ਮਾਮੂਲੀ ਬਹਿਸ ਕਾਰਨ ਕੀਤਾ ਸੀ ਢਾਬੇ ਦੇ ਮੁਲਾਜਮ ਦਾ ਬੇਰਹਿਮੀ ਨਾਲ ਕਤਲ :ਤਿੰਨ ਕਾਬੂ
ਅਸ਼ੋਕ ਵਰਮਾ, ਬਠਿੰਡਾ 13 ਫਰਵਰੀ 2025
ਬਠਿੰਡਾ ਦੀ ਮਾਨਸਾ ਰੋਡ ਤੇ ਸਥਿਤ ਸਨਅਤੀ ਵਿਕਾਸ ਕੇਂਦਰ ’ਚ ਸਥਿਤ ਇੱਕ ਢਾਬੇ ਤੇ ਕੰਮ ਕਰਨ ਵਾਲੇ ਨੌਜੁਆਨ ਨੂੰ ਕਤਲ ਕਰਨ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਮੁਲਜਮਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਸੰਦੀਪ ਠਾਕੁਰ ਪੁੱਤਰ ਨਰਿੰਦਰ ਠਾਕੁਰ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਿਲਵਰ ਸਿਟੀ ਕਲੋਨੀ ਬਠਿੰਡਾ ਵਜੋਂ ਹੋਈ ਹੈ।
ਇਹ ਵਾਰਦਾਤ ਮੰਗਲਵਾਰ ਦੇਰ ਸ਼ਾਮ ਦੀ ਹੈ, ਜਦੋਂ ਕੁੱਝ ਅਣਪਛਾਤਿਆਂ ਨੇ ਇੱਟਾਂ ਰੋੜਿਆਂ ਨਾਲ ਬੁਰੀ ਤਰਾਂ ਕੁੱਟਮਾਰ ਕਰਕੇ ਸਨਅਤੀ ਵਿਕਾਸ ਕੇਂਦਰ ’ਚ ਸਥਿਤ ਦੀਪ ਢਾਬੇ ’ਤੇ ਕੰਮ ਕਰਦੇ ਨੌਜਵਾਨ ਜਾਵੇਦ ਅਲੀ ਪੁੱਤਰ ਮੁਹੰਮਦ ਅਲੀ ਵਾਸੀ ਗੰਗਸ਼ੇਰ ਲੋਹਾਰ ਕਲੋਨੀ ਵਾਸੀ ਬੀਕਾਨੇਰ ਰਾਜਸਥਾਨ ਦੀ ਹੱਤਿਆ ਕਰ ਦਿੱਤੀ ਸੀ। ਥਾਣਾ ਸਦਰ ਬਠਿੰਡਾ ਪੁਲਿਸ ਨੇ ਇਸ ਕਤਲ ਮਾਮਲੇ ’ਚ ਮ੍ਰਿਤਕ ਦੇ ਭਰਾ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸੁਰੂ ਕਰ ਦਿੱਤੀ ਸੀ।
ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ , ਡੀਐਸਪੀ ਦਿਹਾਤੀ ਮਨਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਨੂੰ ਮਿਲੀ ਇਸ ਕਾਮਯਾਬੀ ਬਾਰੇ ਖੁਲਾਸਾ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜਮਾਂ ਨੂੰ ਸੀਆਈਏ ਸਟਾਫ ਵਨ ਅਤੇ ਪੁਲਿਸ ਚੌਂਕੀ ਇੰਡਸਟਰੀਅਲ ਏਰੀਆਂ ਦੀ ਪੁਲਿਸ ਨੇ ਦੋ ਮੁਲਜਮ 12 ਫਰਵਰੀ ਨੂੰ ਗ੍ਰਿਫਤਾਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਇਸ ਕਤਲ ਮਾਮਲੇ ’ਚ ਸ਼ਾਮਲ ਨਾਬਾਲਿਗ ਨੂੰ ਅੱਜ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਮੁਢਲੇ ਤੌਰ ਤੇ ਕੀਤੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਦੀ ਜਾਵੇਦ ਖਾਨ ਨਾਲ ਤਿੱਖੀ ਤਕਰਾਰ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਤਕਰਾਰ ਦੀ ਰੰਜਿਸ਼ ‘ਚ ਹੀ ਉਨ੍ਹਾਂ ਨੇ ਦੀਪਕ ਢਾਬੇ ਦੇ ਨਜ਼ਦੀਕ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਰੋੜੇ ਮਾਰਕੇ ਉਸ ਨੂੰ ਜਖਮੀ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਐਸਪੀ ਨੇ ਦੱਸਿਆ ਕਿ ਪੁਲਿਸ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ ਜਿਸ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ।