ਡਰੱਗ ਰੈਕਟ ‘ਚ ਸ਼ਾਮਿਲ ਡਾਕਟਰ ਦੇ ਨਸ਼ਾ ਛੁਡਾਊ ਕੇਂਦਰਾਂ ਤੇ ਵੱਡੀ ਕਾਰਵਾਈ..

Advertisement
Spread information

ਜੇਲ੍ਹ ਬੰਦ Dr ਅਮਿਤ ਬਾਂਸਲ ਦੀ ਹਾਲੇ ਵੀ ਸਰਕਾਰੇ-ਦਰਬਾਰੇ ਬੋਲਦੀ ਐ ਤੂਤੀ…

ਹਰਿੰਦਰ ਨਿੱਕਾ, ਬਰਨਾਲਾ 14 ਜਨਵਰੀ 2025 

      ਨਸ਼ਾ ਛੁਡਾਉਣ ਦੀ ਆੜ ‘ਚ ਨਸ਼ੀਲੀਆਂ ਗੋਲੀਆਂ ਵੇਚਣ ਅਤੇ ਵਿਕਾਉਣ ਦੇ ਕਥਿਤ ਧੰਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿਨ ਕੱਟ ਰਹੇ ਡਾਕਟਰ ਅਮਿਤ ਬਾਂਸਲ ਦੇ ਬਰਨਾਲਾ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਤੇ ਪ੍ਰਸ਼ਾਸ਼ਨ ਨੇ ਵੱਡੀ ਕਾਰਵਾਈ ਕਰਦਿਆਂ, ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਹੈ। ਅਪੁਸ਼ਟ ਜਾਣਕਾਰੀ ਅਨੁਸਾਰ ਪਤਾ ਇਹ ਵੀ ਲੱਗਿਆ ਹੈ ਕਿ ਸਿਹਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੇ ਹੁਕਮਾਂ ਤੇ ਡਾਕਟਰ ਅਮਿਤ ਬਾਂਸਲ ਦੇ ਪ੍ਰਬੰਧ ਅਧੀਨ ਆਉਂਦੇ ਪੰਜਾਬ ਦੇ ਕਰੀਬ 22 ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਸਸਪੈਂਡ ਕਰਕੇ, ਸਾਰਿਆਂ ਨੂੰ ਹੀ ਆਰਜੀ ਤੌਰ ਤੇ ਸੀਲ ਕੀਤਾ ਗਿਆ ਹੈ।

   ਬਰਨਾਲਾ ‘ਚ 22 ਏਕੜ ਖੇਤਰ ਵਿੱਚ ਐਲਆਈਸੀ ਦਫਤਰ ਦੇ ਨਾਲ ਬਣੇ, ਬਰਨਾਲਾ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਨੂੰ ਸੀਲਬੰਦ ਕਰਨ ਦੀ ਕਾਰਵਾਈ, ਦਫਤਰੀ ਸਮਾਂ ਸਮਾਪਤ ਹੋਣ ਤੋਂ ਬਾਅਦ ਨਾਇਬ ਤਹਿਸੀਲਦਾਰ ਅਮਿਤ ਕੁਮਾਰ ਦੀ ਅਗਵਾਈ ਵਿੱਚ ਅੰਜਾਮ ਦਿੱਤੀ ਗਈ। ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਨ ਪਹੁੰਚੀ ਟੀਮ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਿਲ ਸਨ। ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਜੇਲ੍ਹ ਬੰਦ ਡਾਕਟਰ ਅਮਿਤ ਬਾਂਸਲ ਦੀ ਸਰਕਾਰੇ-ਦਰਬਾਰੇ ਹਾਲੇ ਵੀ ਉਂਵੇਂ ਹੀ ਤੂਤੀ ਬੋਲ ਰਹੀ ਹੈ। ਜਿਸ ਦਾ ਸੰਕੇ਼ਤ ਇਸ ਗੱਲ ਤੋਂ ਪੁਖਤਾ ਹੁੰਦਾ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀ, ਹਸਪਤਾਲ ਨੂੰ ਉਦੋਂ ਸੀਲ ਲਾਉਣ ਪਹੁੰਚੇ,ਜਦੋਂ ਹਸਪਤਾਲ ਦਾ ਸਟਾਫ ਪਹਿਲਾਂ ਹੀ ਬਹੁਤਾ ਸਮਾਨ ਉੱਥੋਂ ਕਿਸੇ ਸੁਰੱਖਿਅਤ ਠਿਕਾਣੇ ਤੇ ਪੂਰੇ ਆਰਾਮ ਨਾਲ ਪਹੁੰਚਾ ਚੁੱਕਾ ਸੀ। ਹਸਪਤਾਲ ਦੇ ਸਟਾਫ ਨੇ,ਹਸਪਾਤਲ ਦੇ ਬਾਹਰ ਪਹਿਲਾਂ ਹੀ ਹਸਪਤਾਲ ਬੰਦ ਹੋਣ ਦਾ ਪੋਸਟਰ ਚਿਪਕਾ ਦਿੱਤਾ ਸੀ। ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਨ ਪਹੁੰਚੇ ਕਿਸੇ ਵੀ ਅਧਿਕਾਰੀ ਨੇ, ਮੀਡੀਆ ਨੂੰ ਕੋਈ ਵੀ ਜਾਣਕਾਰੀ ਦੇਣਾ ਵਾਜਿਬ ਨਹੀਂ ਸਮਝਿਆ । ਟੀਮ ‘ਚ ਸ਼ਾਮਿਲ ਇੱਕ ਕਰਮਚਾਰੀ ਨੇ ਡਾਕਟਰ ਦੇ ਸਟਾਫ ਵੱਲੋਂ ਖੁਦ ਹਸਪਤਾਲ ਬੰਦ ਕਰਨ ਤੋਂ ਬਾਅਦ ਸੀਲ ਲਾਉਣ ਪਹੁੰਚਣ ਦੇ ਜੁਆਬ ਵਿੱਚ ਇੱਨ੍ਹਾਂ ਹੀ ਕਿਹਾ ਕਿ ਜਦੋਂ ਸਾਨੂੰ ਸਰਕਾਰ ਦਾ ਹੁਕਮ ਆਇਆ ,ਅਸੀਂ ਡਿਊਟੀ ਟਾਈਮ ਤੋਂ ਬਾਅਦ ਵੀ ਤੁੰਰਤ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਲਾਉਣ ਪਹੁੰਚ ਗਏ। 

ਸਵੇਰ ਤੋਂ ਹਸਪਾਤਲ ‘ਚੋਂ ਢੋਇਆ ਜਾ ਰਿਹਾ ਸੀ ਸਮਾਨ..

    ਡਾਕਟਰ ਅਮਿਤ ਬਾਂਸਲ ਦੇ ਸੂਬੇ ‘ਚ ਪਲੇਠੇ, ਬਰਨਾਲਾ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਨੂੰ ਬੰਦ ਕਰ ਦੇਣ ਦਾ ਫੈਸਲਾ ਅੱਜ ਹਸਪਤਾਲ ਪ੍ਰਬੰਧਕਾਂ ਨੇ ਖੁਦ ਹੀ ਕਰ ਲਿਆ ਸੀ। ਜਿਸ ਕਾਰਣ, ਉਹ ਖੁਦ ਹੀ ਵੱਡੇ ਪੱਧਰ ਤੇ ਹਸਪਤਾਲ ਚੋਂ ਸਮਾਨ ਢੋਂਹਦੇ ਰਹੇ। ਇੱਥੋਂ ਤੱਕ ਕਿ ਹਸਪਤਾਲ ਦੇ ਲੱਗੇ ਫਲੈਕਸ ਬੋਰਡ ਵੀ ਉਤਾਰ ਦਿੱਤੇ ਗਏ। ਆਖਿਰ ਸ਼ਾਮ ਕਰੀਬ ਸਾਢੇ ਪੰਜ ਕੁ ਵਜੇ, ਜਿਲ੍ਹਾ ਮੈਂਟਲ ਹੈਲਥ ਦੀ ਟੀਮ ਹਸਪਤਾਲ ਪਹੁੰਚੀ, ਜਿੰਨ੍ਹਾਂ ਹਸਪਤਾਲ ਦੇ ਸਟਾਫ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਅੰਦਰਲੇ ਤੇ ਬਾਹਰਲੇ ਗੇਟਾਂ ਨੂੰ ਸੀਲ ਲਗਾ ਦਿੱਤੀ। ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਨੂੰ ਵਿਜੀਲੈਂਸ ਬਿਊਰੋ ਮੋਹਾਲੀ ਦੀ ਫਲਾਇੰਗ ਸੁਕੈਅਡ ਦੀ ਟੀਮ ਨੇ 31 ਦਸੰਬਰ 2024 ਨੂੰ ਕੇਸ ਦਰਜ ਕਰਕੇ, ਗਿਰਫਤਾਰ ਕਰ ਲਿਆ ਸੀ। ਜਿਹੜਾ ਹੁਣ ਜੇਲ੍ਹ ਦੀਆਂ ਸਲਾਖਾਂ ਅੰਦਰ ਬੰਦ ਹੈ।  

Advertisement
Advertisement
Advertisement
Advertisement
error: Content is protected !!