ਗੱਲੀਂ ਬਾਤੀਂ ਨਹੀਂ, ਕੰਮਾਂ ਦੇ ਜੋਰ ਤੇ ਨਵਾਂ ਮੇਅਰ ਤੋੜਨ ਲੱਗਿਆ ਪਰਾਣੀ ਪਿਰਤ

Advertisement
Spread information

ਸ਼ਹਿਰ ਨੂੰ ਸਮਰਪਿਤ ਕੀਤੀਆਂ ਕੂੜਾ ਚੁੱਕਣ ਲਈ 17 ਟਰਾਲੀਆਂ

ਅਸ਼ੋਕ ਵਰਮਾ, ਬਠਿੰਡਾ 13 ਫਰਵਰੀ 2025

      ਇੱਕ ਹਫਤਾ ਪਹਿਲਾਂ ਬਣੇ ਨਗਰ ਨਿਗਮ ਬਠਿੰਡਾ ਦੇ ਨਵੇਂ ਮੇਅਰ ਪਦਮਜੀਤ ਮਹਿਤਾ ਨੇ ਸ਼ਹਿਰ ਵਾਸੀਆਂ ਨੂੰ ਇੱਕ ਤੋਹਫਾ ਦਿੰਦਿਆਂ ਕੂੜਾ ਚੁੱਕਣ ਲਈ 17 ਟਰੈਕਟਰ ਟਰਾਲੀਆਂ ਨੂੰ ਹਰੀ ਝੰਡੀ ਦਿੱਤੀ ਹੈ, ਜਿੰਨ੍ਹਾਂ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਹ ਯੋਜਨਾ ਕਾਂਗਰਸ ਪਾਰਟੀ ਦੇ ਕਾਰਜਕਾਰੀ ਮੇਅਰ ਦੇ ਵਕਤ ’ਚ ਬਣਾਈ ਗਈ ਸੀ। ਜਿਸ ਨੂੰ ਕਾਫੀ ਦਿਨ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਬਠਿੰਡਾ ਨੂੰ ਸਾਫ ਅਤੇ ਸੇਫ ਬਣਾਉਣ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੂੜੇ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ 17 ਟਰੈਕਟਰ ਟਰਾਲੀਆਂ ਨੂੰ ਰੋਜ਼ ਗਾਰਡਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇੰਨ੍ਹਾਂ ਟਰਾਲੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਚੁੱਕਣ ਲਈ ਦੋ ਭਾਗਾਂ ’ਚ ਵੰਡਿਆ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਇੰਨ੍ਹਾਂ ਟਰਾਲੀਆਂ ਰਾਹੀਂ ਇੱਕ ਵਾਰ ਵਿੱਚ ਭਾਰੀ ਮਾਤਰਾ ’ਚ ਕੂੜਾ ਚੁੱਕਿਆ ਜਾ ਸਕੇਗਾ ਜੋ ਵੱਡੀ ਰਾਹਤ ਹੈ।
     ਅੱਜ ਇਸ ਮੌਕੇ ਮੇਅਰ ਨਾਲ ਨਗਰ ਨਿਗਮ ਦੇ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ, ਚੀਫ ਸੈਨਟਰੀ ਇੰਸਪੈਕਟਰ ਸਤੀਸ਼ ਕੁਮਾਰ, ਸੰਦੀਪ ਕਟਾਰੀਆ, ਪੀਏ ਟੂ ਮੇਅਰ ਸੇਤੀਆ ਸਮੇਤ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ, ਰਤਨ ਰਾਹੀ, ਰਾਜਿੰਦਰ ਸਿੰਘ ਸਿੱਧੂ, ਗੌਤਮ ਮਸੀਹ, ਉਮੇਸ਼ ਗੋਗੀ, ਮਨੋਜ ਜਿੰਦਲ, ਬਲਰਾਜ ਸਿੰਘ ਪੱਕਾ, ਟਹਿਲ ਸਿੰਘ ਬੁੱਟਰ, ਜਗਪਾਲ ਸਿੰਘ ਗੋਰਾ ਸਿੱਧੂ, ਆਤਮਾ ਸਿੰਘ, ਸਾਧੂ ਸਿੰਘ, ਪਰਵਿੰਦਰ ਸਿੰਘ, ਵਿਕ੍ਰਮ ਕ੍ਰਾਂਤੀ, ਅਸ਼ੇਸ਼ਰ ਪਾਸਵਾਨ ਅਤੇ ਵਿਪਨ ਮਿੱਤੂ ਹਾਜ਼ਰ ਸਨ। ਇਸ ਮੌਕੇ ਕੌਂਸਲਰ ਰਾਜੂ ਸਰਾਂ ਨੇ ਟਰੈਕਟਰ ਚਲਾਇਆ ਤਾਂ ਉਨ੍ਹਾਂ ਦੇ ਨਾਲ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਹੋਰ ਕੌਂਸਲਰਾਂ ਨੇ ਵੀ ਟਰੈਕਟਰ ਦੀ ਸਵਾਰੀ ਕੀਤੀ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਕੂੜਾ ਚੁੱਕਣ ਨੂੰ ਲੈ ਕੇ ਆ ਰਹੀ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਨਗਰ ਨਿਗਮ ਨੇ 80 ਲੱਖ ਦੀ ਲਾਗਤ ਨਾਲ 17 ਟਰੈਕਟਰ ਟਰਾਲੀਆਂ ਖਰੀਦਣ ਉਪਰੰਤ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀਆਂ  ਹਨ।
