2 ਔਰਤਾਂ ਸਣੇ, ਪੁਲਿਸ ਦੀ ਗ੍ਰਿਫਤ ਵਿੱਚ ਆਏ 6 ਜਣੇ …
ਹਰਿੰਦਰ ਨਿੱਕਾ, ਬਠਿੰਡਾ 31 ਦਸੰਬਰ 2024
ਬਠਿੰਡਾ ਪੁਲਿਸ ਨੇ ਹਨੀਟ੍ਰੈਪ ਵਿੱਚ ਲੋਕਾਂ ਨੂੰ ਫਸਾ ਕੇ,ਬਲੈਕਮੇਲ ਕਰਨ ਵਾਲੇ ਇੱਕ 6 ਮੈਂਬਰੀ ਗਿਰੋਹ ਦਾ ਪਰਦਾਫਾਸ ਕੀਤਾ ਹੈ। ਗਿਰੋਹ ਦਾ ਹਾਲੀਆ ਤਾਜ਼ਾ ਸ਼ਿਕਾਰ ਬੀਐਸਐਫ ਦਾ ਇੱਕ ਰਿਟਾਇਰਡ ਜਵਾਨ ਬਣਿਆ ਸੀ। ਪੁਲਿਸ ਨੇ ਗਿਰੋਹ ‘ਚ ਸ਼ਾਮਿਲ 2 ਸ਼ਿਕਾਰੀ ਔਰਤਾਂ ਸਣੇ 6 ਮੈਂਬਰਾਂ ਨੂੰ ਗਿਰਫਤਾਰ ਵੀ ਕਰ ਲਿਆ ਹੈ। ਇੱਨਾਂ 6 ਜਣਿਆਂ ਦੀ ਗਿਰਫਤਾਰੀ ਦੋ ਵੱਖ ਵੱਖ ਥਾਣਿਆਂ ਥਾਣਾ ਥਰਮਲ ਅਤੇ ਥਾਣਾ ਕੋਤਵਾਲੀ ਵਿੱਚ ਕ੍ਰਮਾਨੁਸਾਰ 2 ਅਤੇ 4 ਦੋਸ਼ੀਆਂ ਦੇ ਤੌਰ ਤੇ ਹੋਈ ਹੈ। ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਦੋਵੇਂ ਔਰਤਾਂ ਦੇ ਨਾਲ ਬਲੈਕਮੇਲਿੰਗ ਗਿਰੋਹ ਵਿੱਚ ਉਨਾਂ ਦੇ ਪਤੀ ਵੀ ਸ਼ਾਮਿਲ ਹਨ। ਪੁਲਿਸ ਨੂੰ ਮਿਲੀ ਸ਼ਕਾਇਤ ਅਨੁਸਾਰ ਗਿਰੋਹ ‘ਚ ਸ਼ਾਮਿਲ ਔਰਤਾਂ ਜਸਪ੍ਰੀਤ ਕੌਰ ਅਤੇ ਰੀਨਾ ਨੇ ਦੋ ਦਿਨ ਪਹਿਲਾਂ ਬੀਐਸਐਫ ਦੇ ਇੱਕ ਰਿਟਾਇਰਡ ਜਵਾਨ ਨੂੰ ਹਨੀਟ੍ਰੈਪ ਵਿੱਚ ਫਸਾ ਕੇ,ਆਪਣੇ ਹੋਰ ਮੈਂਬਰਾਂ ਦੇ ਜਰੀਏ ਉਸ ਦੀ ਨਗਨ ਵੀਡੀਓ ਬਣਾਈ ਤੇ ਉਸ ਨੂੰ ਬਲੈਕਮੇਲ ਕਰਕੇ ਉਸ ਤੋਂ 90 ਹਜ਼ਾਰ ਰੁਪਏ ਠੱਗ ਲਏ।
ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਬੀਐਸਐਫ ਦੇ ਰਿਟਾਇਰਡ ਜਵਾਨ ਗੌਰਖਾ ਰਾਮ ਵਾਸੀ ਪਿੰਡ ਜਾਇਡ ਜ਼ਿਲਾ ਬਾੜਮੇਰ ਨੇ ਦੱਸਿਆ ਕਿ ਜਸਪ੍ਰੀਤ ਕੌਰ ਵਾਸੀ ਰਾਮਪੁਰਾ ਫੂਲ ਅਤੇ ਰੀਨਾ ਕੌਰ ਵਾਸੀ ਤਲਵੰਡੀ ਸਾਬੋ ਨੇ ਉਸ ਨਾਲ ਸੰਪਰਕ ਕੀਤਾ ਅਤੇ ਐੱਸ. ਉਸ ਨੂੰ ਆਪਣੇ ਪ੍ਰੇਮ ਜਾਲ ‘ਚ ਫਸਾ ਕੇ ਬਠਿੰਡਾ ਬੁਲਾ ਲਿਆ।
ਫਿਰ ਉਸ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਉਸ ਦੀ ਨਗਨ ਵੀਡੀਓ ਬਣਾਈ ਗਈ, ਇਸ ਸਾਰੇ ਘਟਨਾਕ੍ਰਮ ਦੌਰਾਨ ਜਸਪ੍ਰੀਤ ਕੌਰ ਦਾ ਪਤੀ ਹਰਸਿਤ ਕੁਮਾਰ ਵਾਸੀ ਰਾਮਪੁਰਾ ਫੂਲ, ਰੀਨਾ ਕੌਰ ਦਾ ਪਤੀ ਨਵਦੀਪ ਸਿੰਘ ਵਾਸੀ ਤਲਵੰਡੀ ਸਾਬੋ, ਗਿਰੋਹ ਮੈਂਬਰ ਦਿਲਬਾਗ ਸਿੰਘ ਵਾਸੀ ਕੋਟਈਸੇ ਖਾਂ ਬਠਿੰਡਾ ਅਤੇ ਸੰਜੀਵ ਕੁਮਾਰ ਵਾਸੀ ਬੇਗੂ ਜਿਲਾ ਸਿਰਸਾ ਹਰਿਆਣਾ ਵੀ ਸ਼ਾਮਿਲ ਰਹੇ। ਗੋਰਖਾ ਰਾਮ ਦੀ ਨਗਨ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ 60 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ।
ਜਦੋਂ ਉਸ ਨੇ ਕਿਹਾ ਕਿ ਉਸ ਕੋਲ ਨਕਦੀ ਨਹੀਂ ਹੈ ਤਾਂ ਉਨ੍ਹਾਂ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਅਤੇ ਉਸ ਖਿਲਾਫ ਪੁਲਿਸ ਕੋਲ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਆਖਿਰ ਬਦਨਾਮੀ ਦੇ ਡਰੋਂ ਉਸ ਨੇ,ਦੋਸ਼ੀਆਂ ਨੂੰ ਆਪਣਾ ਏਟੀਐਮ ਕਾਰਡ ਦੇ ਦਿੱਤਾ। ਜਿਸ ਵਿੱਚੋਂ ਦੋਸ਼ੀਆਂ ਨੇ 90 ਹਜ਼ਾਰ ਰੁਪਏ ਕਢਵਾ ਲਏ। ਬਲੈਕਮੇਲਿੰਗ ਇੱਥੇ ਹੀ ਬੰਦ ਨਹੀਂ ਹੋਈ। ਦੋਸ਼ੀਆਂ ਨੇ ਗੋਰਖਾ ਰਾਮ ਤੋਂ ਹੋਰ ਪੈਸਿਆਂ ਦੀ ਮੰਗ ਵੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਗੌਰਖਾ ਰਾਮ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਕੋਤਵਾਲੀ ਨੂੰ ਦਿੱਤੀ। ਪੁਲੀਸ ਨੇ ਸ਼ਕਾਇਤ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਜਸਪ੍ਰੀਤ ਕੌਰ, ਰੀਨਾ ਕੌਰ, ਹਰਸਿਤ ਕੁਮਾਰ, ਨਵਦੀਪ ਸਿੰਘ, ਦਿਲਬਾਗ ਸਿੰਘ ਅਤੇ ਸੰਜੀਵ ਕੁਮਾਰ ਦੇ ਖਿਲਾਫ ਅਧੀਨ ਜੁਰਮ 308 (2), 61 (2), 351 (2) ਬੀਐਨਐਸ ਤਹਿਤ ਕੇਸ ਦਰਜ ਕਰਕੇ, ਰੀਨਾ ਕੌਰ, ਹਰਸ਼ਿਤ ਕੁਮਾਰ, ਨਵਦੀਪ ਸਿੰਘ ਅਤੇ ਦਿਲਬਾਗ ਸਿੰਘ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਵੀ ਕਰ ਲਿਆ ਹੈ। ਜਦੋਂਕਿ ਥਾਣਾ ਥਰਮਲ ਦੀ ਪੁਲੀਸ ਨੇ ਅਸਲਾ ਐਕਟ ਦੇ ਜ਼ੁਰਮ ਵਿੱਚ ਜਸਪ੍ਰੀਤ ਕੌਰ ਅਤੇ ਸੰਜੀਵ ਕੁਮਾਰ ਨੂੰ 29 ਦਸੰਬਰ ਨੂੰ ਹੀ ਗਿਰਫਤਾਰ ਕਰ ਲਿਆ ਸੀ। ਹੁਣ ਥਾਣਾ ਕੋਤਵਾਲੀ ਦੇ ਪੁਲਿਸ ਨੇ ਇੱਨਾਂ ਦੋਵਾਂ ਦੋਸ਼ੀਆਂ ਨੂੰ ਵੀ ਬਲੈਕਮੇਲਿੰਗ ਦੇ ਕੇਸ ਵਿੱਚ ਵੀ ਗ੍ਰਿਫ਼ਤਾਰ ਕਰਨ ਲਈ ਅਦਾਲਤੀ ਚਾਰਜੋਈ ਸ਼ੁਰੂ ਕਰ ਦਿੱਤੀ ਹੈ।