Drug Rect- ਡਾ.ਅਮਿ਼ਤ ਬਾਂਸਲ ਨੇ ਮੰਗੀ ਜਮਾਨਤ,ਅਦਾਲਤ ਨੇ ਮੰਗਿਆ ਜੁਆਬ…

Advertisement
Spread information

ਡਾ. ਅਮਿਤ ਦੀ ਜਮਾਨਤ ਲਈ ਪੱਬਾਂ ਭਾਰ ਹੋਇਆ ਉਸ ਦੇ ਗੋਰਖਧੰਦੇ ‘ਚ ਸ਼ਾਮਿਲ ਐਡੀਸ਼ਨਲ ਸ਼ੈਸ਼ਨ ਜੱਜ…!

ਹਰਿੰਦਰ ਨਿੱਕਾ, ਚੰਡੀਗੜ੍ਹ 14 ਫਰਵਰੀ 2025

    ਨਸ਼ੇ ਛੁਡਾਉਣ ਦੀ ਆੜ ‘ਚ ਨਸ਼ੀਲੀਆਂ ਗੋਲੀਆਂ ਦਾ ਗੋਰਖਧੰਦਾ ਕਰਨ ਦੇ ਬਹੁਚਰਚਿਤ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਕਰੀਬ ਡੇਢ ਮਹੀਨਾ ਪਹਿਲਾਂ ਗ੍ਰਿਫਤਾਰ ਕੀਤੇ ਡਾਕਟਰ ਅਮਿਤ ਬਾਂਸਲ ਨੇ ਮੋਹਾਲੀ ਅਦਾਲਤ ਦੇ ਸਪੈਸ਼ਲ ਜੱਜ ਦੀ ਅਦਾਲਤ ਨੂੰ ਜਮਾਨਤ ਦੇਣ ਦੀ ਗੁਹਾਰ ਲਗਾਈ ਹੈ। ਡਾਕਟਰ ਅਮਿਤ ਦੀ ਜਮਾਨਤ ਅਰਜੀ ‘ਤੇ ਅਦਾਲਤ ਵਿੱਚ ਅੱਜ ਸੁਣਵਾਈ ਹੋਵੇਗੀ। ਡਾਕਟਰ ਅਮਿਤ ਨੂੰ ਜਮਾਨਤ ਦਿਵਾਉਣ ਲਈ ਉਸ ਦੇ ਗੋਰਖਧੰਦੇ ਵਿੱਚ ਪਲੇਬੈਕ ਸਿੰਗਰ ਦੀ ਤਰਾਂ ਕਥਿਤ ਤੌਰ ਤੇ ਸ਼ਾਮਿਲ ਇੱਕ ਐਡੀਸ਼ਨਲ ਸ਼ੈਸ਼ਨ ਜੱਜ, ਜਿਹੜਾ ਮਾਲਵਾ ਦੇ ਇੱਕ ਜਿਲ੍ਹੇ ਵਿੱਚ ਫੈਮਲੀ ਕੋਰਟ ਦਾ ਜੱਜ ਵਜੋਂ ਸੇਵਾ ਨਿਭਾ ਰਿਹਾ ਹੈ,ਉਹ ਵੀ ਜਮਾਨਤ ਦਿਵਾਉਣ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਇਸੇ ਤਰਾਂ ਡਾਕਟਰ ਅਮਿਤ ਦੇ ਕੇਸ ਵਿੱਚ ਨਾਮਜ਼ਦ ਦੋਸ਼ੀ ਤੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਵਿਜੀਲੈਂਸ ਦੀ ਗ੍ਰਿਫਤਾਰੀ ਤੋਂ ਬਚਾਅ ਲਈ ਵੀ ਅਦਾਲਤ ਤੋਂ  ਅਗਾਊਂ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਹੈ, ਇਸ ਅਰਜੀ ਤੇ ਵੀ ਅਦਾਲਤ ਵਿੱਚ ਅੱਜ ਹੀ ਸੁਣਵਾਈ ਹੋਣੀ ਹੈ। ਦੋਵਾਂ ਜਣਿਆਂ ਨੇ 3 ਅਤੇ 4 ਫਰਵਰੀ ਨੂੰ ਜਮਾਨਤ ਲਈ ਅਰਜੀਆਂ ਦਾਇਰ ਕੀਤੀਆਂ ਸਨ। ਮਾਨਯੋਗ ਸਪੈਸ਼ਲ ਕੋਰਟ ਮੋਹਾਲੀ ਦੇ ਜੱਜ ਡਾਕਟਰ ਅਜੀਤ ਅੱਤਰੀ ਨੇ ਪ੍ਰੌਸੀਕਿਊਸ਼ਨ ਏਜੰਸੀ ਤੋਂ 7 ਫਰਵਰੀ ਨੂੰ ਜੁਆਬ ਦਾਇਰ ਕਰਨ ਲਈ ਕਿਹਾ ਗਿਆ ਸੀ ਅਤੇ ਅਰਜੀਆਂ ਤੇ ਸੁਣਵਾਈ ਲਈ 11 ਫਰਵਰੀ ਦੀ ਤਾਰੀਖ ਮੁਕਰਰ ਕੀਤੀ ਸੀ। ਸਰਕਾਰੀ ਵਕੀਲ ਵੱਲੋਂ ਨਿਸਚਿਤ ਸਮੇਂ ਤੇ ਜੁਆਬ ਨਾ ਦੇਣ ਕਰਕੇ, ਅਦਾਲਤ ਨੇ ਦੋਵਾਂ ਦੋਸ਼ੀਆਂ ਦੀਆਂ ਜਮਾਨਤ ਲਈ ਦਾਇਰ ਅਰਜੀਆਂ ਤੇ 14 ਫਰਵਰੀ ਨੂੰ ਸੁਣਵਾਈ ਕਰਨ ਦਾ ਫੈਸਲਾ ਲਿਆ ਸੀ। ਰੂਪਪ੍ਰੀਤ ਕੌਰ ਨੇ ਐਂਟੀਸਪੇਟਰੀ ਜਮਾਨਤ ਦੀ ਅਰਜੀ ਆਪਣੇ ਵਕੀਲ,  ਐਡਵੋਕੇਟ ਵੀਕੇ ਕੌਸ਼ਲ ਰਾਹੀਂ ਅਤੇ ਡਾਕਟਰ ਅਮਿਤ ਬਾਂਸਲ ਨੇ ਰੈਗੂਲਰ ਜਮਾਨਤ ਦੀ ਅਰਜੀ ਐਡਵੋਕੇਟ ਦੀਕਸ਼ਤ ਅਰੋੜਾ ਰਾਹੀਂ ਦਾਇਰ ਕੀਤੀ ਹੋਈ ਹੈ। ਪਤਾ ਲੱਗਿਆ ਹੈ ਕਿ ਡਾ. ਅਮਿਤ ਨੇ ਆਪਣੇ ਧੰਦੇ ਦੇ ਰਾਜਦਾਰ ਤੇ ਸਹਿਯੋਗੀ ਇੱਕ ਐਡੀਸ਼ਨਲ ਸ਼ੈਸ਼ਲ ਜੱਜ ਦੇ ਰਾਹੀਂ,ਪਹਿਲਾਂ ਵਾਂਗ ਹੀ ਅਦਾਲਤ ਤੋਂ ਰਿਆਇਤ ਲੈਣ ਲਈ, ਹਰ ਹੀਲਾ ਵਸੀਲਾ ਕਰਕੇ,ਕਾਫੀ ਜੁਗਾੜ ਲਾਇਆ ਹੈ,ਤਾਂਕਿ ਅਦਾਲਤ ਤੋਂ ਉਸ ਨੂੰ ਰਾਹਤ ਮਿਲ ਸਕੇ।ਉੱਧਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਈ ਵੀ ਸ਼ੈਸ਼ਨ ਕੋਰਟ ਦਾ ਜੱਜ ਬਹੁਚਰਚਿਤ ਕੇਸ, ਜਿਸ ਤੇ ਵਿਜੀਲੈਂਸ ਦੀ ਖਾਸ ਨਜਰ ਹੋਵੇ,ਉਸ ਵਿੱਚ ਜਮਾਨਤ ਦੇਣ ਲਈ,ਖੁਦ ਰਿਸਕ ਲੈਣ ਤੋਂ ਬਚਦਾ ਹੀ ਹੈ। ਕੁੱਝ ਵੀ ਹੋਵੇ,ਅੱਜ ਦੀ ਅਦਾਲਤੀ ਕਾਰਵਾਈ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ,ਕਿ….! 

ਅਦਾਲਤ ਨੇ ਸਰਕਾਰੀ ਧਿਰ ਤੋਂ ਇਹ ਗੱਲਾਂ ਦਾ ਮੰਗਿਆ ਜੁਆਬ..

     ਮਾਨਯੋਗ ਸਪੈਸ਼ਲ ਕੋਰਟ ਐਸਏਐਸ ਨਗਰ ਮੋਹਾਲੀ ਦੇ ਜੱਜ ਡਾ. ਅਜੀਤ ਅੱਤਰੀ ਨੇ ਸਰਕਾਰੀ ਧਿਰ ਤੋਂ ਪੁੱਛਿਆ ਹੈ ਕਿ:-

  1.  ਕੀ ਬਿਨੈਕਾਰ/ਦੋਸ਼ੀ ਵਿਰੁੱਧ ਕੋਈ ਹੋਰ ਕੇਸ ਲੰਬਿਤ ਹੈ ?
  2.  ਕੀ ਬਿਨੈਕਾਰ/ਦੋਸ਼ੀ ਨੂੰ ਕਿਸੇ ਹੋਰ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ?
  3.  ਕੀ ਇਸ ਐਫਆਈਆਰ/ਕੇਸ ਦੀ ਕਾਰਵਾਈ ਵਿੱਚ ਬਿਨੈਕਾਰ/ਦੋਸ਼ੀ ਵੱਲੋਂ ਕੋਈ ਹੋਰ ਜ਼ਮਾਨਤ ਅਰਜ਼ੀ ਦਾ ਫੈਸਲਾ ਜਾਂ ਲੰਬਿਤ ਹੈ?
  4.  ਦੋਸ਼ੀ/ਬਿਨੈਕਾਰ ਦੀ ਖਾਸ ਭੂਮਿਕਾ ? ਰਿਕਾਰਡ ਵੀ ਪੇਸ਼ ਕੀਤਾ ਜਾਵੇ। 
  5. ਮਾਨਯੋਗ ਜੱਜ ਨੇ ਅਹਿਲਮਦ ਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਉਹ ਬਿਨੈਕਾਰ/ਦੋਸ਼ੀਆਂ ਦੁਆਰਾ ਦਾਇਰ ਕੀਤੀ ਗਈ ਕਿਸੇ ਵੀ ਹੋਰ ਜ਼ਮਾਨਤ ਅਰਜ਼ੀ ਦੇ ਸੰਬੰਧ ਵਿੱਚ ਮਾਣਯੋਗ ਹਾਈ ਕੋਰਟ ਦੀ ਵੈੱਬਸਾਈਟ ਤੋਂ ਤਸਦੀਕ ਕਰੇ ਜੋ ਕਿ ਐਫਆਈਆਰ ਵਿੱਚ ਲੰਬਿਤ ਹੈ ਜਾਂ ਫੈਸਲਾ ਹੋ ਚੁੱਕਾ ਹੈ ਅਤੇ ਅਦਾਲਤ ਪਾਸ ਰਿਪੋਰਟ ਕਰੇ।

