ਹਰਿੰਦਰ ਨਿੱਕਾ, ਬਠਿੰਡਾ 12 ਜਨਵਰੀ 2025
ਚਾਰ ਦਿਨ ਪਹਿਲਾਂ ਰਾਤ ਸਮੇਂ ਘਰਾਂ ‘ਚ ਜਬਰਦਸਤੀ ਦਾਖਿਲ ਹੋ ਕੇ ਕੁੱਟਮਾਰ ਕਰਨ ਅਤੇ 7 ਘਰਾਂ ਨੂੰ ਅੱਗ ਲਾਉਣ ਵਾਲੇ ਤਿੰਨ ਦੋਸ਼ੀ ਆਖਿਰ ਪੁਲਿਸ ਦੇ ਹੱਥੇ ਚੜ੍ਹ ਹੀ ਗਏ। ਜਿਲਾ ਪੁਲਿਸ ਮੁਖੀ ਅਮਨੀਤ ਕੌਂਡਲ IPS ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਜਸਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੋਠੇ ਜੀਵਨ ਸਿੰਘ ਵਾਲੇ ਪਿੰਡ ਦਾਨ ਸਿੰਘ ਵਾਲਾ ਦੀ ਸ਼ਕਾਇਤ ਤੇ ਥਾਣਾ ਨੇਹੀਆਵਾਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਇਸ ਵਾਰਦਾਤ ਦੇ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਡੀਐਸਪੀ ਭੁੱਚੋ,ਰਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ ਤਹਿਤ ਇੰਸਪੈਕਟਰ ਜਸਵਿੰਦਰ ਕੌਰ ਮੁੱਖ ਅਫਸਰ ਥਾਣਾ ਨੇਹੀਆਵਾਲਾ ਦੀ ਜੇਰ ਏ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਗਿਆ ਸੀ। ਦੌਰਾਨੇ ਰੇਡ ਇੰਸ.ਜਸਵਿੰਦਰ ਕੌਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਾਮਜ਼ ਦੋਸ਼ੀ ਰੇਸਮ ਸਿੰਘ ਪੁੱਤਰ ਸੇਵਕ ਸਿੰਘ, ਰਣਜੀਤ ਸਿੰਘ ਪੁੱਤਰ ਜਗਸੀਰ ਸਿੰਘ ਦੋਵੇਂ ਵਾਸੀ ਦਾਨ ਸਿੰਘ ਵਾਲਾ ਅਤੇ ਖੁਸਪ੍ਰੀਤ ਸਿੰਘ ਪੁੱਤਰ ਜਬਰ ਸਿੰਘ ਵਾਸੀ ਮਹਿਮਾ ਸਰਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨਾਂ ਦੱਸਿਆ ਕਿ ਗਿਰਫਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ,ਉਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਉਨਾਂ ਦਾਅਵਾ ਕੀਤਾ ਕਿ ਬਾਕੀ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ,ਜਲਦ ਤੋਂ ਜਲਦ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਐਸਐਸਪੀ ਨੇ ਦੱਸਿਆ ਕਿ ਦੌਰਾਨ ਏ ਪੜਤਾਲ ਪਤਾ ਲੱਗਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਦੋਸ਼ੀ,ਪਹਿਲਾ ਹੀ ਮੁਦੱਈ ਮੁਕੱਦਮਾਂ ਜਸਪ੍ਰੀਤ ਸਿੰਘਨਾਲ ਖਾਰ ਖਾਦੇ ਸਨ। ਇਨ੍ਹਾਂ ਦੀ ਆਪਸ ਵਿੱਚ ਕਈ ਵਾਰ ਪਹਿਲਾਂ ਵੀ ਤੂੰ-ਤੂੰ ਮੈਂ-ਮੈਂ ਵੀ ਹੋ ਚੁੱਕੀ ਹੈ । ਜਿਸ ਕਰਕੇ ਦੋਸ਼ੀਆਂ ਵੱਲੋਂ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਤਫਤੀਸ਼ ਅਫਸਰ ਅਨੁਸਾਰ ਗ੍ਰਿਰਫਤਾਰ ਦੋਸ਼ੀ ਖੁਸ਼ਪ੍ਰੀਤ ਸਿੰਘ ਮਹਿਮਾ ਸਰਜਾ ਦੇ ਖਿਲਾਫ ਪਹਿਲਾਂ ਵੀ ਸਾਲ 2023 ਵਿੱਚ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਥਾਣਾ ਜੈਤੋ, ਜਿਲ੍ਹਾ ਫਰੀਦਕੋਟ ਵਿਖੇ ਦਰਜ਼ ਹੈ।