ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ,, ਬਹੁਮਤ ਲੈ ਕੇ ਵੀ ਸਰਕਾਰ ਨਹੀਂ ਬਣਾ ਸਕੀ ਆਪਣਾ ਪ੍ਰਧਾਨ
ਰਘਵੀਰ ਹੈਪੀ, ਬਰਨਾਲਾ 17 ਜਨਵਰੀ 2025
ਜਿਲ੍ਹੇ ਦੀ ਇਕਲੌਤੀ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਅੱਜ ਰੱਖੀ ਗਈ ਮੀਟਿੰਗ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਗੈਰਹਾਜ਼ਰੀ ਕਾਰਣ, ਦੋ ਘੰਟਿਆਂ ਦੀ ਉਡੀਕ ਤੋਂ ਬਾਅਦ ਕੈਂਸਲ ਹੋ ਗਈ। ਮੀਟਿੰਗ ਦੇ ਤੈਅ ਸਮੇਂ ਤੇ ਚੋਣ ਕਰਵਾਉਣ ਲਈ ਨਿਯੁਕਤ ਕਨਵੀਨਰ ਐਸਡੀਐਮ ਗੁਰਵੀਰ ਸਿੰਘ ਕੋਹਲੀ, ਕਾਰਜ ਸਾਧਕ ਅਫਸਰ ਵਿਸ਼ਾਲਦੀਪ ਬਾਂਸਲ, ਅਕਾਂਊਂਟੈਂਟ ਰਜਨੀਸ਼ ਕੁਮਾਰ ਤੋਂ ਇਲਾਵਾ ਹਾਊਸ ਦੇ ਕੁੱਲ 13 ਮੈਂਬਰਾਂ ਵਿੱਚੋਂ ਸਿਰਫ ਤਿੰਨ ਮੈਂਬਰ ਹੀ ਪਹੁੰਚੇ। ਚੋਣ ਸਬੰਧੀ ਚੋਣ ਅਧਿਕਾਰੀ ਐਸਡੀਐਮ ਬਰਨਾਲਾ ਵੱਲੋਂ 17 ਜਨਵਰੀ ਨੂੰ ਬਾਅਦ ਦੁਪਿਹਰ 3 ਵਜੇ ਨਗਰ ਪੰਚਾਇਤ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਹਾਊਸ ਦੀ ਮੀਟਿੰਗ ਦਾ ਏਜੰਡਾ ਜ਼ਾਰੀ ਕੀਤਾ ਗਿਆ ਸੀ। ਹਾਊਸ ਵਿੱਚ ਆਮ ਆਦਮੀ ਪਾਰਟੀ ਦੇ 10, ਅਜਾਦ 2 ਅਤੇ ਕਾਂਗਰਸ ਪਾਰਟੀ ਦਾ ਸਿਰਫ ਇੱਕ ਮੈਂਬਰ ਹੀ ਹੈ। ਇੱਕ ਵੋਟ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਵੀ ਪੈਣੀ ਸੀ। ਆਪ ਦੇ 10 ਮੈਂਬਰ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਮੀਟਿੰਗ ਵਿੱਚ ਨਹੀਂ ਪਹੁੰਚੇ।
ਹਾਊਸ ਦੀ ਬਜਾਏ ਹੋਟਲ ‘ਚ ਚਲਦੀ ਰਹੀ ਸੱਤਾਧਾਰੀਆਂ ਦੀ ਮੀਟਿੰਗ..
ਬੇਸ਼ੱਕ ਚੋਣ ਲਈ ਨਿਸਚਿਤ ਸਮੇਂ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਕੌਂਸਲਰ ਹਾਊਸ ਦੀ ਮੀਟਿੰਗ ਵਿੱਚ ਨਹੀਂ ਪਹੁੰਚਿਆ, ਉਲਟਾ ਸਾਰੇ ਹੀ ਕੌਂਸਲਰਾਂ ਦੀ ਮੀਟਿੰਗ ਬਰਨਾਲਾ-ਬਠਿੰਡਾ ਮੁੱਖ ਰੋਡ ਦੇ ਸਥਿਤ ਸਟਾਰ ਡਾਇਮੰਡ ਢਾਬਾ ਹੰਡਿਆਇਆ ਤੇ ਆਪ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕਰੀਬ ਤਿੰਨ ਘੰਟੇ ਚੱਲਦੀ ਰਹੀ। ਪਰੰਤੂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਚੋਣ ਵਿੱਚ ਗੁਰਮੀਤ ਸਿੰਘ ਬਾਵਾ, ਮਹਿੰਦਰ ਕੌਰ ਸਿੱਧੂ ਆਦਿ ਦਾ ਨਾਂ ਪ੍ਰਧਾਨਗੀ ਲਈ ਉੱਭਰਿਆ,ਪਰੰਤੂ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਇੱਕ ਨਾਂ ਉੱਤੇ ਸਹਿਮਤੀ ਹੀ ਨਹੀਂ ਬਣ ਸਕੀ। ਇਸ ਮੀਟਿੰਗ ਵਿੱਚ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਦੇ ਰਾਜਸੀ ਸਕੱਤਰ ਹਸਨਪ੍ਰੀਤ ਭਾਰਦਵਾਜ ਵੀ ਉਚੇਚੇ ਤੋਰ ਤੇ ਸ਼ਾਮਿਲ ਰਹੇ। ਪਰ, ਪਾਣੀ ‘ਚ ਮਧਾਣੀ ਚੱਲਦੀ ਰਹੀ ਤੇ ਗੱਲ ਕਿਸੇ ਤਣ ਪੱਤਣ ਨਾ ਲੱਗੀ। ਕਰੀਬ 4 ਵਜੇ ਹਾਊਸ ਦੇ ਕਾਂਗਰਸੀ ਕੌਂਸਲਰ ਕੁਲਦੀਪ ਸਿੰਘ ਤਾਜ਼ਪੁਰੀਆ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ, ਕਿਹਾ ਕਿ ਮੇਰੇ ਤੋਂ ਇਲਾਵਾ ਕੌਂਸਲਰ ਵੀਰਪਾਲ ਕੌਰ ਅਤੇ ਮੰਜੂ ਬਾਲਾ ਹਾਊਸ ਦੀ ਮੀਟਿੰਗ ਵਿੱਚ ਪਹੁੰਚੇ,ਪਰੰਤੂ ਰਿਟਰਨਿੰਗ ਅਫਸਰ ਨੇ, ਹਾਜ਼ਰੀ ਤੱਕ ਨਹੀਂ ਲਗਵਾਈ। ਆਖਿਰ ਦੋ ਘੰਟਿਆਂ ਦੇ ਇੰਤਜਾਰ ਤੋਂ ਬਾਅਦ ਚੋਣ ਲਈ ਨਿਯੁਕਤ ਕਨਵੀਨਰ ਨੇ ਚੋਣ ਕੈਂਸਲ ਕਰਨ ਦਾ ਫੁਰਮਾਨ ਜ਼ਾਰੀ ਕਰ ਦਿੱਤਾ। ਮੀਟਿੰਗ ਵਿੱਚ ਨਾ ਪਹੁੰਚੇ,ਕਿਸੇ ਵੀ ਕੌਂਸਲਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਅਜਿਹੇ ਹਾਲਤ ਉੱਤੇ,, ਸ਼ਾਹ ਮੁਹੰਮਦਾਂ ਇੱਕ ਸਰਦਾਰ ਬਾਝੋਂ,ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸਹੀ ਢੁੱਕਦਾ ਹੈ।