ਹਰਿੰਦਰ ਨਿੱਕਾ, ਚੰਡੀਗੜ੍ਹ 3 ਜਨਵਰੀ 2025
ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਨਸ਼ਾ ਛੁਡਾਊ ਕੇਂਦਰਾਂ ਦਾ ਜਾਲ ਵਿਛਾ ਕੇ, ਕਥਿਤ ਤੌਰ ਤੇ ਡਰੱਗ ਰੈਕਟ ਚਲਾਉਣ ਕਾਰਣ ਵਿਜੀਲੈਂਸ ਬਿਊਰੋ ਦੀ ਗ੍ਰਿਫਤ ਵਿੱਚ ਆ ਚੁੱਕੇ ਡਾਕਟਰ ਅਮਿਤ ਬਾਂਸਲ ਦੇ ਕਾਰੋਬਾਰ ਨੂੰ ਸ਼ਿਖਰਾਂ ਤੇ ਲੈ ਜਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਲਵਾ ਖੇਤਰ ਦੇ ਇੱਕ ਜਿਲ੍ਹੇ ਵਿੱਚ ਤਾਇਨਾਤ ਇੱਕ ਜੱਜ ਦਾ ਨਾਂ ਵੀ, ਵਿਜੀਲੈਂਸ ਬਿਊਰੋ ਕੋਲ ਬੋਲ ਰਿਹਾ ਹੈ। ਅਜਿਹੀ ਕਨਸੋਅ ਮਿਲਣ ਤੋਂ ਬਾਅਦ ਕੁੱਝ ਦਲਾਲ ਕਿਸਮ ਦੇ ਵਿਅਕਤੀ ਵੀ ਜੱਜ ਦੇ ਪਰਿਵਾਰਿਕ ਮੈਂਬਰਾਂ ਨਾਲ ਰਾਬਤਾ ਕਾਇਮ ਕਰਕੇ,ਉਨਾਂ ਨੂੰ ਵਿਜੀਲੈਂਸ ਦੇ ਕਾਨੂੰਨੀ ਪੰਜੇ ਤੋਂ ਬਚਾਉਣ ਲਈ ਸਰਗਰਮ ਹੋ ਗਏ ਹਨ। ਪਰੰਤੂ ਜੱਜ ਅਤੇ ਉਸ ਦੇ ਪਰਿਵਾਰਿਕ ਮੈਂਬਰ ਅਤੇ ਕਰੀਬੀ ਦੋਸਤ ਹਾਲੇ ਦੁਚਿੱਤੀ ਵਿੱਚ ਹੀ ਹਨ ਕਿ ਦਲਾਲ ਕਿਸਮ ਦੇ ਵਿਅਕਤੀਆਂ ਦੀ ਗੱਲ ਤੇ ਯਕੀਨ ਕਰਕੇ, ਜੱਜ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਜਾਵੇ, ਜਾਂ ਫਿਰ ਅਜਿਹੀਆਂ ਕੋਸ਼ਿਸ਼ਾਂ ਕਿਤੇ ” ਆ ਬੈਲ ਮੁਝੇ ਮਾਰ ” ਦੀ ਤਰਾਂ ਹੀ ਸਾਬਿਤ ਨਾ ਹੋ ਜਾਣ।
ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਦਿਵਾਉਣ ‘ਚ ਵੀ ਜੱਜ ਸਾਬ੍ਹ ਦੀ ਭੂਮਿਕਾ ਰਹੀ ਅਹਿਮ
ਬਰਨਾਲਾ ਦੇ 22 ਏਕੜ ਖੇਤਰ ਵਿੱਚ ਫੁਹਾਰਾ ਚੌਂਕ ਦੇ ਨੇੜੇ ਸਥਿਤ ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਤੋਂ ਸ਼ੁਰੂ ਹੋ ਕੇ, ਮਾਲਵਾ ਅਤੇ ਦੁਆਬਾ ਖੇਤਰ ‘ਚ ਕਰੀਬ 22 ਬਰਾਂਚਾਂ ਖੋਲ੍ਹ ਕੇ ਅੱਧੇ ਤੋਂ ਵੱਧ ਪੰਜਾਬ ਵਿੱਚ ਪੈਰ ਪਸਾਰ ਲੈਣ ਵਾਲੇ ਡਾਕਟਰ ਅਮਿਤ ਬਾਂਸਲ ਨੂੰ ਹਰ ਔਕੜ ਤੋਂ ਪਾਰ ਲੰਘਾਉਣ ਵਿੱਚ ਜੱਜ ਸਾਬ੍ਹ ਦਾ ਸਾਥ ਪੈਰ-ਪੈਰ ਤੇ ਮਿਲਿਆ ਹੈ। ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਨਿੱਕਲ ਕੇ ਸਾਹਮਣੇ ਆ ਰਹੀ ਹੈ। ਪਤਾ ਇਹ ਵੀ ਲੱਗਿਆ ਹੈ ਕਿ ਜਦੋਂ ਜੱਜ ਸਾਬ੍ਹ, ਦੀ ਪੋਸਟਿੰਗ ਬਰਨਾਲਾ ਅਦਾਲਤ ਵਿੱਚ ਹੋਈ ਸੀ ਤਾਂ ਡਾਕਟਰ ਅਮਿਤ ਦੀ ਜੱਜ ਸਾਬ੍ਹ ਨਾਲ ਜਾਣ ਪਹਿਚਾਣ ਸੂਬਾ ਸਰਕਾਰ ‘ਚ ਕੈਬਨਿਟ ਮੰਤਰੀ ਰਹਿ ਚੁੱਕੇ ਇੱਕ ਲੀਡਰ ਨੇ ਹੀ ਨਿਭਾਈ ਸੀ, ਕਿਉਂਕਿ ਜੱਜ ਸਾਬ੍ਹ ਅਤੇ ਲੀਡਰ ਸਾਹਿਬਾਨ ਇੱਕੋ ਸ਼ਹਿਰ ਦੇ ਰਹਿਣ ਵਾਲੇ ਹੀ ਹਨ। ਜੱਜ ਸਾਬ੍ਹ ਅਤੇ ਡਾਕਟਰ ਅਮਿਤ ਦੀ ਹੋਈ ਜਾਣ ਪਹਿਚਾਣ ਨੂੰ ਕਰੀਬੀ ਦੋਸਤੀ ਵਿੱਚ ਬਦਲਣ ਨੂੰ ਬਹੁਤੀ ਦੇਰ ਨਹੀਂ ਲੱਗੀ। ਦੋਵਾਂ ਦੇ ਬਰਨਾਲਾ ਕਲੱਬ ਵਿੱਚ ਅਕਸਰ ਇਕੱਠੇ ਹੋਣ ਦੀ ਗੱਲ ਹਰ ਕਿਸੇ ਦੀ ਜੁਬਾਨ ਤੇ ਹੈ। ਦੋਵਾਂ ਜਣਿਆਂ ਦੀ ਦੋਸਤੀ ਹੌਲੀ-ਹੌਲੀ ਨਸ਼ਾ ਛੁਡਾਊ ਕੇਂਦਰਾਂ ‘ਚ Silent ਹਿੱਸੇਦਾਰੀ ਦੇ ਰੂਪ ਵਿੱਚ ਅੱਗੇ ਵੱਧਦੀ ਰਹੀ। ਡਾਕਟਰ ਅਮਿਤ ਨੂੰ ਉਸ ਦੇ ਕਾਰੋਬਾਰ ਵਿੱਚ ਜਦੋਂ ਵੀ ਕਦੇ, ਕੋਈ ਸਮੱਸਿਆ ਆਈ ਤਾਂ ਜੱਜ ਸਾਬ੍ਹ ਹਮੇਸ਼ਾ ਉਸ ਦੇ ਸੰਕਟ ਮੋਚਨ ਬਣ ਕੇ ਸਾਹਮਣੇ ਆਏ। ਅਜਿਹੀਆਂ ਕਾਫੀ ਉਦਾਹਰਣਾ ਉਦੋਂ ਬਰਨਾਲਾ ਜਿਲ੍ਹੇ ਦੇ ਵੱਖ-ਵੱਖ ਮਹਿਕਮਿਆਂ ਵਿੱਚ ਤਾਇਨਾਤ ਰਹੇ ਆਲ੍ਹਾ ਅਧਿਕਾਰੀ ਆਪਸੀ ਗੱਲਬਾਤ ਦੌਰਾਨ ਗਾਹੇ ਬਗਾਹੇ ਕਰਦੇ ਕਾਫੀ ਵਾਰ ਸੁਣੇ ਗਏ ਹਨ। ਡਾਕਟਰ ਅਮਿਤ ਦੇ ਕਰੀਬੀ ਵੀ ਮੰਨਦੇ ਹਨ ਕਿ ਡਾਕਟਰ ਅਮਿਤ ਬਾਂਸਲ ਨੂੰ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਦਿਵਾਉਣ ਵਿੱਚ ਅਤੇ ਮੋਟੀ ਆਰਥਿਕ ਮੱਦਦ ਕਰਨ ਦੀ ਅਹਿਮ ਭੂਮਿਕਾ ਰਹੀ ਹੈ।
HAYAT ਹੋਟਲ ਵਿੱਚ ਹੁੰਦੀਆਂ ਮੀਟਿੰਗਾਂ ਦੀ ਵੀ ਛਿੜੀ ਚਰਚਾ..
ਪਤਾ ਇਹ ਵੀ ਲੱਗਿਆ ਹੈ ਕਿ ਡਾਕਟਰ ਅਮਿਤ ਬਾਂਸਲ, ਆਪਣੇ ਕਾਰੋਬਾਰ ਵਿੱਚ ਸਹਿਯੋਗ ਕਰਦੇ ਰਾਜਨੀਤਕ ਲੀਡਰਾਂ ਅਤੇ ਆਲ੍ਹਾ ਅਧਿਕਾਰੀਆਂ ਦੀ ਖਾਤਿਰਦਾਰੀ ਤੇ ਹਰ ਤਰਾਂ ਦੀ ਟਹਿਲ-ਸੇਵਾ ਚੰਡੀਗੜ੍ਹ ਦੇ ਹਯਾਤ ਹੋਟਲ ਵਿੱਚ ਹੀ ਕਰਵਾਉਂਦੇ ਰਹੇ ਹਨ। ਹਯਾਤ ਹੋਟਲ ਵਿੱਚ ਮਨਾਏ ਜਾਂਦੇ ਜਸ਼ਨ ਵਿੱਚ ਮੌਜੂਦਾ ਪੰਜਾਬ ਸਰਕਾਰ ਦੇ ਰਹਿ ਚੁੱਕੇ ਤੇ ਇੱਕ ਮੌਜੂਦਾ ਕੈਬਨਿਟ ਮੰਤਰੀ ਵੀ ਅਕਸਰ ਦੇਖੇ ਜਾਂਦੇ ਰਹੇ ਹਨ। ਹਯਾਤ ਹੋਟਲ ‘ਚ ਡਾਕਟਰ ਅਮਿਤ ਬਾਂਸਲ ਵੱਲੋਂ ਆਯੋਜਿਤ ਪਾਰਟੀਆਂ/ਮੀਟਿੰਗਾਂ ਦੀ ਚਰਚਾ ਵੀ ਉਨ੍ਹਾਂ ਦੇ ਵਿਜੀਲੈਂਸ ਬਿਊਰੋ ਦੁਆਰਾ ਗਿਰਫਤਾਰ ਕੀਤੇ ਜਾਣ ਤੋਂ ਬਾਅਦ ਕਾਫੀ ਵੱਡੇ ਪੱਧਰ ਤੇ ਛਿੜੀ ਹੋਈ ਹੈ। ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਦੇ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਅਤੇ 120 ਆਈਪੀਸੀ ਤਹਿਤ 31 ਦਸੰਬਰ 2024 ਨੂੰ ਕੇਸ ਦਰਜ ਕਰਕੇ, ਗਿਰਫਤਾਰ ਕੀਤਾ ਗਿਆ ਹੈ।