ਮੁਹੱਲਾ ਕਲੀਨਿਕਾਂ ਦੇ ਨਾਮ ਨਾ ਬਦਲਣ ਖਿਲਾਫ ਭਾਜਪਾ ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ
ਰਾਜਨੀਤਿਕ ਦਬਾਅ ‘ਚ ਨਹੀਂ ਬਦਲੇ ਗਏ ਨਾਂ :- ਸੰਦੀਪ ਅਗਰਵਾਲ
ਅਸ਼ੋਕ ਵਰਮਾ, ਬਠਿੰਡਾ 13 ਫਰਵਰੀ 2025
ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਆਯੁਸ਼ਮਾਨ ਅਰੋਗਿਆ ਕੇਂਦਰ ( ਮੁਹੱਲਾ ਕਲੀਨਿਕ) ‘ਚ “ਆਮ ਆਦਮੀ ਕਲੀਨਿਕ” ਦੇ ਬੋਰਡ ਲੱਗੇ ਹੋਣ ਖਿਲਾਫ ਭਾਜਪਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ-ਪੱਤਰ ਦੇ ਕੇ ਇਹ ਬੋਰਡ ਛੇਤੀ ਹਟਾਉਣ ਦੀ ਮੰਗ ਕੀਤੀ ਹੈ। ਭਾਜਪਾ ਆਗੂ ਸੰਦੀਪ ਅਗਰਵਾਲ ਅਤੇ ਆਸ਼ੁਤੋਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਨੋਟਿਸ ਰਾਹੀਂ ਮੁਹੱਲਾ ਕਲੀਨਿਕਾਂ ਦੇ ਨਾਂ “ਆਯੁਸ਼ਮਾਨ ਅਰੋਗਿਆ ਕੇਂਦਰ” ਕਰਨ ਦੀ ਹਦਾਇਤ ਦਿੱਤੀ ਸੀ। ਕਿਉਂਕਿ ਇਹ ਸੈਂਟਰ ਕੇਂਦਰ ਵਲੋਂ ਚਲਾਏ ਜਾ ਰਹੇ ਹਨ। ਪਰ ਰਾਜਨੀਤਿਕ ਦਬਾਅ ਕਰਕੇ “ਆਯੁਸ਼ਮਾਨ ਅਰੋਗਿਆ ਕੇਂਦਰ” ਬਹੁਤ ਛੋਟੇ ਅੱਖਰਾਂ ‘ਚ ਲਿਖਿਆ ਗਿਆ ਹੈ ਜਾਂ ਕੁਝ ਥਾਵਾਂ ‘ਤੇ ਲਿਖਿਆ ਹੀ ਨਹੀਂ ਗਿਆ। ਜਦਕਿ “ਆਮ ਆਦਮੀ ਕਲੀਨਿਕ” ਵਧੀਆ ਤਰੀਕੇ ਨਾਲ ਉਭਾਰਿਆ ਗਿਆ ਹੈ, ਜੋ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਦਾ ਉਲੰਘਣ ਹੈ ਜਾਂ ਰਾਜ ਸਰਕਾਰ ਵੱਲੋਂ ਰਾਜਨੀਤਿਕ ਦਬਾਅ ਦੀ ਨਿਸ਼ਾਨੀ ਹੈ।
ਸੰਦੀਪ ਅਗਰਵਾਲ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬੋਰਡਾਂ ਨੂੰ ਦਰੁਸਤ ਕਰਕੇ “ਆਯੁਸ਼ਮਾਨ ਅਰੋਗਿਆ ਕੇਂਦਰ” ਵੱਡੇ ਅੱਖਰਾਂ ‘ਚ ਲਿਖਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਈ-ਮੇਲ ਰਾਹੀਂ ਕੇਂਦਰੀ ਅਤੇ ਸੂਬਾ ਗ੍ਰਹਿ ਮੰਤਰਾਲੇ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ‘ਤੇ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਸੋਨੀਆ ਨਈਅਰ, ਮੀਨੂੰ ਅਤੇ ਕੁਨਾਲ ਨਈਅਰ ਆਦਿ ਆਗੂ ਵੀ ਹਾਜ਼ਰ ਸਨ।