ਫਲੈਸ਼ਬੈਕ, ਕਦੋਂ ਕੀ ਕੀ ਹੋਇਆ…

     ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕੈਅਡ 1 ਦੇ ਡੀਐਸਪੀ ਟੀਪੀ ਸਿੰਘ ਵੱਲੋਂ ਦਰਜ ਕਰਵਾਈ ਐਫਆਈਆਰ ਅਨੁਸਾਰ ਡਾਕਟਰ ਅਮਿਤ ਬਾਂਸਲ ਦੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਡੀ-ਅਡਿਕਸਨ ਸੈਂਟਰ (ਨਸ਼ਾ ਛੁਡਾਉ ਕੇਂਦਰ) ਚੱਲ ਰਹੇ ਹਨ। ਇਹਨਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜਾਂ ਨੂੰ Adduk-N 0.4 ਅਤੇ Addnok-N 2.0 (Buprenorphine & Naloxone) ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਿਸ ਸਬੰਧੀ ਨਸ਼ਾ ਛੁਡਾਊ ਕੇਂਦਰ ਵਿੱਚ ਆਉਂਦੇ ਮਰੀਜ਼ ਦੀ ਅਧਾਰ ਬੇਸਿਜ ਆਈਡੀ ਜਨਰੇਟ ਹੁੰਦੀ ਹੈ ਅਤੇ ਸਰਕਾਰੀ ਪੋਰਟਲ ਤੇ ਦਵਾਈ Disponce ਹੋਣ ਬਾਰੇ ਇੰਦਰਾਜ ਕੀਤਾ ਜਾਂਦਾ ਹੈ। ਡਾਕਟਰ ਅਮਿਤ ਬਾਂਸਲ ਨੇ ਵੀ ਇਸੇ ਪ੍ਰਕਿਰਿਆ ਤਹਿਤ ਵੱਖ ਵੱਖ ਸ਼ਹਿਰਾਂ ਵਿੱਚ 22 ਨਸ਼ਾ ਛੁਡਾਊ ਕੇਂਦਰਾਂ ਦਾ ਜਾਲ੍ਹ ਵਿਛਾਇਆ ਹੋਇਆ ਸੀ।   

   ਵਿਜੀਲੈਂਸ ਬਿਊਰੋ ਕੋਲ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਅਮਿਤ ਬਾਂਸਲ ਨਸ਼ਾ ਛੁਡਾਉਣ ਦੀ ਆੜ ਵਿੱਚ ਨਸ਼ੀਲਿਆਂ ਗੋਲੀਆਂ ਵੇਚਣ ਅਤੇ ਵਿਕਾਉਣ ਦਾ ਧੰਦਾ ਕਰਦਾ ਸੀ ਅਤੇ ਆਪਣੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾਹਲੀ ਆਈ.ਡੀਆਂ ਦੇ ਅਧਾਰ ਤੇ ਨਸ਼ੀਲਿਆਂ ਗੋਲੀਆਂ ਆਪਣੇ ਨਸ਼ਾ ਛੁਡਾਊ ਕੇਂਦਰਾਂ ਤੋਂ ਬਾਹਰ ਵੀ ਵੇਚਦਾ ਸੀ। ਇਸ ਦਾ ਖੁਲਾਸਾ ਸਾਲ 2022 ਵਿੱਚ ਡਾਕਟਰ ਅਮਿਤ ਬਾਂਸਲ ਦੇ ਲੁਧਿਆਣਾ ਵਿਖੇ ਸਥਿਤ ਸਿਮਰਨ ਹਸਪਤਾਲ/ਸੈਂਟਰ (ਨਸ਼ਾ ਛੁਡਾਊ ਕੇਂਦਰ) ਦੇ 2 ਕਰਮਚਾਰੀਆਂ ਵਿਦਾਂਤ ਅਤੇ ਕਮਲਜੀਤ ਸਿੰਘ ਨੂੰ STF ਵੱਲੋਂ ਗਿਰਫਤਾਰ ਕਰਨ ਤੋਂ ਬਾਅਦ ਹੋਇਆ ਸੀ। ਉਕਤ ਦੋਵਾਂ ਗਿਫ੍ਰਤਾਰ ਦੋਸ਼ੀਆਂ ਪਾਸੋਂ ਡਾਕਟਰ ਅਮਿਤ ਬਾਂਸਲ ਦੇ ਉਪਰੋਕਤ ਹਸਪਤਾਲ /ਸੈਂਟਰ ਦੀ ਮਾਲਕੀ ਵਾਲੀ ਐਕਟਿਵਾ ਵਿੱਚੋਂ 4000 Buprenorphine ਨਸ਼ੀਲਿਆਂ ਗੋਲੀਆਂ ਦੀ ਬ੍ਰਾਮਦਗੀ ਕੀਤੀ ਗਈ ਸੀ। ਇਸ ਸਬੰਧੀ ਮੁਕੱਦਮਾ ਨੰਬਰ 242/ 22 ਥਾਣਾ STF ਫੇਸ – 4 ਮੋਹਾਲੀ ਵਿਖੇ ਮਿਤੀ 05.10.2022 ਨੂੰ ਦਰਜ ਹੋਇਆ ਸੀ। ਪ੍ਰੰਤੂ ਇਸ ਸਬੰਧ ਵਿੱਚ ਪੁਲਿਸ ਵੱਲੋਂ ਉਪਰੋਕਤ ਡਾਕਟਰ ਅਮਿਤ ਬਾਂਸਲ ਦੇ ਖਿਲਾਫ ਉਦੋਂ ਅ/ਧ 25 NDPS Act ਅਤੇ ਹੋਰ ਧਰਾਵਾਂ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

      ਇਸ ਮੁਕੱਦਮਾ ਵਿੱਚ ਦੋਸ਼ੀਆਂ ਦੇ ਇੰਕਸ਼ਾਫ ਦੇ ਅਧਾਰ ਤੇ ਇੱਕ ਕਿਰਾਏ ਵਾਲੀ ਕੋਠੀ, ਲੁਧਿਆਣਾ ਵਿੱਚੋਂ ਉਹਨਾਂ ਦੀ ਨਿਸ਼ਾਨਦੇਹੀ ਤੇ 23000 ਗੋਲੀਆਂ ਦੀ ਹੋਰ ਬ੍ਰਾਮਦਗੀ ਵੀ ਕੀਤੀ ਗਈ ਸੀ। ਦੋਸ਼ੀਆਂ ਪਾਸੋਂ 90 ਹਜ਼ਾਰ ਰੁਪਏ ਦੀ ਡਰਗ ਮਨੀ ਵੀ ਬ੍ਰਾਮਦ ਹੋਈ ਸੀ। ਇਸ ਉਪਰੰਤ ਉਸੇ ਹੀ ਦਿਨ STF ਦੀ ਟੀਮ ਵੱਲੋਂ ਸਾਈਕੈਟਰਿਸਟ ਅਤੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੂੰ ਨਾਲ ਲੈ ਕੇ ਸਿਮਰਨ ਹਸਪਤਾਲ (ਨਸ਼ਾ ਛੁਡਾਊ ਕੇਂਦਰ) ਦੀ ਇੰਸਪੈਕਸ਼ਨ ਵੀ ਕੀਤੀ ਗਈ ਸੀ। ਜਿੱਥੇ ਹਸਪਤਾਲ ਵਿੱਚੋਂ 4000, 310 ਅਤੇ 300 ਨਸ਼ੀਲੀਆਂ ਗੋਲੀਆਂ ਦੀ ਘਾਟ ਪਾਈ ਗਈ ਸੀ। ਜਿਸ ਸਬੰਧੀ ਟੀਮ ਦੇ ਦਸਤਖਤਾਂ ਹੇਠ ਬਕਾਇਦਾ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ। ਜਦੋਂਕਿ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਵੱਲੋਂ ਉੱਚ ਅਧਿਕਾਰੀਆਂ ਨੂੰ ਇੱਕ ਵੱਖਰੀ ਰਿਪੋਰਟ ਵੀ ਭੇਜੀ ਤਾਂ ਗਈ ਸੀ, ਜਿਸ ਵਿੱਚ ਉਸ ਵੱਲੋਂ 4610 ਗੋਲੀਆਂ ਦੀ ਥਾਂ ਤੇ ਸਿਰਫ 4000 ਗੋਲੀਆਂ ਘੱਟ ਹੋਣ ਦਾ ਹੀ ਵੇਰਵਾ ਦਿੱਤਾ ਗਿਆ ਸੀ।

ਡਾਕਟਰ ਨੇ ਦਿਖਾਈ ਸੀ ਪਾਵਰ ..ਨਹੀਂ ਹੋਣ ਦਿੱਤੀ ਕਾਰਵਾਈ…

     ਡਾਕਟਰ ਅਮਿਤ ਬਾਂਸਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਥਿਤ ਮੋਟੀ ਰਿਸ਼ਵਤ ਦੇ ਕੇ ਅਤੇ ਉਹਨਾਂ ਨਾਲ ਮਿਲੀਭੁਗਤ ਦੇ ਮੱਦੇਨਜਰ ਉਕਤ ਮੁਕੱਦਮਾ ਵਿੱਚ ਇਹਨਾਂ ਘੱਟ (Missing) ਨਸ਼ੀਲੀਆਂ ਗੋਲੀਆਂ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਣ ਦਿੱਤੀ। ਇਸ ਇੰਸਪੈਕਸਨ ਸਬੰਧੀ ਰਿਪੋਰਟ ਡਾਇਰੈਕਟਰ ਸਿਹਤ ਤੇ ਪ੍ਰੀਵਾਰ ਭਲਾਈ ਪੰਜਾਬ ਦੇ ਦਫਤਰ ਨੂੰ ਭੇਜੇ ਜਾਣ ਤੋਂ ਬਾਅਦ ਡਾਇਰੈਕਟਰ ਸਿਹਤ ਤੇ ਪ੍ਰੀਵਾਰ ਭਲਾਈ ਵੱਲੋਂ ਇਸ ਹਸਪਤਾਲ ਦਾ ਲਾਈਸੰਸ ਸਸਪੈਂਡ ਕਰਨ ਬਾਰੇ ਮਿਤੀ 21.10.2022 ਨੂੰ ਹੁਕਮ ਫੁਰਮਾਇਆ ਗਿਆ ਸੀ। ਡਾਕਟਰ ਨੇ ਆਪਣੀ ਪਾਵਰ ਦਾ ਅਜਿਹਾ ਦਮ ਦਿਖਾਇਆ ਕਿ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਵੱਲੋਂ ਸਿਮਰਨ ਹਸਪਤਾਲ/ਸੈਂਟਰ ਲੁਧਿਆਣਾ ਨੂੰ ਸੀਲ ਹੀ ਨਹੀਂ ਕੀਤਾ ਗਿਆ ਸੀ।

ਡਾਕਟਰ ਨੇ ਘੜੀ ਸਕੀਮ, ਕਹਿੰਦਾ ਮਿਲ ਗਈਆਂ ਗੋਲੀਆਂ..!

