ਬਰਨਾਲਾ ਕੋਰਟ ਦੇ ਤਤਕਾਲੀ ਜੱਜ ਨੇ ਇਨਕਮ ਟੈਕਸ ਦੀ ਰੇਡ ਸਮੇਂ ਵੀ ਨਿਭਾਈ ਸੀ ਅਹਿਮ ਭੂਮਿਕਾ …
ਹਰਿੰਦਰ ਨਿੱਕਾ, ਬਰਨਾਲਾ 2 ਜਨਵਰੀ 2025
ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਪੰਜਾਬ ਦੇ ਬਹੁਤੇ ਜਿਲ੍ਹਿਆਂ ‘ਚ ਕਥਿਤ ਤੌਰ ਤੇ ਡਰੱਗ ਰੈਕਟ ਚਲਾ ਰਹੇ ਡਾਕਟਰ ਅਮਿਤ ਬਾਂਸਲ ਦੇ ਪੰਜਾਬ ਵਿਜੀਲੈਂਸ ਬਿਊਰੋ ਦੇ ਸ਼ਿਕੰਜੇ ‘ਚ ਆਉਣ ਦੀ ਭਿਣਕ ਲੱਗਦਿਆਂ ਹੀ ਉਨਾਂ ਵੱਲੋਂ ਬਰਨਾਲਾ ਦੇ 22 ਏਕੜ ਖੇਤਰ ‘ਚ ਸਥਿਤ ਚਲਾਏ ਜਾ ਰਹੇ, ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਦੇ ਭਰੋੋਸੇਮੰਦ ਸਟਾਫ ਦੀ ਮੱਦਦ ਨਾਲ ਉਸ ਦੇ ਕਰੀਬੀਆਂ ਵੱਲੋਂ ਕਾਫੀ ਸਾਰਾ ਰਿਕਾਰਡ ਰਾਤ ਦੇ ਹਨ੍ਹੇਰੇ ਵਿੱਚ ਸਬੂਤ ਖੁਰਦ ਬੁਰਦ ਕਰਨ ਦੀ ਮੰਸ਼ਾ ਨਾਲ ਅੱਗ ਲਾ ਕੇ ਸਾੜ ਦਿੱਤਾ ਗਿਆ। ਬੇਨਿਯਮੀਆਂ ਨੂੰ ਜਾਹਿਰ ਕਰਦਾ ਰਿਕਾਰਡ ਅੱਗ ਦੀ ਭੇਂਟ ਚੜਾਉਣ ਦੀ ਕਾਰਵਾਈ ਬੇਸ਼ੱਕ ਇੱਨ੍ਹੀ ਗੁਪਤ ਢੰਗ ਨਾਲ ਨੇਪਰੇ ਚਾੜ੍ਹੀ ਗਈ ਕਿ ਇਸ ਦੀ ਕਿਸੇ ਨੂੰ ਭਿਣਕ ਵੀ ਨਾ ਪੈ ਸਕੇ। ਪਰੰਤੂ ” ਬਰਨਾਲਾ ਟੂਡੇ ” ਦੀ ਟੀਮ ਨੇ, ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਦੇ ਨਜ਼ਦੀਕ, ਉਹ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ,ਸਾੜੇ ਹੋਏ ਰਿਕਾਰਡ ਦੀ ਰਾਖ ਨੂੰ ਕੈਮਰੇ ਵਿੱਚ ਕੈਦ ਕਰ ਹੀ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ 31 ਦਿਸੰਬਰ 2024 ਨੂੰ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਥਾਣੇ ਵਿੱਚ ਡਾਕਟਰ ਅਮਿਤ ਬਾਂਸਲ ਆਦਿ ਦੇ ਖਿਲਾਫ ਅਧੀਨ ਜੁਰਮ 7/7-A ਭ੍ਰਿਸ਼ਟਾਚਾਰ ਰੋਕੂ ਐਕਟ ਅਤੇ 120 B IPC ਦੇ ਤਹਿਤ ਐਫਆਈਆਰ ਨੰਬਰ 12 ਦਰਜ ਕਰਕੇ,ਉਸ ਨੂੰ ਗਿਰਫਤਾਰ ਕਰ ਲਿਆ ਤਾਂ ਇਸ ਦੀ ਭਿਣਕ ਉਨਾਂ ਦੇ ਹਿਡਨ ਪਾਰਟਨਰਾਂ ਅਤੇ ਉਸ ਦੇ ਕਰੀਬੀਆਂ ਨੂੰ ਵੀ ਲੱਗ ਗਈ। ਇਹ ਪਤਾ ਲੱਗਦਿਆਂ ਹੀ, ਉਸ ਦਾ ਪੂਰਾ ਨੈਟਵਰਕ, ਡਾਕਟਰ ਅਮਿਤ ਦੇ ਸਭ ਤੋਂ ਮੁੱਢਲੇ ਨਸ਼ਾ ਛੁਡਾਊ ਕੇਂਦਰ, ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਵਿੱਚ ਪਿਆ ਰਿਕਾਰਡ ਖੁਰਦ ਬੁਰਦ ਕਰਨ ਦੀ ਰਣਨੀਤੀ ਤਿਆਰ ਕਰ ਲਈ। ਇਹ ਰਿਕਾਰਡ ਸਾੜਨ ਲਈ, ਉਨ੍ਹਾਂ ਸੰਗੀਤ ਸਦਨ ਅਤੇ ਐਲਆਈਸੀ ਦਫਤਰ ਦੀਆਂ ਕੰਧਾਂ ਨਾਲ ਲੱਗਦੀ ਕਰੀਬ 5/6 ਫੁੱਟ ਚੌੜੀ ਗਲੀ ਨੂੰ ਚੁਣਿਆ। ਇਹ ਗਲੀ ਸੰਗੀਤ ਸਦਨ ਵਾਲੇ ਪਾਸੇ ਲੱਗਦੀ ਸੜਕ ਤੇ ਪਹਿਲਾਂ ਹੀ ਇੱਟਾਂ ਨਾਲ ਬੰਦ ਕੀਤੀ ਹੋਈ ਹੈ। ਸਿਰਫ ਇਸ ਗਲੀ ਦੇ ਸਾਹਮਣੇ ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਦਾ ਪਿੱਛੇ ਇਕੱਲਾ ਗੇਟ ਹੀ ਲੱਗਿਆ ਹੋਇਆ ਹੈ। ਉਕਤ ਗਲੀ ਬੰਦ ਕਰਨ ਲਈ ਕੱਢੀ, ਆਰਜੀ ਕੰਧ ਦੇ ਬਿਲਕੁਲ ਨਜਦੀਕ ਹੀ ਕਾਫੀ ਸਾਰਾ ਰਿਕਾਰਡ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪਰੰਤੂ ਰਿਕਾਰਡ ਸਾੜਨ ਵਾਲੇ, ਰਾਖ ਨੂੰ ਕਿੱਧਰੇ ਛੁਪਾਉਣ ਤੋਂ ਖੁੰਝ ਗਏ।
ਕਾਫੀ ਚਰਚਾ ਵਿੱਚ ਰਹੀ ਸੀ, ਇਨਕਮ ਟੈਕਸ ਦੀ ਕੀਤੀ ਰੇਡ
ਵਰਨਣਯੋਗ ਹੈ ਕਿ ਅਮਿਤ ਸਕੈਨ ਸੈਂਟਰ ਤੇ ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਪਹਿਲੀ ਵਾਰ, ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਕਈ ਵਰ੍ਹੇ ਪਹਿਲਾਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਵੱਡੇ ਪੈਮਾਨੇ ਤੇ ਰੇਡ ਕੀਤੀ ਸੀ। ਪਤਾ ਇਹ ਵੀ ਚੱਲਿਆ ਹੈ ਕਿ ੳਦੋਂ ਡਾਕਟਰ ਅਮਿਤ ਬਾਂਸਲ ਦਾ ਕਰੀਬੀ ਦੋਸਤ ਅਤੇ ਉਸ ਦਾ ਹਿਡਨ ਪਾਰਟਨਰ ਬਰਨਾਲਾ ਅਦਾਲਤ ਵਿੱਚ ਬਤੌਰ ਜੱਜ ਤਾਇਨਾਤ ਸੀ, ਉਦੋਂ ਉਸ ਨੇ ਮੌਕੇ ਤੇ ਪਹੁੰਚ ਕੇ, ਆਪਣੇ ਰੁਤਬੇ ਦਾ ਇਸਤੇਮਾਲ ਕਰਕੇ, ਮਾਮਲਾ ਸ਼ਾਂਤ ਕਰਵਾਇਆ ਸੀ, ਉਦੋਂ ਹੀ ਡਾਕਟਰ ਅਮਿਤ ਨੂੰ ਕਰੋੜਾਂ ਰੁਪਏ ਨੂੰ ਸਫੈਦ ਕਰਨ ਦਾ ਮੌਕਾ ਮਿਲਿਆ ਸੀ।
ਹੁਣ ਵੀ ਡਾਕਟਰ ਅਮਿਤ ਦੇ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਆਉਣ ਤੋਂ ਬਾਅਦ ਮਾਲਵਾ ਖੇਤਰ ਦੀ ਹੀ ਇੱਕ ਜਿਲ੍ਹਾ ਅਦਾਲਤ ਵਿੱਚ ਬਤੌਰ ਐਡੀਸ਼ਨਲ ਸ਼ੈਂਸ਼ਨ ਜੱਜ ਸੇਵਾ ਨਿਭਾ ਰਹੇ ਜੱਜ ਸਹਿਬਾਨ ਦੀਆਂ ਧੜਕਣਾਂ ਤੇਜ ਹੋ ਗਈਆਂ ਹਨ। ਉਹ ਆਪਣੇ ਕਰੀਬੀਆਂ ਰਾਹੀਂ ਦਿਨ ਭਰ ਇਹ ਭਿਣਕ ਲਾਉਣ ਦਾ ਯਤਨ ਕਰਦੇ ਰਹੇ ਕਿ ਜਦੋਂ ਉਸ ਦੀ ਸਿੱਧੀ ਹਿੱਸੇਦਾਰੀ ਕਿਸੇ ਕਾਂਗਜਾਂ ਵਿੱਚ ਸ਼ੋਅਨਹੀਂ ਕਰਦੀ ਤਾਂ ਕੀ ਫਿਰ ਵੀ ਵਿਜੀਲੈਂਸ ਦਾ ਕਾਨੂੰਨੀ ਪੰਜਾ ਉਨ੍ਹਾਂ ਤੱਕ ਪਹੁੰਚ ਸਕਦਾ ਹੈ ਜਾਂ ਨਹੀਂ। ਬੇਸ਼ੱਕ ਹਰ ਵਾਰ, ਅਪਰਾਧਿਕ ਕੇਸਾਂ ਵਿੱਚੋਂ ਦਾਅ ਪੇਚ ਨਾਲ ਬਚ ਕੇ, ਨਿਕਲਣ ਵਿੱਚ ਸਫਲ ਹੁੰਦੇ ਰਹੇ ਡਾਕਟਰ ਅਮਿਤ ਨੂੰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਹੱਥ ਪਾ ਲਿਆ ਹੈ। ਪਰੰਤੂ ਡਾਕਟਰ ਅਮਿਤ ਦੇ ਫੈਲੇ ਸਾਮਰਾਜ ‘ਚ ਸ਼ਾਮਿਲ ਉਸ ਦੀ ਬਿਊਰੋਕ੍ਰੇਸੀ, ਜੁਡੀਸ਼ਿਅਲੀ ਅਤੇ ਰਾਜਸੀ ਲੀਡਰਾਂ ਦੀ ਜੁੰਡਲੀ ਤੋਂ ਵਾਕਿਫ ਲੋਕ ਸਮਝਦੇ ਹਨ ਕਿ ਹੁਣ ਵੀ, ਉਸ ਦੀ ਜੁੰਡਲੀ, ਆਪਣੇ ਭੇਦ ਖੁੱਲ੍ਹਣ ਦੇ ਡਰੋਂ,ਉਸ ਨੂੰ ਵਿਜੀਲੈਂਸ ਦੇ ਸ਼ਿਕੰਜੇ ਵਿੱਚੋਂ ਬਾਹਰ ਕਢਵਾਉਣ ਲਈ ਪੂਰਾ ਟਿੱਲ ਲਗਾ ਦੇਵੇਗੀ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੂਗਾ ਕਿ ਡਾਕਟਰ ਅਮਿਤ ਦੇ ਅੱਗੇ ਵਿਜੀਲੈਂਸ ਬਿਊਰੋ ਬੇਵੱਸ ਹੋ ਜਾਵੇਗੀ ਜਾਂ ਫਿਰ ਡਾਕਟਰ ਅਮਿਤ ਦੀਆਂ ਫਿਰ ਪੌਂ ਬਾਰਾਂ ਹੋ ਜਾਣਗੀਆਂ।
ਪਸਰਿਆ ਸਨਾਟਾ, ਤੇ ਸਟਾਫ ‘ਚ ਖੌਫ..
ਵਿਜੀਲੈਂਸ ਦੇ ਅੜਿੱਕੇ ਆਏ ਡਾਕਟਰ ਅਮਿਤ ਦੇ ਸਭ ਤੋਂ ਪਹਿਲੇ ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਅੰਦਰ ਅੱਜ ਸਨਾਟਾ ਪਸਰਿਆ ਰਿਹਾ ਅਤੇ ਸੈਂਟਰ ਦੇ ਬਾਹਰ ਵੀ ਕੋਈ ਚਹਿਲ ਪਹਿਲ ਵੇਖਣ ਨੂੰ ਨਹੀਂ ਮਿਲੀ,ਜਦੋਂਕਿ ਅਕਸਰ ਹਰ ਦਿਨ ਹੀ ਸੈਂਟਰ ਵਿੱਚ ਕਥਿਤ ਤੌਰ ਤੇ ਨਸ਼ਾ ਛੱਡਣ ਦੀ ਦਵਾਈ ਲੈਣ ਆਉਣ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ। ਸੈਂਟਰ ‘ਚ ਡਿਊਟੀ ਕਰਦੇ ਸਟਾਫ ਦੇ ਚਿਹਰਿਆਂ ਤੇ ਵੀ ਖੌਫ ਸਾਫ ਦਿਖਾਈ ਦੇ ਰਿਹਾ ਸੀ। ਗੇਟ ਤੇ ਖੜ੍ਹੇ ਸੁਰੱਖਿਆ ਗਾਰਡ ਦੀ ਹਰਕਤ ਵੀ ਆਮ ਦਿਨਾਂ ਨਾਲੋ ਕਾਫੀ ਮੱਠੀ ਪਈ ਰਹੀ।