ਚਾਅ ਚੜ੍ਹਿਆ ਲੋਕਾਂ ਨੂੰ, ਆਤਿਸ਼ਬਾਜੀ ਕਰ ਮਨਾਈ ਖੁਸ਼ੀ, ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਰਘਵੀਰ ਹੈਪੀ, ਬਰਨਾਲਾ, 12 ਜਨਵਰੀ 2025
ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਤਸਰਦੇ ਪਿੰਡ ਹਰੀਗੜ੍ਹ ਅਤੇ ਬਡਬਰ ਦੇ ਕਰੀਬ 500 ਏਕੜ ਰਕਬੇ ਨੂੰ ਸਿੱਧਾ ਮੋਘੇ ‘ਚੋਂ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ। ਅਜਿਹਾ ਪਿੰਡ ਹਰੀਗੜ੍ਹ ਵਿੱਚ ਹਰੀਗੜ੍ਹ ਨਹਿਰ (ਮੇਨ ਕੋਟਲਾ ਬ੍ਰਾਂਚ) ਤੋਂ ਮੋਘਾ ਕੱਢਣ ਨਾਲ ਸੰਭਵ ਹੋ ਸਕਿਆ ਹੈ।
ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਹਰੀਗੜ੍ਹ ਵਿੱਚ ਨਹਿਰੀ ਮੋਘੇ ਦਾ ਉਦਘਾਟਨ ਕਰਨ ਮੌਕੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੀਗੜ੍ਹ ਵਿਚੋਂ ਨਹਿਰ ਤਾਂ ਲੰਘਦੀ ਸੀ, ਪਰ ਖੇਤਾਂ ਨੂੰ ਸਿੱਧਾ ਨਹਿਰੀ ਪਾਣੀ ਨਹੀਂ ਮਿਲਦਾ ਸੀ ਤੇ ਅੱਜ ਮੋਘੇ ਦੇ ਉਦਘਾਟਨ ਨਾਲ ਪਿੰਡ ਵਾਸੀਆਂ ਦੀ ਦਹਾਕਿਆਂ ਦੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੋਘੇ ਨਾਲ ਕਰੀਬ 200 ਏਕੜ ਅਜਿਹੇ ਰਕਬੇ ਨੂੰ ਪਾਣੀ ਮਿਲੇਗਾ, ਜਿਸ ਨੂੰ ਕਦੇ ਵੀ ਨਹਿਰੀ ਪਾਣੀ ਨਸੀਬ ਨਹੀਂ ਸੀ ਹੋਇਆ।
ਉਨ੍ਹਾਂ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਜ਼ਮੀਨਦੋਜ਼ ਪਾਇਪ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖੇਤ ਖੇਤ ਨਹਿਰੀ ਪਾਣੀ ਪਹੁੰਚਾਉਣ ਦਾ ਹੰਭਲਾ ਮਾਰਿਆ ਹੈ।
ਮੀਤ ਹੇਅਰ ਨੇ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਮਗਰੋਂ ਉਨ੍ਹਾਂ ਜਲ ਸਰੋਤ ਮੰਤਰੀ ਹੁੰਦਿਆਂ ਪਹਿਲਾਂ ਪਿੰਡ ਭੂਰੇ ਵਿੱਚ ਨਹਿਰੀ ਮੋਘਾ ਕਢਵਾਇਆ ਸੀ। ਇਸ ਮੌਕੇ ਉਨ੍ਹਾਂ ਜਲ ਸਰੋਤ ਵਿਭਾਗ ਦੀ ਟੀਮ ਦੀ ਵੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਮੇਨ ਕੋਟਲਾ ਬ੍ਰਾਂਚ ਵਿੱਚ ਇਹ ਮੋਘਾ 184340/ ਐਲ ਲਾਇਆ ਗਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਅਤੇ ਸੰਸਦ ਮੈਂਬਰ ਮੀਤ ਹੇਅਰ ਦੇ ਯਤਨਾਂ ਨਾਲ ਦਹਾਕਿਆਂ ਦੀ ਮੰਗ ਪੂਰੀ ਹੋਈ ਹੈ ਤੇ ਆਖ਼ਰ ਪਿੰਡ ਦੇ ਖੇਤਾਂ ਨੂੰ ਸਿੱਧਾ ਨਹਿਰ ‘ਚੋਂ ਪਾਣੀ ਨਸੀਬ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਸ. ਹਰਿੰਦਰ ਸਿੰਘ ਧਾਲੀਵਾਲ, ਕਾਰਜਕਾਰੀ ਇੰਜੀਨੀਅਰ ਜਲ ਸਰੋਤ ਵਿਭਾਗ ਅਤਿੰਦਰਪਾਲ ਸਿੰਘ, ਡਿਪਟੀ ਕਲੈਕਟਰ ਅਰੁਣ ਕੁਮਾਰ, ਐੱਸ ਡੀ ਓ ਅਵਤਾਰ ਸਿੰਘ, ਐੱਸ ਡੀ ਓ ਕਰਨ ਬਾਂਸਲ, ਹਲਕਾ ਪਟਵਾਰੀ ਗੋਬਿੰਦ ਰਾਏ, ਪਿੰਡ ਦੀ ਸਮੂਹ ਪੰਚਾਇਤ ਤੇ ਪਤਵੰਤੇ ਹਾਜ਼ਰ ਸਨ।