਲ ਸਿੰਘ ਢਿੱਲੋਂ
ਆਪ ਸਰਕਾਰ ਨੇ ਬਰਨਾਲਾ ਵਿਖੇ ਲਿਆਂਦੀ ਮਲਟੀਸਪੈਸਲਿਟੀ ਹਸਪਤਾਲ ਦੀ ਸਹੂਲਤ ਖੋਹੀ
ਰਘਵੀਰ ਹੈਪੀ, ਬਰਨਾਲਾ 7 ਮਾਰਚ 2025
ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਭੱਜ ਗਈ ਹੈ। ਇਸੇ ਕਾਰਨ ਹੁਣ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਪ੍ਰਬੰਧ ਨਿੱਜੀ ਹੱਥਾਂ ਵਿੱਚ ਦੇਣ ਜਾ ਰਹੀ ਹੈ। ਇਹ ਸ਼ਬਦ ਬੀਜੇਪੀ ਦੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਰਕਾਰੀ ਹਸਪਤਾਲ ਦਾ ਬਿਹਤਰ ਪ੍ਰਬੰਧ ਚਲਾਉਣ ਲਈ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਗੱਲ ਕੀਤੀ ਹੈ। ਜਿਸ ਨਾਲ ਇਹ ਸਾਬਤ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਹੁਣ ਲੋਕਾਂ ਨੂੰ ਸਰਕਾਰ ਵਲੋਂ ਸਿਹਤ ਸਹੂਲਤਾਂ ਦੇਣ ਦੇ ਯੋਗ ਨਹੀਂ ਰਹੀ। ਇਸੇ ਕਾਰਨ ਹੀ ਸਰਕਾਰ ਹੁਣ ਖ਼ੁਦ ਸਿਹਤ ਸਹੂਲਤਾਂ ਦੇਣ ਦੀ ਥਾਂ ਪ੍ਰਾਈਵੇਟ ਸੰਸਥਾਵਾਂ ਰਾਹੀਂ ਹਸਪਤਾਲ ਚਲਾਵੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾ ਮੌਕੇ ਪੰਜਾਬ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ, ਪ੍ਰੰਤੂ ਸਰਕਾਰ ਦੇ ਤਿੰਨ ਸਾਲਾਂ ਦੇ ਰਾਜ ਦੌਰਾਨ ਪੰਜਾਬ ਵਿੱਚ ਇਹਨਾਂ ਸੁਵਿਧਾਵਾਂ ਵਿੱਚ ਕੋਈ ਬਦਲਾਅ ਨਹੀਂ ਆਇਆ। ਜਦਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਲੋੜੀਂਦੇ ਸਟਾਫ਼ ਦੀ ਘਾਟ ਵੀ ਆਪ ਸਰਕਾਰ ਪੂਰੀ ਨਹੀਂ ਕਰ ਸਕੀ।
ਉਹਨਾਂ ਕਿਹਾ ਕਿਹਾ ਕਿ ਬਰਨਾਲਾ ਵਿਖੇ ਉਹਨਾਂ ਨੇ ਆਪਣੇ ਦਮ ਤੇ ਇੱਕ ਮਲਟੀਸਪੈਸਲਿਟੀ ਹਸਪਤਾਲ ਦੀ ਸਹੂਲਤ ਪਾਸ ਕਰਵਾਈ ਸੀ, ਪ੍ਰੰਤੂ ਆਪ ਸਰਕਾਰ ਨੇ ਸਾਡੇ ਇਲਾਕੇ ਦੇ ਲੋਕਾਂ ਤੋਂ ਇਹ ਸਹੂਲਤ ਵੀ ਖੋਹ ਲਈ ਅਤੇ ਇੱਥੇ ਹੋਰ ਸਹੂਲਤ ਵੀ ਨਹੀਂ ਦੇ ਸਕੀ। ਜਿਸ ਕਰਕੇ ਬਰਨਾਲਾ ਸਮੇਤ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਜੇਕਰ ਸਿਹਤ, ਸਿੱਖਿਆ ਸਮੇਤ ਹਰ ਸਹੂਲਤ ਦੇਣੀ ਹੈ ਤਾਂ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ। ਹੁਣ ਵੀ ਪੰਜਾਬ ਵਿੱਚ ਬਹੁ ਗਿਣਤੀ ਸਹੂਲਤਾਂ ਕੇਂਦਰ ਸਰਕਾਰ ਦੇ ਫ਼ੰਡਾਂ ਨਾਲ ਹੀ ਚਲਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਵਲੋਂ ਲੋਕਾਂ ਨਾਲ ਕੀਤੀ ਧੋਖੇਬਾਜ਼ੀ ਦਾ ਹਿਸਾਬ ਸੂਬੇ ਦੇ ਲੋਕ 2027 ਦੀ ਵਿਧਾਨ ਸਭਾ ਚੋਣ ਵਿੱਚ ਲੈਣਗੇ।