ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹੈ ਮੁੱਖ ਮੰਤਰੀ ਸਹਾਇਤਾ ਕੇਂਦਰ
ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਨਾਲ ਲੋਕਾਂ ਨੂੰ ਮਿਲ ਰਹੀ ਹੈ ਵੱਡੀ ਰਾਹਤ
ਰਘਵੀਰ ਹੈਪੀ, ਬਰਨਾਲਾ 3 ਜਨਵਰੀ 2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਾਂ ਨੂੰ ਸਮਾਂਬੱਧ ਅਤੇ ਖੱਜਲ ਖੁਆਰੀ ਤੋਂ ਬਿਨਾਂ ਸੇਵਾਵਾਂ ਮੁਹਈਆ ਕਰਾਉਣ ਦੀ ਸੋਚ ਸਦਕਾ ਪਿਛਲੇ ਸਾਲ ਸ਼ੁਰੂ ਕੀਤਾ ” ਮੁੱਖ ਮੰਤਰੀ ਸਹਾਇਤਾ ਕੇਂਦਰ ” ਬਰਨਾਲਾ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ, ਜਿਸ ਰਾਹੀਂ ਤੇਜ਼ੀ ਨਾਲ ਲੋਕਾਂ ਦੀਆਂ ਅਰਜ਼ੀਆਂ ਦਾ ਨਿਬੇੜਾ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜੂਨ 2024 ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ (ਸੀ ਐਮ ਵਿੰਡੋ) ਸਥਾਪਿਤ ਕੀਤਾ ਗਿਆ ਸੀ। ਜਿਸ ਦਾ ਮੁੱਖ ਮਕਸਦ ਸੀ ਕਿ ਲੋਕਾਂ ਦੀ ਮੁੱਖ ਮੰਤਰੀ ਦਫ਼ਤਰ ਤੱਕ ਜ਼ਿਲ੍ਹਾ ਮੁਕਾਮ ਤੋਂ ਹੀ ਸਿੱਧੀ ਪਹੁੰਚ ਹੋਵੇ, ਲੋਕਾਂ ਦੇ ਰਾਜਧਾਨੀ ਚੰਡੀਗੜ੍ਹ ਪੱਧਰ ਦੇ ਕੰਮ ਇਥੋਂ ਹੀ ਹੋ ਜਾਣ ਅਤੇ ਇਹ ਕੰਮ ਤੇਜ਼ੀ ਨਾਲ ਅਤੇ ਬਿਨਾਂ ਖੁਆਰੀ ਤੋਂ ਸਮਾਂਬੱਧ ਤਰੀਕੇ ਨਾਲ ਹੋਣ।
ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਸੀ ਐਮ ਵਿੰਡੋ ਵਿੱਚ ਹੁਣ ਤੱਕ 357 ਦਰਖਾਸਤਾਂ ਆਈਆਂ ਹਨ, ਜਿਨ੍ਹਾਂ ਵਿਚੋਂ 317 (88 ਫੀਸਦੀ) ਦਰਖਾਸਤਾਂ ਦਾ ਸਮਾਂਬੱਧ ਨਿਬੇੜਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਹਾਇਤਾ ਕੇਂਦਰ ਵਿੱਚ ਹੁਣ ਤੱਕ ਗ੍ਰਹਿ ਵਿਭਾਗ ਨਾਲ ਸਬੰਧਤ 114, ਮਾਲ ਵਿਭਾਗ ਨਾਲ ਸਬੰਧਤ 79, ਪੇਂਡੂ ਵਿਕਾਸ ਵਿਭਾਗ ਨਾਲ ਸਬੰਧਤ 44, ਜਲ ਸਰੋਤ ਵਿਭਾਗ ਦੀਆਂ 6, ਸਥਾਨਕ ਸਰਕਾਰਾਂ ਵਿਭਾਗ ਦੀਆਂ 17, ਬਿਜਲੀ ਮਹਿਕਮੇ ਦੀਆਂ 9, ਖੇਤੀਬਾੜੀ ਵਿਭਾਗ ਦੀਆਂ 2, ਸਹਿਕਾਰਤਾ ਦੀਆਂ 9, ਸਿੱਖਿਆ ਵਿਭਾਗ ਦੀਆਂ 5, ਚੋਣਾਂ ਸਬੰਧੀ 1, ਖਾਧ ਤੇ ਸਿਵਲ ਸਪਲਾਈ ਵਿਭਾਗ ਦੀਆਂ 56, ਸਹਿਤ ਵਿਭਾਗ ਦੀਆਂ 5, ਟਰਾਂਸਪੋਰਟ ਸਬੰਧੀ 9, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ 1 ਦਰਖਾਸਤ ਮੁੱਖ ਮੰਤਰੀ ਸਹਾਇਤਾ ਕੇਂਦਰ ‘ਤੇ ਪ੍ਰਾਪਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਹਾਇਤਾ ਕੇਂਦਰੀ ‘ਤੇ ਦਰਖਾਸਤਾਂ ਦਾ ਸਮਾਂਬੱਧ ਨਿਬੇੜਾ ਯਕੀਨੀ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਓਹੀ 40 ਦਰਖਾਸਤਾਂ ਬਕਾਇਆ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਰਜ਼ੀਆਂ ਪਿਛਲੇ ਦਿਨਾਂ ਵਿੱਚ ਪ੍ਰਾਪਤ ਹੋਈਆਂ ਹਨ ਅਤੇ ਸਬੰਧਤ ਵਿਭਾਗਾਂ ਨੂੰ ਭੇਜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਮੁੱਖ ਮੰਤਰੀ ਸਹਾਇਤਾ ਕੇਂਦਰ ਨਾਲ ਲੋਕਾਂ ਨੂੰ ਆਪਣੇ ਮਸਲਿਆਂ ਲਈ ਚੰਡੀਗੜ੍ਹ ਨਹੀਂ ਜਾਣਾ ਪੈਂਦਾ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਇਥੋਂ ਹੀ ਪੋਰਟਲ ਰਾਹੀਂ ਭੇਜ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਹੀ ਹੋਣ ਵਾਲੇ ਕੰਮ ਸੰਬਧਤ ਦਫਤਰਾਂ ਨੂੰ ਮਾਰਕ ਕੀਤੇ ਜਾਂਦੇ ਹਨ, ਜੋ ਕਿ ਤਰਜੀਹੀ ਆਧਾਰ ‘ਤੇ ਕੀਤੇ ਜਾਂਦੇ ਹਨ ਤੇ ਲੋਕਾਂ ਦਾ ਸਹੀ ਮਾਰਗ ਦਰਸ਼ਨ ਕੀਤਾ ਜਾਂਦਾ ਹੈ।
ਕਿਵੇਂ ਕੰਮ ਕਰਦਾ ਹੈ ਸਹਾਇਤਾ ਕੇਂਦਰ ?
ਜਦੋਂ ਕਿਸੇ ਜ਼ਿਲ੍ਹਾ ਵਾਸੀ ਵਲੋਂ ਮੁੱਖ ਮੰਤਰੀ ਸਹਾਇਤਾ ਕੇਂਦਰ ‘ਤੇ ਪਹੁੰਚ ਕਰਕੇ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਸੰਬੰਧਤ ਸਟਾਫ਼ ਵਲੋਂ ਇਸ ਨੂੰ ਈ-ਗਵਰਨੈਂਸ ਪੋਰਟਲ ‘ਤੇ ਅਪਲੋਡ ਕੀਤਾ ਜਾਂਦਾ ਹੈ। ਇਸ ਮਗਰੋਂ ਜੇਕਰ ਅਰਜ਼ੀ ਜ਼ਿਲ੍ਹਾ ਪੱਧਰ ‘ਤੇ ਸੰਬਧਤ ਵਿਭਾਗ ਨੂੰ ਭੇਜਣ ਯੋਗ ਹੋਵੇ ਤਾਂ ਜ਼ਿਲ੍ਹਾ ਪੱਧਰ ‘ਤੇ ਵਿਭਾਗ ਨੂੰ ਫੌਰੀ ਭੇਜ ਦਿੱਤੀ ਜਾਂਦੀ ਹੈ, ਜੇਕਰ ਹੈੱਡਕੁਆਰਟਰ/ ਚੰਡੀਗੜ੍ਹ ਪੱਧਰ ‘ਤੇ ਭੇਜਣ ਯੋਗ ਹੋਵੇ ਤਾਂ ਆਨਲਾਈਨ ਹੀ ਓਥੇ ਭੇਜ ਦਿੱਤੀ ਜਾਂਦੀ ਹੈ ਅਤੇ ਸੀ ਐਮ ਵਿੰਡੋ ਦੇ ਸਟਾਫ਼ ਨੂੰ ਅਰਜ਼ੀ ਦਾ ਸਟੇਟਸ ਵੀ ਨਾਲੋ-ਨਾਲ ਪਤਾ ਲੱਗਦਾ ਰਹਿੰਦਾ ਹੈ।
15 ਸਾਲਾਂ ਤੋਂ ਲਟਕਦਾ ਮਸਲਾ 10 ਦਿਨਾਂ ਵਿੱਚ ਹੋਇਆ ਹੱਲ
ਜਗਰੂਪ ਸਿੰਘ ਵਾਸੀ ਸ਼ਹਿਣਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਸ ਦੀ ਜਮਾਂਬੰਦੀ ਵਿੱਚ ਸਟੇਅ ਆਰਡਰ ਚੜ੍ਹਿਆ ਹੋਇਆ ਸੀ, ਜੋ ਕਿ ਸਾਲ 2008 ਵਿੱਚ ਅਦਾਲਤ ਹੁਕਮ ਹੋਣ ਤੋਂ ਬਾਅਦ ਡਿਲੀਟ ਨਹੀਂ ਹੋ ਰਿਹਾ ਸੀ। ਇਸ ਸਬੰਧੀ ਉਹ ਪਿਛਲੇ 15 ਸਾਲ ਤੋਂ ਵੱਖ ਵੱਖ ਥਾਈਂ ਦਰਖਾਸਤਾਂ ਦੇ ਚੁੱਕਿਆ ਸੀ, ਪਰ ਮਸਲਾ ਹੱਲ ਨਹੀਂ ਹੋਇਆ ਸੀ। ਇਸ ਮਗਰੋਂ ਓਸਨੇ 26 ਨਵੰਬਰ 2024 ਨੂੰ ਮੁੱਖ ਮੰਤਰੀ ਸਹਾਇਤਾ ਕੇਂਦਰ ਵਿੱਚ ਦਰਖ਼ਾਸਤ ਦਿੱਤੀ ਤੇ ਉਸ ਦਾ ਮਸਲਾ 10 ਦਿਨਾਂ ਦੇ ਅੰਦਰ ਹੱਲ ਹੀ ਗਿਆ। ਉਨ੍ਹਾਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਲੋਕਾਂ ਨੂੰ ਖੁਆਰੀ ਤੋਂ ਬਚਾਉਣਾ ਮੁੱਖ ਮਕਸਦ: ਐੱਮ ਪੀ ਮੀਤ ਹੇਅਰ
ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿਛਲੇ ਢਾਈ ਸਾਲਾਂ ਵਿੱਚ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਉਪਰਾਲਾ ਵੀ ਉਨ੍ਹਾਂ ਵਿਚੋਂ ਇਕ ਹੈ, ਤਾਂ ਜੋ ਜੇਕਰ ਕਿਸੇ ਵਿਭਾਗ ਵਿਚ ਕਿਸੇ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ ਉਹ ਜ਼ਿਲ੍ਹਾ ਪੱਧਰ ਤੋਂ ਹੀ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਕਰ ਸਕੇ। ਉਸ ਨੂੰ ਚੰਡੀਗੜ੍ਹ ਦੇ ਗੇੜੇ ਨਾ ਮਾਰਨੇ ਪੈਣ ਅਤੇ ਖਵਾਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਸਹਾਇਤਾ ਕੇਂਦਰ ਤੱਕ ਪਹੁੰਚ ਕਰ ਰਹੇ ਹਨ ਅਤੇ ਉਨ੍ਹਾਂ ਦੇ ਮਸਲੇ ਵੀ ਤੇਜ਼ੀ ਨਾਲ ਹੱਲ ਹੋ ਰਹੇ ਹਨ।