             ਉਨ੍ਹਾਂ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ ਵੱਖ ਚੁੱਕਣ ਲਈ ਹਰੇਕ ਟਰਾਲੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹਰੇਕ ਟਰੈਕਟਰ ਟਰਾਲੀਆਂ ’ਤੇ ਜੀਪੀਐਸ ਸਿਸਟਮ ਲਗਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਜੋ ਕਿ ਜਲਦ ਲੱਗ ਜਾਣਗੇ ਅਤੇ ਇੰਨ੍ਹਾਂ ਦਾ ਕੰਟਰੋਲ ਨਗਰ ਨਿਗਮ ਅਤੇ ਸਬੰਧਤ ਵਾਰਡ ਦੇ ਕੌਂਸਲਰ ਕੋਲ ਹੋਵੇਗਾ। ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀਆਂ ਦੀ ਲੋਕੇਸ਼ਨ ਬਾਰੇ ਜਾਣਕਾਰੀ ਵੀ ਮਿਲੇਗੀ, ੳੱਥੇ ਹੀ ਪਹਿਲਾਂ ਡੀਜ਼ਲ ਦੀ ਜਿਆਦਾ ਖਪਤ ਹੋਣ ਦੀ ਆਸ਼ੰਕਾ ਜਤਾਈ ਜਾਂਦੀ ਸੀ, ਉਸ ’ਤੇ ਵੀ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀਆਂ ਨੂੰ ਮਲਟੀਪਲ ਜੋਨ ਦੇ ਤਹਿਤ ਵੰਡਿਆ ਗਿਆ ਹੈ ਅਤੇ ਹਰੇਕ ਕਰਮਚਾਰੀ ਦੀ ਡਿਊਟੀ ਵੀ ਤੈਅ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਗਾਮੀ 10-15 ਦਿਨਾਂ ਵਿੱਚ ਬਠਿੰਡਾ ਤੋਂ ਕੂੜਾ ਚੁੱਕਣ ਦੀ ਸਮੱਸਿਆ ਬਿਲਕੁਲ ਖਤਮ ਕਰ ਦਿੱਤੀ ਜਾਵੇਗੀ।
             ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਦੇਸ਼ ਭਰ ਵਿੱਚ ਬਠਿੰਡਾ ਨੂੰ ਨੰਬਰ ਇੱਕ ਤੇ ਲੈ ਕੇ ਆਉਣਾ ਹੈ, ਜਿਸ ਵਿੱਚ ਉਹ ਕਾਮਯਾਬ ਹੋਣ ਪ੍ਰਤੀ ਪੂਰਨ ਆਸਵੰਦ ਹਨ। ਮੇਅਰ ਨੇ ਆਮ ਜਨਤਾ ਨੂੰ ਆਪਣੇ ਘਰ ਅਤੇ ਆਲੇ ਦੁਆਲੇ ਦੇ ਇਲਾਕੇ ਨੂੰ ਸਾਫ ਸੁਥਰਾ ਰੱਖਣ ਅਤੇ ਬਠਿੰਡਾ ਨੂੰ ਸਫਾਈ ਮਾਮਲੇ ਵਿੱਚ ਨੰਬਰ ਇੱਕ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ।  ਇਸ ਮੌਕੇ ਹਾਜ਼ਰ ਸਮੂਹ  ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਨੇ  ਬਠਿੰਡਾ ਦੇ ਵਿਕਾਸ ਲਈ ਪਦਮਜੀਤ ਸਿੰਘ ਮਹਿਤਾ ਦੇ ਹੱਕ ’ਚ ਵੋਟ ਪਾਈ ਸੀ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਦਾ ਇਹ ਫੈਸਲਾ ਬਿਲਕੁਲ ਸਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੋਈ ਸੁਣਵਾਈ ਹੀ ਨਹੀਂ ਹੁੰਦੀ ਸੀ ਜਦੋਂਕਿ ਹੁਣ ਨਵੇਂ ਮੇਅਰ ਖੁਦ ਸੜਕਾਂ ’ਤੇ ਉਤਰੇ ਹਨ ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

Advertisement
Advertisement
Advertisement
Advertisement
error: Content is protected !!