ਹਰਿੰਦਰ ਨਿੱਕਾ, ਬਰਨਾਲਾ 4 ਜਨਵਰੀ 2025
ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦਾ ਮਖੌਟਾ ਪਾ ਕੇ, ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਕਈ ਵਰ੍ਹਿਆਂ ਤੋਂ ਨਸ਼ੀਲੀਆਂ ਗੋਲੀਆਂ ਦਾ ਕਥਿਤ ਸੌਦਾਗਰ ਬਣ ਕੇ ਸੂਬੇ ਦੇ ਨਕਸ਼ ਤੇ ਉੱਭਰਿਆ ਡਾਕਟਰ ਅਮਿਤ ਬਾਂਸਲ ਕੁੱਝ ਹੀ ਸਾਲਾਂ ਵਿੱਚ ਸਿਫਰ ਤੋਂ ਸ਼ਿਖਰ ਤੱਕ ਜਾ ਪਹੁੰਚਿਆਂ। ਬਰਨਾਲਾ ਸ਼ਹਿਰ ਦੇ ਕਿਲਾ ਮੁਹੱਲੇ ਦੀ ਅਧਿਆਪਕ ਦੰਪਤੀ ਦੇ ਘਰ ਪੈਦਾ ਹੋ ਕੇ, ਉੱਥੋਂ ਦੀਆਂ ਤੰਗ ਗਲੀਆਂ ਵਿੱਚ ਖੇਡ ਕੇ ਵੱਡਾ ਹੋਇਆ ਰੇਡਿਊਲੋਜਿਟ ਡਾਕਟਰ ਅਮਿਤ ਬਾਂਸਲ , ਆਖਿਰ ਏਨਾਂ ਬੁਲੰਦੀਆਂ ਨੂੰ ਛੋਹ ਗਿਆ ਕਿ ਉਹ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਰਾਜਸੀ ਗਲਿਆਰਿਆਂ ਅਤੇ ਬਿਊਰੋਕ੍ਰਸੀ ਦੀਆਂ ਅੱਖਾਂ ਦਾ ਤਾਰਾ ਬਣ ਗਿਆ।
ਹਾਲੇ ਕੁੱਝ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਡਾਕਟਰ ਅਮਿਤ ਨੇ ਅਨਾਜ ਮੰਡੀ ਰੋਡ ਬਰਨਾਲਾ ਦੀ ਛੋਟੀ ਜਿਹੀ ਦੁਕਾਨ ਵਿੱਚ ਬੈਂਕ ਤੋਂ ਲੋਨ ਲੈ ਕੇ ਅਮਿਤ ਸਕੈਨ ਸੈਂਟਰ ਖੋਲ੍ਹਿਆ ਸੀ। ਉਸ ਦੇ ਸਰਕਲ ਦੇ ਡਾਕਟਰ ਦੱਸਦੇ ਹਨ ਕਿ ਉਹ ਉਸ ਦੇ ਸਕੈਨ ਸੈਂਟਰ ‘ਚ ਮਰੀਜਾਂ ਨੂੰ ਟੈਸਟ ਕਰਵਾਉਣ ਨੂੰ ਰਿਕਮੈਂਡ ਕਰਨ ਲਈ,ਉਹ ਹਰ ਤਰਾਂ ਦੇ ਪਾਪੜ ਵੇਲਦਾ ਰਿਹਾ, ਜਿਹੜੇ ਕਿਸੇ ਵੀ ਰੇਡਿਊਲੋਜਿਟ ਨੂੰ ਆਪਣਾ ਸਕੈਨ ਸੈਂਟਰ ਚਲਾਉਣ ਲਈ ਅਕਸਰ ਹੀ ਵੇਲਣੇ ਪੈਂਦੇ ਹਨ। ਕਈ ਸਾਲਾਂ ਤੱਕ ਉਸ ਦੀ ਪਹਿਚਾਣ ਅਮਿਤ ਸਕੈਨ ਸੈਂਟਰ ਵਾਲੇ ਦੇ ਤੌਰ ਤੇ ਹੀ ਬਣੀ ਰਹੀ। ਹੌਲੀ ਹੌਲੀ, ਉਸ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਉਸ ਨੇ ਸ਼ਹਿਰ ਦੇ ਪੌਸ਼ ਇਲਾਕੇ 22 ਏਕੜ ਖੇਤਰ ਦੀ ਮਾਰਕਿਟ ਵਿੱਚ ਵੱਡਾ ਸਕੈਨ ਸੈਂਟਰ ਖੋਲ੍ਹ ਲਿਆ। ਉੱਥੋਂ ਹੀ ਉਸ ਦੀਆਂ ਨਜ਼ਦੀਕੀਆਂ ਇੱਕ ਮਹਿਲਾ ਮਨੋਰੋਗ ਮਾਹਿਰ ਡਾਕਟਰ ਨਾਲ ਬਣ ਗਈਆਂ। ਜਿਸ ਦਾ ਉਸੇ ਮਾਰਕਿਟ ਵਿੱਚ ਆਪਣਾ ਮਨੋਰੋਗ ਇਲਾਜ ਹਸਪਤਾਲ ਚੱਲ ਰਿਹਾ ਸੀ। ਦੋਵੇਂ ਇੱਨ੍ਹਾਂ ਨੇੜੇ ਹੋ ਗਏ ਕਿ ਉਹ ਵਿਅਹੁਤਾ ਜੀਵਨ ਦੇ ਪਾਂਧੀ ਬਣ ਗਏ। ਫਿਰ ਤਾਂ ਚੱਲ ਸੋ ਚੱਲ ਦੋਵਾਂ ਨੇ ਮਿਲ ਕੇ, ਉਸ ਮਾਰਕਿਟ ਦੇ ਸਾਹਮਣੇ ਐਲਆਈਸੀ ਦਫਤਰ ਦੇ ਨਾਲ ਲੱਗਦੀ ਕੋਠੀ ਖਰੀਦ ਕੇ, ਬਰਨਾਲਾ ਮਨੋਰੋਗ ਅਤੇ ਨਸ਼ਾ ਛੁਡਾਊ ਕੇਂਦਰ ਖੋਲ੍ਹ ਲਿਆ। ਇਹ ਨਸ਼ਾ ਛੁਡਾਊ ਕੇਂਦਰ ਚਲਾਉਂਦਿਆਂ ਡਾਕਟਰ ਅਮਿਤ ਦੇ ਹੱਥ ਅਜਿਹੀ ਗਿੱਦੜ ਸਿੰਙੀ ਆਈ ਕਿ ਉਸ ਨੇ ਸਕੈਨ ਸੈਂਟਰ ਬੰਦ ਕਰਕੇ,ਆਪਣਾ ਪੂਰਾ ਧਿਆਨ ਨਸ਼ਾ ਛੁਡਾਊ ਕੇਂਦਰਾਂ ਵੱਲ ਹੀ ਸੇਧਿਤ ਕਰ ਦਿੱਤਾ। ਇਨ੍ਹਾਂ ਦਿਨਾਂ ਵਿੱਚ ਹੀ ਡਾਕਟਰ ਅਮਿਤ ਦੇ ਕਰੀਬੀ ਰਿਸ਼ਤੇਦਾਰ ਡਾਕਟਰ ਨੇ ਉਸ ਦੀ ਜਾਣ ਪਹਿਚਾਣ ਬਰਨਾਲਾ ਅਦਾਲਤ ਦੇ ਇੱਕ ਜੱਜ ਨਾਲ ਕਰਵਾ ਦਿੱਤੀ।
ਇਹ ਜਾਣ ਤੋਂ ਪਹਿਚਾਣ ਤੋਂ ਕਾਰੋਬਾਰੀ ਸਾਂਝ ਵਿੱਚ ਬਦਲੀ ਡਾਕਟਰ ਤੇ ਜੱਜ ਸਾਬ੍ਹ ਦੀ ਸਲਾਮੀ ਜੋੜੀ ਨੇ ਨਸ਼ਾ ਛੁਡਾਊ ਕੇਂਦਰਾਂ ਦੀ ਇੱਕ ਅਜਿਹੀ ਚੈਨ ਸ਼ੁਰੂ ਕੀਤੀ ਕਿ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਤੀਜਾ,ਚੌਥਾ ,ਪੰਜਵਾਂ ਹੁੰਦੇ ਹੋਏ, ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ 22 ਨਸ਼ਾ ਛੁਡਾਊ ਕੇਂਦਰ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਖੋਲ੍ਹ ਕੇ, ਨਸ਼ਿਆਂ ਦੀ ਗ੍ਰਿਫਤ ‘ਚ ਗ੍ਰੱਸੇ ਨਸ਼ੇੜੀਆਂ ਨੂੰ ਉਨ੍ਹਾਂ ਆਪਣੇ ਕਲਾਵੇ ਵਿੱਚ ਲੈ ਲਿਆ। ਡਾਕਟਰ ਅਮਿਤ ਬਾਂਸਲ ਦੀ ਟੀਮ ਵਿੱਚ ਸ਼ਾਮਿਲ ਹੋ ਕੇ ਬਰਨਾਲਾ ਦਾ ਇੱਕ ਕੰਪਿਊਟਰ ਸੈਂਟਰ ਸੰਚਾਲਕ ਵੀ ਲੱਕੜ ਸੰਗ ਲੋਹੇ ਵਾਂਗ ਤਰ ਗਿਆ। ਉਹ ਵੀ ਹੁਣ ਪੱਥਰਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦਾ ਹੀ ਹੋ ਕੇ ਰਹਿ ਗਿਆ ਤੇ ਲਗਜ਼ਰੀ ਗੱਡੀਆਂ ‘ ਚ ਘੁੰਮ ਕੇ ਜਿੰਦਗੀ ਦੇ ਮਜ਼ੇ ਲੁੱਟ ਰਿਹਾ ਹੈ।
ਅੰਬਰੀ ਉੱਡਦੇ ਡਾਕਟਰ ਨੂੰ ਪਿਆ ਵਿਜੀਲੈਂਸ ਦਾ ਬਾਜ਼…!