   ਡਾਕਟਰ ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਕੁੱਝ ਅਧਿਕਾਰੀਆਂ ਤੇ ਕਾਨੂੰਨੀ ਮਾਹਿਰਾਂ ਨਾਲ ਰਾਇ ਮਸ਼ਵਰਾ ਕਰਕੇ, ਮਾਨਯੋਗ ਅਦਾਲਤ ਨੂੰ 4000 ਨਸ਼ੀਲੀਆਂ ਗੋਲੀਆਂ ਦੀ (Missing) ਬਾਰੇ ਦੱਸਿਆ ਗਿਆ ਕਿ ਇਹ ਗੋਲੀਆਂ ਉਹਨਾਂ ਨੂੰ ਹਸਪਤਾਲ ਦੇ ਇੱਕ ਰੈਕ ਵਿੱਚ ਪਈਆਂ ਮਿਲ ਗਈਆਂ ਸਨ ਅਤੇ ਇਹ ਗੋਲੀਆਂ ਉਹਨਾਂ ਵੱਲੋਂ ਕਰੇਡਿਟ ਨੋਟ ਮਿਤੀ 29.10.2022 ਮੁਤਾਬਿਕ ਕੰਪਨੀ Rusan Pharma Ltd. Dehradun ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ । ਇਹ ਸਭ ਕੁੱਝ ਡਾਕਟਰ ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਕਾਰਨ ਹੀ ਸੰਭਵ ਹੋ ਸਕਿਆ ਸੀ। ਜਦੋਂਕਿ STF ਦੀ ਟੀਮ ਵੱਲੋਂ ਮਿਤੀ 5.10. 2022 ਨੂੰ ਸਿਮਰਨ ਹਸਪਤਾਲ ਦੀ ਡੂੰਘਾਈ ਨਾਲ ਇੰਸਪੈਕਸ਼ਨ ਕੀਤੀ ਗਈ ਸੀ ਅਤੇ ਮੌਕਾ ਪਰ ਕਰਮਚਾਰੀਆਂ ਨੂੰ ਘੱਟ ਮਿਲੀਆਂ ਗੋਲੀਆਂ ਸਬੰਧੀ ਰਿਕਾਰਡ ਪੇਸ਼ ਕਰਨ ਦਾ ਪੂਰਾ ਮੌਕਾ ਵੀ ਦਿੱਤਾ ਗਿਆ ਸੀ। ਪ੍ਰੰਤੂ ਇਸ ਸਬੰਧੀ ਉਹਨਾਂ ਵੱਲੋਂ ਮੌਕਾ ਪਰ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਸੀ। ਸੂਤਰਾਂ ਤੋਂ ਪਤਾ ਇਹ ਲੱਗਿਆ ਹੈ ਕਿ ਡਾਕਟਰ ਅਮਿਤ ਬਾਂਸਲ ਵੱਲੋਂ ਮੁਕੱਦਮਾਂ ਨੰਬਰ 242/22 ਥਾਣਾ STF ਫੇਸ-4, ਮੋਹਾਲੀ ਵਿੱਚ ਦਾਇਰ ਕੀਤੀ ਅਗਾਊਂ ਜਮਾਨਤ ਮਾਨਯੋਗ ਅਦਾਲਤ ਲੁਧਿਆਣਾ ਵੱਲੋਂ ਖਾਰਜ ਕਰ ਦਿੱਤੀ ਗਈ ਸੀ। ਬੇਸ਼ੱਕ ਹਾਲੇ ਤੱਕ ਤਫਤੀਸ਼ ਅਧਿਕਾਰੀ ਨੇ ਕੋਈ ਖੁਲਾਸਾ ਤਾਂ ਨਹੀਂ ਕੀ਼ਤਾ, ਪਰੰਤੂ ਸੂਤਰਾਂ ਅਨੁਸਾਰ ਡਾਕਟਰ ਅਮਿਤ ਬਾਂਸਲ ਦੀ ਹਿਰਾਸਤ ਵਿੱਚ ਹੋਈ ਪੁੱਛਗਿੱਛ ਦੌਰਾਨ ਉਕਤ ਘਟਨਾਕ੍ਰਮ ਨੂੰ ਵੀ ਡੂੰਘਾਈ ਨਾਲ ਘੋਖਿਆ ਗਿਆ ਹੈ। ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਨੇ ਆਪਣੇ ਪ੍ਰਾਈਵੇਟ ਕੈਰੀਅਰ ਦੀ ਸ਼ੁਰੂਆਤ ਬਰਨਾਲਾ ਵਿਖੇ, ਅਮਿਤ ਸਕੈਨ ਸੈਂਟਰ ਤੋਂ ਕੀਤੀ ਸੀ ਤੇ ਉਹ ਬਰਨਾਲਾ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਬਰਨਾਲਾ ਤੋਂ ਹੁੰਦਾ ਹੋਇਆ। ਪੰਜਾਬ ਅੰਦਰ ਆਪਣੀਆਂ ਬ੍ਰਾਚਾਂ ਖੋਲ੍ਹ ਕੇ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਅਤੇ ਰਾਜਸੀ ਤੇ ਬਿਊਰੋਕ੍ਰੇਟਸ ਗਲਿਆਰਿਆਂ ਤੱਕ ਜਾ ਅੱਪੜਿਆ। ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਨੇ ਡਾਕਟਰ ਅਮਿਤ ਨੂੰ 31 ਦਸੰਬਰ 2024 ਨੂੰ ਦਰਜ ਕੇਸ ਵਿੱਚ ਗ੍ਰਿਰਫਤਾਰ ਕਰ ਲਿਆ ਸੀ ਤੇ ਹਾਲੇ ਵੀ ਉਹ ਨਿਆਂਇਕ ਹਿਰਾਸਤ ‘ਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। 

 

Advertisement
Advertisement
Advertisement
Advertisement
error: Content is protected !!