ਅਸ਼ੋਕ ਵਰਮਾ, ਸ੍ਰੀ ਮੁਕਤਸਰ ਸਾਹਿਬ 7 ਮਾਰਚ 2025
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ10 ਕਿੱਲੋ 500 ਗ੍ਰਾਮ ਅਫੀਮ ਅਤੇ 35 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ-2 ਮਲੋਟ ਦੀ ਪੁਲਿਸ ਸ਼ੱਕੀ ਲੋਕਾਂ ਦੀ ਤਲਾਸ਼ ਵਿੱਚ ਹਿੰਮਤਪੁਰਾ ਬਸਤੀ ਖੇਤਾਂ ਨਾਲ ਜਾਂਦੀ ਗਲੀ ਵਿੱਚ ਪੁੱਜੀ ਤਾਂ ਗਲੀ ਦੇ ਮੋੜ ਪਰ ਇੱਕ ਮੋਨਾ ਨੌਜਵਾਨ ਮੋਟਰਸਾਇਕਲ ਪਰ ਬੈਠਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਨੌਜਵਾਨ ਨੂੰ ਕਾਬੂ ਕਰਕੇ ਮੋਟਰਸਾਈਕਲ ਨਾਲ ਬੰਨ੍ਹੇ ਪਲਾਸਟਿਕ ਦੇ ਝੋਲੇ ਦੀ ਤਲਾਸ਼ੀ ਲਈ ਤਾਂ ਉਸ ਚੋਂ 3 ਕਿਲੋ 500 ਗ੍ਰਾਮ ਅਫੀਮ ਤੋਂ ਇਲਾਵਾ 35 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਮੁਲਜਮ ਦੀ ਪਛਾਣ ਰਾਜੂ ਪੁੱਤਰ ਬਲਵੀਰ ਸਿੰਘ ਪੁੱਤਰ ਉਧਮੀ ਰਾਮ ਵਾਸੀ ਪਿੰਡ ਭਗਵਾਨਪੁਰਾ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਸਦਰ ਮਲੋਟ ਵਿਖੇ ਮੁਕੱਦਮਾ ਦਰਜ ਕਰਕੇ ਪੁਲਿਸ ਦਾ ਰਿਮਾਂਡ ਲੈਣ ਤੋਂ ਬਾਅਦ ਮੁਲਜਮ ਰਾਜੂ ਤੋਂ ਪੁੱਛ ਗਿੱਛ ਦੌਰਾਨ ਰਾਜੂ ਦੇ ਘਰੋਂ ਬਕਸੇ ਵਿੱਚ ਰੱਖੀ 7 ਕਿੱਲੋ ਅਫੀਮ ਹੋਰ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਜਾਰੀ ਹੈ ਅਤੇ ਪੁਲਿਸ ਨੂੰ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਮੁਲਜਮ ਰਾਜੂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦਾ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ।