ਅਸ਼ੋਕ ਵਰਮਾ, ਭਗਤਾ ਭਾਈ 31 ਜਨਵਰੀ 2025
ਯੂਐਸਏ ਦੀ ਪੰਜਾਬੀ ਸਾਹਿਤ ਨੂੰ ਸਮਰਪਿਤ ਸੰਸਥਾ “ਪੰਜਾਬੀ ਮੰਚ ਲਾਈਵ ਯੂਐਸਏ” ਵੱਲੋਂ ਕ,ਵਾਏ ਆਨਲਾਈਨ ਸਮਾਗਮ ਦੌਰਾਨ ਅੰਮ੍ਰਿਤਪਾਲ ਕਲੇਰ ਦੇ ਪਲੇਠੇ ਮੌਜੂਦਾ ਚਰਚਿਤ ਕਹਾਣੀ ਸੰਗ੍ਰਹਿ ” ਜ਼ੁਮੈਟੋ ਗਰਲ” ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ ਪੰਜਾਬੀ ਦੇ ਪ੍ਰਬੁੱਧ ਵਿਦਵਾਨਾਂ ਨੇ ਹਿੱਸਾ ਲਿਆ। ਪੰਜਾਬੀ ਮੰਚ ਲਾਈਵ ਯੂਐਸਏ ਦੇ ਪ੍ਰਧਾਨ ਅਮਰੀਕ ਸਿੰਘ ਕੰਗ ਨੇ ਕਲੇਰ ਦੀਆਂ ਕਹਾਣੀਆਂ ਬਾਰੇ ਬੋਲਦਿਆਂ ਕਿਹਾ ਕਿ ਕਹਾਣੀਆਂ ਵਿਚਲੇ ਪਾਤਰਾਂ ਦੀ ਵਾਰਤਾਲਾਪ ਪਾਠਕ ਨੂੰ ਅੰਤ ਤੱਕ ਜੋੜ ਕੇ ਰੱਖਦੀ ਹੈ। ਮੰਚ ਸੰਚਾਲਨ ਕਰ ਰਹੇ ਸ਼੍ਰੀ ਬਿੰਦਰ ਕੋਲੀਆਂਵਾਲ (ਇਟਲੀ ਤੋਂ )ਨੇ ਕਿਹਾ ਕਿ ਸਾਹਿਤ ਦੀ ਹਰ ਵਿਧਾ ਦਾ ਪਾਠਕਾਂ ਲਈ ਕੋਈ ਨਾ ਕੋਈ ਸੁਨੇਹਾ ਹੋਣਾ ਜ਼ਰੂਰੀ ਹੁੰਦਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਕਲੇਰ ਦੀ ਹਰ ਕਹਾਣੀ ਇੱਕ ਸੰਦੇਸ਼ ਦਿੰਦੀ ਹੈ।
ਕੈਨੇਡਾ ਤੋਂ ਹਰਸ਼ਰਨ ਕੌਰ ਨੇ ਕਿਹਾ ਕਿ ਕਲੇਰ ਦੀਆਂ ਕਹਾਣੀਆਂ ਵਿੱਚ ਮਲਵਈ ਪੇਂਡੂ ਸ਼ਬਦਾਵਲੀ ਵਰਤੀ ਗਈ ਹੈ, ਜਿਸ ਨਾਲ਼ ਪੰਜਾਬੀ ਦੇ ਲੋਪ ਹੋ ਰਹੇ ਸ਼ਬਦ ਆਉਂਦੀਆਂ ਨਸਲਾਂ ਤੱਕ ਬਰਕਰਾਰ ਰਹਿਣਗੇ। ਸਰਬਜੀਤ ਕੌਰ (ਜਰਮਨੀ ) ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਹਾਣੀ ਸੰਗ੍ਰਹਿ “ਜੁਮੈਟੋ ਗਰਲ” ਵਿਚਲੀਆਂ ਕਹਾਣੀਆਂ ਦੀ ਸੱਭਿਆਚਾਰਕ ਪਿੱਠਭੂਮੀ ਨੂੰ ਬਹੁਤ ਸਲਾਹਿਆ। ਪੋਲੀ ਬਰਾੜ (ਯੂ ਐਸ ਏ) ਜੀਓ ਨੇ ਕਿਹਾ ਕਿ ਔਰਤਾਂ ਦਾ ਪੇਕਿਆਂ ਨਾਲ ਮੋਹ ਪਿਆਰ ਆਖ਼ਰੀ ਸਾਹ ਤੱਕ ਰਹਿੰਦਾ ਹੈ ਉਹਨਾਂ ਨੇ ਖ਼ਾਸ ਤੌਰ ਤੇ “ਟੌਰੇ ਵਾਲੀ ਪੱਗ” ਕਹਾਣੀ ਤੇ ਭਾਵਨਾਤਮਿਕ ਵਿਚਾਰ ਦਿੱਤੇ। ਧਰਮਿੰਦਰ ਕੰਗ (ਆਇਰਲੈਂਡ) ਨੇ ਕਿਹਾ ਕਿ “ਜ਼ੁਮੈਟੋ ਗਰਲ ” ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿੱਚ ਸਮਾਜਿਕ ਕੁਰੀਤੀਆਂ ਦਾ ਵਰਨਣ ਕਰਨਾ, ਕਹਾਣੀਕਾਰ ਦਾ ਸਮਾਜ ਪ੍ਰਤੀ ਚਿੰਤਨਸ਼ੀਲ ਹੋਣਾ ਦਰਸਾਉਂਦਾ ਹੈ। ਪੰਜਾਬੀ ਮੰਚ ਲਾਈਵ ਯੂ ਐਸ ਏ ਵੱਲੋਂ ਅੰਮ੍ਰਿਤਪਾਲ ਕਲੇਰ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।