ਡਾਕਟਰ ਅਮਿਤ ਬਾਂਸਲ ਦੀ ਚੈਨ ‘ਚ ਸ਼ਾਮਿਲ ਲੁਧਿਆਣਾ ਦੇ ਸਿਮਰਨ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ, ਦੇ ਦੋ ਮੁਲਾਜਮਾਂ ਵਿੰਦਤ ਤੇ ਕਮਲਜੀਤ ਸਿੰਘ ਨੂੰ ਐਸਟੀਐਫ ਦੀ ਟੀਮ ਨੇ ਅਕਤੂਬਰ 2022 ਨੂੰ ਦਬੋਚ ਲਿਆ। ਉਨ੍ਹਾਂ ਮੁਲਜਮਾਂ ਦੇ ਇਕਬਾਲੀਆ ਬਿਆਨ ਦੇ ਅਧਾਰ ਤੇ 23 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 90 ਹਜ਼ਾਰ ਡਰੱਗ ਮਨੀ ਬਰਾਮਦ ਹੋਈ ਸੀ। ਇਸੇ ਤਰਾਂ ਜਲੰਧਰ ਜਿਲ੍ਹੇ ਦੇ ਸਹਿਜ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਨਕੋਦਰ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ 8 ਜੂਨ 2024 ਨੂੰ ਕੇਸ ਦਰਜ ਹੋਇਆ। ਪੜਤਾਲ ਦੌਰਾਨ ਇਸ ਕੇਂਦਰ ਚੋਂ ਰਿਕਾਰਡ ਵਿੱਚ 44 ਹਜ਼ਾਰ ਨਸ਼ੀਲੀਆਂ ਗੋਲੀਆਂ ਦੀ ਕਮੀ ਪਾਈ ਗਈ। ਫਿਰ ਪਅਿਆਲਾ ਜਿਲ੍ਹੇ ਦੇ ਆਦਰਸ਼ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਦੇ ਮੁਲਾਜਮਾਂ ਖਿਲਾਫ 11 ਨਵੰਬਰ 2024 ਨੂੰ ਥਾਣਾ ਅਨਾਜ ਮੰਡੀ ਵਿੱਚ ਕੇਸ ਰਜਿਸਟਰ ਹੋਇਆ। ਪਰੰਤੂ ਉੱਚ ਪਹੁੰਚ ਕਾਰਣ, ਕਿਸੇ ਨੇ ਵੀ ਡਾਕਟਰ ਅਮਿਤ ਨੂੰ ਹੱਥ ਨਾ ਪਾਇਆ। ਆਖਿਰ 31 ਦਸੰਬਰ 2024 ਨੂੰ ਸਾਲ ਦੇ ਅੰਤਿਮ ਦਿਨ, ਵਿਜੀਲੈਂਸ ਦੇ ਫਲਾਇੰਗ ਸੁਕੈਅਡ ਦੀ ਟੀਮ ਵੱਲੋਂ ਡਾਕਟਰ ਅਮਿਤ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7/7 ਏ ਅਤੇ 120 ਬੀ ਆਈਪੀਸੀ ਤਹਿਤ ਕੇਸ ਦਰਜ ਕਰਕੇ,ਉਸ ਨੂੰ ਗਿਰਫਤਾਰ ਵੀ ਕਰ ਲਿਆ ਗਿਆ । ਡਾਕਟਰ ਅਮਿਤ ਦੀ ਗਿਰਫਤਾਰੀ ਨੇ ਉਸ ਦੀ ਪੁਸ਼ਤਪਨਾਹੀ ਕਰਨ ਵਾਲੇ ਅਧਿਕਾਰੀਆਂ ਤੇ ਰਾਜਸੀ ਲੀਡਰਾਂ ਦੀਆਂ ਧੜਕਣਾਂ ਵੀ ਤੇਜ ਕਰ ਦਿੱਤੀਆਂ ਹਨ। ਬੇਸ਼ੱਕ ਇਸ ਕੇਸ ਵਿੱਚ ਲੁਧਿਆਣਾ ਦੀ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦਾ ਨਾਮ ਵੀ ਸ਼ਾਮਿਲ ਹੈ। ਪਰੰਤੂ 120 ਬੀ ਧਾਰਾ ਤਹਿਤ ਹੋਰ ਕਿਹੜੇ-ਕਿਹੜੇ ਦੋਸ਼ੀ ਨਾਮਜ਼ਦ ਹੋਣੇ ਹਨ ਜਾਂ ਕਰ ਦਿੱਤੇ ਗਏ ਹਨ, ਇਹ ਤਾਂ ਐਫਆਈਆਰ ਨੰਬਰ 12 ਥਾਣਾ ਵਿਜੀਲੈਂਸ ਮੋਹਾਲੀ ਦੇ ਦਰਜ ਹੋਣ ਤੋਂ 5 ਦਿਨ ਬਾਅਦ ਵੀ ਹਾਲੇ ਤੱਕ ਬੁਝਾਰਤ ਹੀ ਬਣੇ ਹੋਏ ਹਨ।