ਕਾਇਆਕਲਪ ਪ੍ਰੋਗਰਾਮ ਵਿੱਚ ਸਬ ਡਿਵੀਜ਼ਨਲ ਹਸਪਤਾਲ ਤਪਾ ਸੂਬੇ ਭਰ ‘ਚੋਂ ਮੋਹਰੀ
ਸਿਵਲ ਹਸਪਤਾਲ ਬਰਨਾਲਾ ਅਤੇ ਸੀ.ਐਚ.ਸੀ. ਮਹਿਲ ਕਲਾਂ ਨੂੰ ਤੀਜਾ ਸਥਾਨ
ਅਦੀਸ਼ ਗੋਇਲ, ਬਰਨਾਲਾ 13 ਫਰਵਰੀ 2025
ਸਿਹਤ ਵਿਭਾਗ ਬਰਨਾਲਾ ਅਧੀਨ ਸਿਹਤ ਸੰਸਥਾਵਾਂ ਨੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਆਈ.ਏ.ਐੱਸ ਦੀ ਅਗਵਾਈ ਹੇਠ ਬੇਹਤਰੀਨ ਸੇਵਾਵਾਂ ਬਦੌਲਤ ਕਾਇਕਲਪ ਪ੍ਰੋਗਰਾਮ ਵਿੱਚ ਮੋਹਰੀ ਸਥਾਨ ਹਾਸਲ ਕੀਤੇ ਹਨ।

ਇਸ ਤਹਿਤ ਸਬ ਡਿਵੀਜ਼ਨਲ ਪੱਧਰ ‘ਤੇ ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ। ਐੱਸ.ਡੀ.ਐਚ ਤਪਾ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਤਪਾ ਡਾ. ਇੰਦੂ ਬਾਂਸਲ ਦੀ ਅਗਵਾਈ ਹੇਠ ਸਟਾਫ ਵਲੋਂ ਵਧੀਆ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸਿਵਲ ਸਰਜਨ ਡਾ. ਬਲਦੇਵ ਸਿੰਘ ਸੰਧੂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫਸਰ ਕਾਇਆਕਲਪ ਪ੍ਰੋਗਰਾਮ ਡਾ. ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸੂਬੇ ਦੇ ਹਸਪਤਾਲਾਂ ਦਾ ਬਾਇਓਮੈਡੀਕਲ ਵੇਸਟ, ਇਨਫੈਕਸ਼ਨ ਕੰਟਰੋਲ, ਸਾਫ ਸਫਾਈ ਅਤੇ ਆਮ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਕਇਆਕਲਪ ਪ੍ਰੋਗਰਾਮ ਅਧੀਨ ਵਿਸ਼ੇਸ਼ ਸਰਵੇਖਣ ਕਰਵਾਇਆ ਗਿਆ ਸੀ ।
ਕਾਇਆਕਲਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਹਸਪਤਾਲਾਂ ‘ਚੋਂ ਸਿਵਲ ਹਸਪਤਾਲ ਬਰਨਾਲਾ ਨੂੰ ਪੰਜਾਬ ਭਰ ‘ਚੋਂ ਤੀਸਰਾ ਸਥਾਨ ਪ੍ਰਾਪਤ ਹੋਇਆ ਹੈ, ਜਿੱਥੇ ਡਾ. ਤਪਿੰਦਰਜੋਤ ਕੌਸ਼ਲ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੀ.ਐਚ.ਸੀ. ਪੱਧਰ ‘ਤੇ ਮਹਿਲ ਕਲਾਂ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਹੈ, ਜਿੱਥੇ ਡਾ. ਗੁਰਤੇਜਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਦੀ ਅਗਵਾਈ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੀ ਐਚ ਸੀ ਚੰਨਣਵਾਲ ਨੇ ਵੀ ਕੁਆਲੀਫਾਈ ਕੀਤਾ ਹੈ।

ਸੀ.ਐਚ.ਸੀ. ਪੱਧਰ ‘ਤੇ ਸੀ.ਐਚ.ਸੀ. ਧਨੌਲਾ ਨੂੰ ਪੰਜਾਬ ਭਰ ‘ਚੋਂ ਚੌਥਾ ਸਥਾਨ ਪ੍ਰਾਪਤ ਹੋਇਆ ਹੈ ਜਿੱਥੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਅਗਵਾਈ ਹੇਠ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਇਹ ਸਨਮਾਨ ਸਿਹਤ ਸੰਸਥਾਵਾਂ ਦੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਵਿਸ਼ੇਸ਼ ਤੌਰ ‘ਤੇ ਸਫਾਈ ਸੇਵਕਾਂ ਦੀ ਮਿਹਨਤ ਸਦਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਸਾਰੇ ਸਟਾਫ਼ ਨੂੰ ਇਸ ਸਨਮਾਨ ਲਈ ਵਧਾਈ ਵੀ ਦਿੱਤੀ।